Friday, October 15, 2010

ਹਿੰਦੀ/ਵਾਇਵਾ


ਸ਼ਕੁੰਤਲਾ ‘ਕਿਰਣ’ (ਡਾ.)
 
ਵਾਇਵਾ ਵਿਚ ਪੂਰਾ ਅੱਧਾ ਘੰਟਾ ਲੱਗਾ ਸੀ। ਬਹੁਤ ਘੁਮਾ-ਫਿਰਾ ਕੇ ਪ੍ਰਸ਼ਨ ਤੇ ਪ੍ਰਸ਼ਨ ਹੋਏ। ਬਡ਼ਾ ਤੇਜ਼ ਤੇ ਗਰਮ ਮਿਜ਼ਾਜ ਪਰੀਖਿਅਕ ਹੈ…ਜੇਕਰ ਇੰਨੀਂ ਤਿਆਰੀ ਨਾ ਕਰਦੀ ਤਾਂ ਅੱਜ…!
ਉਸ ਤੋਂ ਬਾਦ ਸ਼ੋਭਨਾ ਦਾ ਨੰਬਰ ਸੀ। ਉਹ ਜਾਇਜ਼ਾ ਲੈਣ ਲਈ, ਖਿਡ਼ਕੀ ਦਾ ਪਰਦਾ ਥੋਡ਼ਾ ਹਟਾ ਕੇ ਸਾਵਧਾਨੀ ਨਾਲ ਓਟ ਵਿਚ ਖਡ਼ੀ ਹੋ ਗਈ। ਲੱਗਾ, ਵਿਭਾਗ-ਮੁਖੀ ਨੇ ਬਾਹਰੋਂ ਆਏ ਪਰੀਖਿਅਕ ਨੂੰ ਫੁਸਫੁਸਾ ਕੇ ਕੁਝ ਕਿਹਾ ਤੇ ਫਿਰ ਉਹ ਦੋਨੋਂ ਹੱਸ ਪਏ। ਤਦੇ…
ਬੈਠੋ, ਕੀ ਨਾਂ ਹੈ ਤੁਹਾਡਾ?
ਜੀ, ਸ਼ੋਭਨਾ।
‘ਸ਼ੋਭਨਾ’ ਕਿਸ ਭਾਸ਼ਾ ਦਾ ਸ਼ਬਦ ਹੈ?
ਜੀ…ਹਿੰਦੀ ਦਾ।
ਇਸਦਾ ਕੀ ਅਰਥ ਹੁੰਦਾ ਹੈ?
ਜੀ…ਮਤਲਬ…
ਤੇ ਵਿਚਕਾਰ ਹੀ ਵਿਭਾਗ-ਮੁਖੀ ਦੀ ਰੇਸ਼ਮੀ ਮੁਸਕਾਨ…ਅਜੇ ਝਿਝਕ ਰਹੀ ਹੈ, ਉਂਜ ਬਹੁਤ ਮੇਹਨਤੀ ਤੇ ਇੰਟੈਲੀਜੈਂਟ ਲਡ਼ਕੀ ਹੈ।
ਮੇਹਨਤੀ? ਇੰਟੈਲੀਜੈਂਟ? ਤੇ ਸ਼ੋਭਨਾ?… ਉਹ ਹੈਰਾਨ ਰਹਿ ਗਈ। ਤੇ ਫਿਰ…
ਰਮਾਇਣ ਕਿਸ ਨੇ ਲਿਖੀ?
ਜੀ, ਤੁਲਸੀਦਾਸ ਨੇ।
ਅੱਠਵੇਂ ਪ੍ਰਸ਼ਨ-ਪੱਤਰ ’ਚ ਨਿਬੰਧ ਕਿਸ ’ਤੇ ਲਿਖਿਆ?
ਜੀ, ਨਵੀਂ ਕਵਿਤਾ ਦੀ ਸ਼ੈਲੀ ’ਤੇ…।
ਤੇ ਨਵੀਂ ਕਵਿਤਾ ਤੋਂ ਉਬਾਰਨ ਲਈ, ਵਿਭਾਗ-ਮੁਖੀ ਨੇ ਤੁਰੰਤ ਜਾਣ ਦਾ ਇਸ਼ਾਰਾ ਕਰ ਦਿੱਤਾ।
ਸਿਰਫ ਚਾਰ ਮਿੰਟਾਂ ਵਿਚ ਹੀ ਸ਼ੋਭਨਾ ਚਹਿਕਦੀ ਹੋਈ ਬਾਹਰ ਆ ਗਈ।
ਮੈਂ ਪੁੱਛਿਆ ਤਾ ਬੋਲੀ, ਨੀ ਭਾਸ਼ਾ ਵਿਗਿਆਨ ’ਚ ਈ ਜਾਨ ਖਾ ਰਿਹਾ ਸੀ ਬੁੱਢਾ।
ਬਾਦ ਵਿਚ ਜਦੋਂ ਲਿਸਟ ਆਈ ਤਾਂ ਉਹਦੇ ਬਾਹਠ ਨੰਬਰ ਸਨ ਤੇ ਸ਼ੋਭਨਾ ਦੇ ਬਿਆਸੀ।
ਕਾਸ਼…ਉਹ ਵੀ ਖੂਬਸੂਰਤ ਹੁੰਦੀ, ਜਾਂ ਫਿਰ…ਸ਼ੋਭਨਾ ਦੀ ਤਰ੍ਹਾਂ ਸਰ ਨਾਲ ਕੋਈ ਸਬੰਧ ਹੀ ਜੋਡ਼ ਪਾਉਂਦੀ…।
                                                   -0-

No comments: