Monday, January 18, 2010

ਹਿੰਦੀ/ ਮੇਰੇ ਆਪਣੇ/ ਕਮਲੇਸ਼ ਭਾਰਤੀ

ਆਪਣਾ ਸ਼ਹਿਰ ਤੇ ਘਰ ਛੱਡੇ ਵੀਹ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਬੇਟੀ ਸਿਆਣੀ ਹੋ ਗਈ। ਉਸ ਲਈ ਵਰ ਲੱਭਿਆ ਤੇ ਹੱਥ ਪੀਲੇ ਕਰਨ ਦਾ ਸਮਾਂ ਆ ਗਿਆ। ਵਿਆਹ ਦੇ ਕਾਰਡ ਛਪੇ, ਸਕਿਆਂ-ਸੰਬੰਧੀਆਂ ਤੇ ਮਿੱਤਰਾਂ ਨੂੰ ਭੇਜੇ ਗਏ। ਵਿਆਹ ਦੇ ਸਗਨ ਸ਼ੁਰੂ ਹੋਏ ਤੇ ਅੱਖਾਂ ਦਰਵਾਜੇ ਤੇ ਲੱਗੀਆਂ ਰਹੀਆਂ, ਇਸ ਆਸ ਵਿਚ ਕਿ ਦੂਰ-ਦਰਾਜ ਤੋਂ ਸਕੇ-ਸੰਬੰਧੀ ਆਉਣਗੇ। ਉਹ ਸੰਬੰਧੀ, ਜਿਹਨਾਂ ਨੇ ਬੇਟੀ ਨੂੰ ਗੋਦੀ ਵਿਚ ਖਿਡਾਇਆ ਤੇ ਜਿਹਨਾਂ ਨੂੰ ਉਸ ਨੇ ਆਪਣੀ ਤੋਤਲੀ ਜ਼ਬਾਨ ਵਿਚ ਪੁਕਾਰਿਆ ਸੀ। ਪੰਡਤ ਜੀ ਪੂਜਾ ਦੀ ਥਾਲੀ ਸਜਾਉਂਦੇ ਰਹੇ। ਮੈਂ ਦਰਵਾਜੇ ਵੱਲ ਟਕਟਕੀ ਲਾਈ ਦੇਖਦਾ ਰਿਹਾ। ਮੋਬਾਈਲ ਉੱਪਰ ਸੰਬੰਧੀਆਂ ਦੇ ਸੰਦੇਸ਼ ਆਉਣ ਲੱਗੇਸਿੱਧੇ ਵਿਆਹ ਵਾਲੇ ਦਿਨ ਹੀ ਪਹੁੰਚਾਂਗੇ, ਛੇਤੀ ਨਾ ਆ ਸਕਣ ਦੀਆਂ ਮਜਬੂਰੀਆਂ ਬਿਆਨ ਕਰਦੇ ਰਹੇ।

ਮੈਂ ਉਦਾਸ ਖੜਾ ਸੀ। ਏਨੇ ਵਿਚ ਢੋਲ ਵਾਲਾ ਆ ਗਿਆ। ਉਹਨੇ ਢੋਲ ਵਜਾਉਣਾ ਸ਼ੁਰੂ ਕੀਤਾ। ਸਾਰੇ ਗੁਆਂਢੀ ਭੱਜੇ ਚਲੇ ਆਏ ਤੇ ਪੰਡਤ ਜੀ ਨੂੰ ਕਹਿਣ ਲੱਗੇ, ਹੋਰ ਕਿੰਨੀ ਦੇਰ ਐ? ਸ਼ੁਰੂ ਕਰੋ ਨਾ ਕਾਰ-ਵਿਹਾਰ!

ਪੰਡਤ ਜੀ ਨੇ ਮੇਰੇ ਵੱਲ ਦੇਖਿਆ, ਜਿਵੇਂ ਪੁੱਛ ਰਹੇ ਹੋਣ‘ਕੀ ਆਪਣੇ ਸਭ ਆ ਗਏ?

ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ, ਪਰਦੇਸ ਵਿਚ ਇਹੀ ਤਾਂ ਮੇਰੇ ਆਪਣੇ ਹਨ। ਮੈਂ ਪੰਡਤ ਜੀ ਨੂੰ ਕਿਹਾ, ਸ਼ੁਰੂ ਕਰੋ ਸਗਨ, ਮੇਰੇ ਆਪਣੇ ਸਭ ਆ ਗਏ।

-0-

No comments: