Wednesday, January 6, 2010

ਹਿੰਦੀ/ਮਾਂ ਮੈਂ ਗੁੱਡੀ ਨਹੀਂ ਲੈਣੀ/ਡਾ. ਤਾਰਾ ਨਿਗਮ


ਮੈਂ ਬਜ਼ਾਰ ਗਈ ਸੀ। ਸੋਚਿਆ, ਰਿਚਾ ਤੇ ਵਿਵੇਕ ਲਈ ਕੁਝ ਲੈ ਲਵਾਂ। ਮੈਂ ਵਿਵੇਕ ਲਈ ਕ੍ਰਿਕਟ ਦਾ ਸਮਾਨ ਲੈ ਲਿਆ ਕਿਉਂਕਿ ਉਸਨੂੰ ਕ੍ਰਿਕਟ ਬਹੁਤ ਪਸੰਦ ਹੈ। ਰਿਚਾ ਲਈ ਇਕ ਸੋਹਣੀ ਜਿਹੀ ਗੁੱਡੀ ਖਰੀਦ ਲਈ। ਵਿਵੇਕ ਆਪਣਾ ਸਮਾਨ ਲੈ ਕੇ ਖੁਸ਼ ਹੁੰਦਾ ਬਾਹਰ ਚਲਾ ਗਿਆ। ਰਿਚਾ ਗੁੱਡੀ ਨੂੰ ਇਕਟਕ ਦੇਖਦੀ ਖੜੀ ਰਹੀ।
ਮੈਂ ਪੁੱਛਿਆ, ਬੇਟੇ, ਤੈਨੂੰ ਗੁੱਡੀ ਪਸੰਦ ਨਹੀਂ ਆਈ?
ਮੰਮੀਂ, ਤੁਸੀਂ ਮੇਰੀ ਪਸੰਦ-ਨਾਪਸੰਦ ਪੁੱਛੀ ਹੀ ਕਦੋਂ ਐ?
ਇਸ ’ਚ ਪੁੱਛਣ ਵਾਲੀ ਕਿਹੜੀ ਗੱਲ ਐ, ਕੁੜੀਆਂ ਤਾਂ ਗੁੱਡੀਆਂ ਨਾਲ ਈ ਖੇਡਦੀਆਂ ਨੇ।
ਵੀਰੇ ਨੂੰ ਤਾਂ ਪੁੱਛਦੀ ਐਂ ਨਾ।
ਮੈਂ ਹੈਰਾਨ ਰਹਿ ਗਈ, ਰਿਚਾ ਬੇਟੇ, ਤੇਰੇ ਲਈ ਏਨੀ ਵੱਡੀ ਤੇ ਸੁੰਦਰ ਗੁੱਡੀ ਲਿਆਈ ਆਂ। ਚੰਗੀ ਤਾਂ ਹੈ ਨਾ?
ਚੰਗੀ ਹੈ,ਪਰ…
ਪਰ ਕੀ? ਬੋਲ ਰਿਚਾ।
ਮੰਮੀ, ਇਹ ਉਹੀ ਕਰੂਗੀ, ਜੋ ਮੈਂ ਕਰੂੰਗੀ। ਮੈਂ ਸੁਆਊਂਗੀ ਤਾਂ ਇਹ ਸੌਂ ਜੂਗੀ। ਮੈਂ ਜਿਹੜੇ ਕਪੜੇ ਪੁਆ ਦੂੰਗੀ, ਪਾ ਲੂਗੀ। ਮੈਂ ਇਹਨੂੰ ਡਾਂਟੂੰਗੀ, ਮਾਰੂੰਗੀ ਤਾਂ ਚੁਪਚਾਪ ਸਹਿ ਲੂਗੀ। ਜਦੋਂ ਕਿਤੇ ਲੈ ਕੇ ਜਾਵਾਂਗੀ, ਤਦ ਈ ਜਾਊਗੀ। ਜੇ ਮੈਂ ਚਾਹਾਂਗੀ ਤਾਂ ਇਸ ਨੂੰ ਗੋਦੀ ’ਚ ਲੈ ਕੇ ਪਿਆਰ ਕਰਾਂਗੀ, ਨਹੀਂ ਚਾਹਾਂਗੀ ਤਾਂ ਨਹੀ ਕਰਾਂਗੀ। ਇਹ ਕਦੇ ਵਿਰੋਧ ਨਹੀਂ ਕਰੂਗੀ,ਮੰਮੀ! ਸਦਾ ਚੁੱਪ ਰਹੂਗੀ।
ਇਹ ਤਾਂ ਚੰਗੀ ਗੱਲ ਈ ਐ, ਬੇਟੇ। ਤੂੰ ਜਿਵੇਂ ਕਰੇਂਗੀ, ਇਹ ਉਵੇਂ ਹੀ ਕਰੂਗੀ।
ਨਹੀਂ ਮੰਮੀ! ਮੈਨੂੰ ਗੁੱਡੀ ਨਹੀਂ ਚਾਹੀਦੀ।
-0-

No comments: