Tuesday, January 26, 2010

ਹਿੰਦੀ/ ਅਹਿਸਾਸ/ ਆਸ਼ੀਸ਼ ਦਲਾਲ

ਸ਼ਹਿਰ ਵਿਚ ਅਚਾਨਕ ਹੀ ਕਿਸੇ ਝਗੜੇ ਨੇ ਵਧ ਕੇ ਦੰਗੇ ਦਾ ਰੂਪ ਧਾਰਨ ਕਰ ਲਿਆ। ਕਾਫੀ ਕੋਸ਼ਿਸ਼ਾਂ ਤੋਂ ਬਾਦ ਵੀ ਸਕੂਲੋਂ ਨਿਕਲੇ ਮੇਰੇ ਮੁੰਡੇ ਦਾ ਪਤਾ ਨਹੀਂ ਲੱਗ ਸਕਿਆ। ਮੈਂ ਉਸ ਨੂੰ ਲੱਭਣ ਸਕੂਲ ਵੱਲ ਨਿਕਲ ਰਿਹਾ ਸੀ ਤਾਂ ਪਤਨੀ ਨੇ ਕਿਹਾ, ਸੁਣੋ, ਮਿਸੇਜ ਵਰਮਾ ਦੇ ਬੱਚਿਆਂ ਨੂੰ ਵੀ ਲੈਂਦੇ ਆਉਣਾ। ਮਿਸਟਰ ਵਰਮਾ ਟੂਰ ’ਤੇ ਗਏ ਹੋਏ ਹਨ। ਵਿਚਾਰੀ ਕਿੱਥੇ ਭਟਕੇਗੀ।

ਉਫ! ਇੱਥੇ ਆਪਣੀ ਜਾਨ ਆਫਤ ’ਚ ਐ ਤੇ ਤੈਨੂੰ ਦੂਜਿਆਂ ਦੀ ਪਈ ਐ।ਮੈਂ ਖਿਝ ਗਿਆ।

ਤਦੇ ਇਕ ਦੁਬਲਾ-ਪਤਲਾ ਯੁਵਕ ਮੇਰੇ ਮੁੰਡੇ ਨੂੰ ਲੈ ਕੇ ਆ ਗਿਆ। ਆਪਣੇ ਬੱਚੇ ਨੂੰ ਸਹੀ-ਸਲਾਮਤ ਘਰ ਆਇਆ ਦੇਖ ਕੇ ਮੈਂ ਖੁਸ਼ੀ ਨਾਲ ਝੂਮ ਉੱਠਿਆ। ਉਸਦਾ ਧੰਨਵਾਦ ਕਰਦੇ ਹੋਏ ਮੈਂ ਕਿਹਾ, ਅਜੇ ਏਥੇ ਈ ਰੁਕ ਜਾਓ। ਹਾਲਾਤ ਕਾਬੂ ’ਚ ਆ ਜਾਣ ਤਦ ਚਲੇ ਜਾਣਾ।

ਨਹੀਂ, ਉਦੋਂ ਤਕ ਬਹੁਤ ਦੇਰ ਹੋ ਜਾਵੇਗੀ। ਅਜੇ ਕਿੰਨੇ ਹੀ ਹੋਰ ਮਾਸੂਮਾਂ ਨੂੰ ਮੇਰੀ ਲੌੜ ਐ।ਉਸਨੇ ਜਵਾਬ ਦਿੱਤਾ ਤੇ ਚਲਾ ਗਿਆ।

ਮੈਂ ਬਿਨਾਂ ਇਕ ਛਿਣ ਗੁਆਏ ਮਿਸੇਜ ਵਰਮਾ ਦੇ ਬੱਚਿਆਂ ਨੂੰ ਲੱਭਣ ਲਈ ਤੁਰ ਪਿਆ।

-0-

No comments: