Saturday, December 12, 2009

ਹਿੰਦੀ/ ਮੌਤ/ ਪ੍ਰਤਾਪ ਸਿੰਘ ਸੋਢੀ

ਮਈ ਮਹੀਨੇ ਦੀ ਚਿਲਚਿਲਾਉਂਦੀ ਗਰਮੀ ਵਿਚ ਸਫੈਦ ਚਾਦਰ ਓਢੀ ਫੁਟਪਾਥ ਉੱਤੇ ਲੇਟੇ ਹੋਏ ਮੰਸੇ ਨੂੰ ਇਕ ਘੰਟੇ ਤੋਂ ਵੱਧ ਹੋ ਗਿਆ ਸੀ। ਉਹਦੀ ਪਿੱਠ ਅੰਗਾਰਿਆਂ ਵਾਂਗ ਜਲ ਰਹੇ ਫੁਟਪਾਥ ਨਾਲ ਚਿਪਕ ਜਿਹੀ ਗਈ ਸੀ। ਉਹਦੇ ਸ਼ਰੀਰ ਉੱਪਰ ਥਾਂ ਥਾਂ ਤੇ ਛਾਲੇ ਹੋ ਗਏ ਸਨ। ਉਹਦਾ ਸਾਥੀ ਨਨਕੂ ਆਪਣੇ ਭਰਾ ਦੀ ਮੌਤ ਦੀ ਦੁਹਾਈ ਦਿੰਦੇ ਹੋਏ ਆਉਣ ਜਾਣ ਵਾਲਿਆਂ ਦੇ ਦਿਲਾਂ ਵਿਚ ਰਹਿਮ ਪੈਦਾ ਕਰ ਰਿਹਾ ਸੀ। ਰਾਹਗੀਰ ਸ਼ਰਧਾ ਨਾਲ ਸਫੈਦ ਚਾਦਰ ਉੱਤੇ ਸਿੱਕੇ ਸੁੱਟ ਜਾਂਦੇ ਸਨ।

ਚਾਦਰ ਨੂੰ ਇਕ ਪਾਸਿਓਂ ਥੋੜਾ ਜਿਹਾ ਹਟਾ ਕੇ, ਘੁਟੀ ਜਿਹੀ ਆਵਾਜ਼ ਵਿਚ ਮੰਸਾ ਗਿੜਗਿੜਾਇਆ, ਹੁਣ ਹੋਰ ਸਹਿਣ ਨਹੀਂ ਹੁੰਦਾ। ਸਾਰਾ ਸ਼ਰੀਰ ਝੁਲਸ ਗਿਆ, ਦਮ ਘੁਟ ਰਿਹੈ। ਮੌਤ ਦਾ ਨਾਟਕ ਕਰਦਾ-ਕਰਦਾ ਮੈਂ ਸਚਮੁਚ ਮਰ ਜੂੰਗਾ। ਮੈਂ ਏਨੀ ਛੋਟੀ ਉਮਰ ’ਚ ਮਰਨਾ ਨਹੀਂ ਚਾਹੁੰਦਾ।

ਨਨਕੂ ਬੋਲਿਆ, ਓਏ, ਚੁਪਚਾਪ ਪਿਆ ਰਹਿ, ਜੇ ਕਿਸੇ ਨੇ ਵੇਖ ਲਿਆ ਤਾਂ ਸਾਡੇ ਦੋਨਾਂ ਦੀਆਂ ਕਬਰਾਂ ਇਸ ਫੁਟਪਾਥ ਤੇ ਈ ਬਣ ਜਾਣਗੀਆਂ। ਬਸ ਥੋੜੀ ਦੇਰ ਹੋਰ ਸਹਿਣ ਕਰ ਲੈ, ਥੋੜੇ ਪੈਸੇ ਹੋਰ ਜਮਾਂ ਹੋ ਜਾਣ।

ਅਚਾਨਕ ਮੰਸੇ ਨੇ ਇਕ ਝਟਕੇ ਨਾਲ ਚਾਦਰ ਲਾਹ ਸੁੱਟੀ। ਚਾਦਰ ਉੱਤੇ ਪਏ ਸਿੱਕੇ ਖਣਖਣਾਉਂਦੇ ਹੋਏ ਫੁਟਪਾਥ ਦੇ ਆਸਪਾਸ ਖਿੱਲਰ ਗਏ। ਨਨਕੂ ਕੁਝ ਕਹੇ, ਇਸ ਤੋਂ ਪਹਿਲਾਂ ਹੀ ਮੰਸਾ ਭੱਜ ਖੜਾ ਹੋਇਆ।

ਭੈਭੀਤ ਨਨਕੂ ਮੰਸੇ ਨੂੰ ਵੇਖਦਾ ਰਹਿ ਗਿਆ। ਫਿਰ ਉਹਨੇ ਵੀ ਫੁਰਤੀ ਨਾਲ ਚਾਦਰ ਚੁੱਕੀ ਤੇ ਭੀੜ ਵਿਚ ਗੁਆਚ ਗਿਆ।

ਸੜਕ ਉੱਤੇ ਸਿੱਕੇ ਹੀ ਸਿੱਕੇ ਖਿਲਰੇ ਪਏ ਸਨ।

-0-

No comments: