Thursday, September 23, 2010

ਯੁਗੋਸਲਾਵ/ ਬੱਚੇ ਤੇ ਯੁੱਧ


 ਇਵਾਨ ਕੈਂਕਰ
ਹਰ ਰਾਤ ਸੌਣ ਤੋਂ ਪਹਿਲਾਂ ਉਸ ਘਰ ਦੇ ਚਾਰੋਂ ਬੱਚੇ ਗੱਪਸ਼ੱਪ ਕਰਦੇ ਸਨ। ਉਹ ਬਿਸਤਰੇ ਦੇ ਇੱਕ ਕਿਨਾਰੇ ਬੈਠ ਕੇ ਦਿਮਾਗ ਵਿਚ ਜੋ ਆਉਂਦਾ, ਉਸ ਬਾਰੇ ਗੱਲਾਂ ਕਰਦੇ। ਉਹਨਾਂ ਦੀਆਂ ਗੱਲਾਂ ਤੇ ਕਹਾਣੀਆਂ ਦਾ ਮੂੰਹ-ਸਿਰ ਕੁਝ ਵੀ ਨਹੀਂ ਹੁੰਦਾ ਸੀ, ਪਰ ਉਹ ਉਹਨਾਂ ਲਈ ਅਨੰਦਦਾਇਕ ਸਨ। ਪਰੰਤੂ ਉਸ ਦਿਨ ਉਹ ਆਪਣੇ ਪਿਤਾ ਬਾਰੇ ਚਿੰਤਤ ਸਨ। ਉਹਨਾਂ ਨੂੰ ਇਕ ਗੁਮਨਾਮ ਪੱਤਰ ਮਿਲਿਆ ਸੀ ਕਿ ਉਹਨਾਂ ਦੇ ਪਿਤਾ ਯੁੱਧ ਵਿਚ ਮਾਰੇ ਗਏ ਸਨ।
ਪਾਪਾ ਕਦੋਂ ਵਾਪਸ ਆਉਣਗੇ? ਚਾਰ ਸਾਲ ਦੇ ਮੁੰਡੇ ਨੇ ਪੁੱਛਿਆ।
ਦਸ ਸਾਲ ਦੇ ਮੁੰਡੇ ਨੇ ਗੁੱਸੇ ਨਾਲ ਉਸ ਵੱਲ ਦੇਖਿਆ, ਜਦੋਂ ਉਹ ਮਾਰੇ ਹੀ ਗਏ ਤਾਂ ਆਉਣਗੇ ਕਿਵੇਂ?
ਮੈਂ ਵੀ ਯੁੱਧ ਵਿਚ ਜਾ ਰਿਹਾ ਹਾਂ।ਅਚਾਣਕ ਸੱਤ ਸਾਲਾ ਮੁੰਡਾ ਬੋਲਿਆ।
ਤੂੰ ਅਜੇ ਬਹੁਤ ਛੋਟਾ ਐਂ
ਯੁੱਧ ਕੀ ਹੁੰਦਾ ਐ?ਪਹਿਲੀ ਵਾਰ ਪੰਜ ਸਾਲਾ ਮੁੰਡਾ ਬੋਲਿਆ।
ਯੁੱਧ ’ਚ ਲੋਕ ਇਕ-ਦੂਜੇ ਦੇ ਛੁਰਾ ਘੋਂਪਧੇ ਹਨ…ਤੇ ਇਕਦੂਜੇ ਨੂੰ ਬੰਦੂਕ ਨਾਲ ਭੁੰਨ ਦਿੰਦੇ ਹਨ। ਸਭ ਤੋਂ ਵੱਡੇ ਯਾਨੀ ਦਸ ਵਰ੍ਹਿਆਂ ਦੇ ਮੁੰਡੇ ਨੇ ਦੱਸਿਆ।
ਕਮਰੇ ਵਿਚ ਗਹਿਰੀ ਚੁੱਪ ਛਾ ਗਈ।
ਮੈਂ ਯੁੱਧ ’ਚ ਦੁਸ਼ਮਣ ਨੂੰ ਮਾਰਨ ਜਾ ਰਿਹੈਂ।ਸੱਤ ਸਾਲਾ ਮੁੰਡਾ ਬੋਲਿਆ।
ਦੁਸ਼ਮਣ ਕੌਣ ਹੁੰਦੈ?ਚਾਰ ਸਾਲਾ ਮੁੰਡੇ ਨੇ ਜਗਿਆਸਾ ਪ੍ਰਗਟਾਈ, ਕੀ ਉਹ ਬਹੁਤ ਨੁਕਸਾਨ ਕਰਦੈ?
ਬਿਲਕੁਲ! ਨਹੀਂ ਤਾਂ ਉਹ ਦੁਸ਼ਮਣ ਕਿਉਂ ਹੁੰਦਾ।
ਮੈਨੂੰ ਤਾਂ ਵਿਸ਼ਵਾਸ ਨਹੀਂ ਹੁੰਦਾ ਕਿ ਪਿਤਾ ਜੀ ਮਾਰੇ ਗਏ…ਉਹ ਤਾਂ ਸਾਡੇ ਵਰਗੇ ਹਨ।ਚਾਰ ਸਾਲਾ ਮੁੰਡਾ ਬੋਲਿਆ।
ਪਰ ਇਕ ਆਦਮੀ ਯੁੱਧ ਲਈ ਤਿਆਰ ਕਿਉਂ ਹੁੰਦੈ?…ਇਹ ਤਾਂ ਨਿਰਾ ਜੰਗਲੀਪੁਣਾ ਐ। ਸੱਤ ਸਾਲਾ ਮੁੰਡਾ ਬੋਲਿਆ।
ਉਨ੍ਹਾਂ ਸਾਰਿਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ।ਦਸ ਸਾਲਾ ਮੁੰਡੇ ਨੇ ਕਿਹਾ।
ਮਾਰ ਦਿੱਤਾ!ਸਭ ਹੈਰਾਨ ਸਨ, ਜਿਵੇਂ ਇਹ ਖ਼ਬਰ ਪਹਿਲੀ ਵਾਰ ਸੁਣੀ ਹੋਵੇ। ਇਕ ਵਾਰ ਫੇਰ ਸੰਨਾਟਾ ਛਾ ਗਿਆ।
ਉਸ ਘਰ ਵਿਚ ਉਹਨਾਂ ਬੱਚਿਆਂ ਦੇ ਦਾਦਾ-ਦਾਦੀ ਇਕ ਦੂਜੇ ਜਾ ਹੱਥ ਫੜ ਕੇ ਰੋ ਰਹੇ ਸਨ। ਚੁਪਚਾਪ। ਬਿਨਾਂ ਆਵਾਜ਼ ਕੀਤੇ।
                                                    -0-

No comments: