Monday, September 13, 2010

ਹਿੰਦੀ/ਪਿਆਰ

ਆਰਤੀ ਝਾ

            ਝੀਲ ਦੇ ਨੀਲੇ ਪਾਣੀ ਨੂੰ ਇਕਟਕ ਦੇਖਣਾ ਚੰਗਾ ਲੱਗ ਰਿਹਾ ਸੀ। ਚੱਪੂ ਦੀ ਆਵਾਜ਼ ਸੁਰੀਲੀ ਸੀ। ਬੋਟ ਵਾਲਾ ਮੁੰਡਾ ਇੱਕੀ-ਬਾਈ ਵਰ੍ਹਿਆਂ ਦਾ ਹੋਵੇਗਾ। ਉਹਦੀਆਂ ਗਹਿਰੀਆਂ-ਭੂਰੀਆਂ ਅੱਖਾਂ ਜਿਵੇਂ ਕੁਝ ਖੋਜ਼ ਰਹੀਆਂ ਸਨ।
            “ਕੀ ਕਰਦੇ ਓ ਬੋਟ ਚਲਾਉਣ ਤੋਂ ਇਲਾਵਾ?” ਮੈਂ ਪੁੱਛਿਆ।
            “ਪਡ਼੍ਹਾਈ। ਕਾਮਰਸ ਕਰ ਰਿਹੈਂ। ਇਹ ਪਾਰਟ ਟਾਈਮ ਜਾਬ ਐ। ਹੁਣ ਪੀਕ ਸੀਜਨ ਐ। ਟੂਰਿਸਟਾਂ ਦੀ ਭੀਡ਼ ਰਹਿੰਦੀ ਐ, ਇਸਲਈ ਚੰਗੀ ਕਮਾਈ ਹੋ ਜਾਂਦੀ ਐ।”
            “ਬੋਟ ਕੀ ਤੇਰੀ ਆਪਣੀ ਐ?”
            “ਨਹੀਂ, ਮਾਲਕ ਦੀ ਐ। ਆਪਣੀ ਕਿੱਥੇ…!” ਥੋਡ਼ੀ ਦੇਰ ਚੁੱਪ ਰਹਿ ਉਹ ਕੁਝ ਸੋਚਦਾ ਰਿਹਾ। ਫਿਰ ਬੋਲਿਆ, “ਲੱਕਡ਼ ਮਹਿੰਗੀ ਐ। ਤੀਹ-ਚਾਲੀ ਹਜ਼ਾਰ ਲੱਗ ਜਾਂਦੇ ਐ ਇਕ ਚੰਗੀ ਚੇ ਮਜਬੂਤ ਬੋਟ ਬਣਾਉਣ ’ਚ।”
            “ਤੁਸੀਂ ਉਹ ਪਹਾਡ਼ ਦੇਖ ਰਹੀ ਓ ਨਾ…ਉਹ ਸੂਸਾਈਡਲ ਪੁਆਇਂਟ ਐ।”
            ਉਹਦੀ ਗੱਲ ਸੁਣ ਮੇਰਾ ਸਿਰ ਚਕਰਾ ਗਿਆ। “ਕੀ? ਕੀ ਕਿਹਾ?” ਮੈਂ ਬਹੁਤ ਹੈਰਾਨ ਹੋ ਉਸਨੂੰ ਗਹਿਰੀ ਨਿਗ੍ਹਾ ਨਾਲ ਦੇਖਿਆ।
             “ਹਾਂ ਸੱਚ! ਲੋਕ ਉੱਥੋਂ ਕੁੱਦ ਕੇ ਜਾਨ ਦੇ ਦਿੰਦੇ ਹਨ। ਅਜੇ ਕੱਲ੍ਹ ਦੀ ਹੀ ਗੱਲ ਐ…ਇਕ ਕੁਡ਼ੀ ਉੱਥੋਂ ਕੁੱਦ ਕੇ ਮਰ ਗਈ। ਉਸਦੇ ਨਾਲ ਮੁੰਡੇ ਨੇ ਵੀ ਕੁੱਦਣਾ ਸੀ, ਪਰ ਕੁੱਦ ਨਹੀਂ ਸਕਿਆ…ਹੁਣ ਉਹ ਜੇਲ੍ਹ ’ ਬੰਦ ਐ।” ਉਹਦੇ ਚਿਹਰੇ ਉੱਤੇ ਉਦਾਸੀ ਛਾ ਗਈ। ਉਹ ਕਿਸੇ ਦੂਜੀ ਦੁਨੀਆ ਵਿਚ ਗੁਆਚ ਜਿਹਾ ਗਿਆ। ਮੈਂ ਕੁਝ ਕਹਿਣਾ ਚਾਹੁੰਦੀ ਸੀ ਕਿ ਤਦੇ ਉਹ ਜਿਵੇਂ ਕਿਸੇ ਸੁਫਨੇ ਤੋਂ ਜਾਗ ਕੇ ਬੋਲਣ ਲੱਗਾ, “ਬਹੁਤ ਪਿਆਰ ਕਰਦਾ ਸੀ ਕੁਡ਼ੀ ਨੂੰ…ਨਾਲ-ਨਾਲ ਜਿਉਣ ਮਰਨ ਦੀਆਂ ਕਸਮਾਂ ਖਾਂਦਾ ਹੁੰਦਾ ਸੀ। ਪਰ ਪਤਾ ਨਹੀਂ ਕਿਉਂ ਕੁੱਦਣ ਦੀ ਹਿੰਮਤ ਨਹੀਂ ਕਰ ਪਾਇਆ।”
           ਮੈਂ ਉਸ ਨੂੰ ਕੁਰੇਦਿਆ, “ ਕੀ ਕਹਿਣਾ ਚਾਹੁੰਦਾ ਔਂ, ਪਿਆਰ ’ਚ ਕਮੀ ਸੀ ਉਹਦੇ? ਪਿਆਰ ਕੀ ਐ ਤੇਰੀ ਨਜ਼ਰ ’ਚ?”
           ਉਹਦੀਆਂ ਗਹਿਰੀਆਂ ਭੂਰੀਆਂ ਅੱਖਾਂ ਬਿਲਕੁਲ ਸਥਿਰ ਸਨ, ਝੀਲ ਦੀ ਤਰ੍ਹਾਂ। ਉਹ ਬੋਲਿਆ, “ਮੈਂ ਕੁਝ ਦਿਖਾਉਂਦਾ ਹਾਂ ਤੁਹਾਨੂੰ… ਝੀਲ ਦੇ ਉਸ ਪਾਰ ਇਕ ਮੰਦਰ ਐ। ਪੂਰਾ ਤਾਂ ਨਹੀਂ, ਬੱਸ ਇਕ ਹਿੱਸਾ ਦਿਖਾਈ ਦੇ ਰਿਹੈ।”
           “ਕਿਵੇਂ ਦੇਖਾਂ? ਹਲਚਲ ਹੋ ਰਹੀ ਐ ਚੱਪੂ ਨਾਲ…ਪਾਣੀ ਹਿੱਲ ਰਿਹੈ…।”
           “ਠਹਿਰੋ! ਚੱਪੂ ਚਲਾਉਣਾ ਬੰਦ ਕਰਦੈਂ…ਹੁਣ ਦੇਖੋ…ਦਿੱਸਿਆ?”
           “ਹਾਂ! ਕੁਝ ਹਿੱਸਾ ਦਿੱਸ ਤਾਂ ਰਿਹੈ, ਧੁੰਦਲਾ ਜਿਹਾ” ਮੈਂ ਕਿਹਾ।
           ਉਹ ਬੋਲਿਆ, “ਅਜਿਹਾ ਹੀ ਹੁੰਦੈ ਪਿਆਰ ਵੀ। ਹਲਚਲਾਂ ਵਿਚਕਾਰ ਸਥਿਰ ਜਿਹੀ ਕੋਈ ਚੀਜ…ਕੁਝ ਦੇਖਿਆ ਤੇ ਬਹੁਤ ਕੁਝ ਅਨਦੇਖਿਆ…।”
                                                                            -0-

No comments: