Monday, August 31, 2009

ਹਿੰਦੀ/ ਅਧਿਕਾਰ

ਗਿਆਨ ਪ੍ਰਕਾਸ਼ ਵਿਵੇਕ


ਮੁੰਡਾ ਆਪਣੇ ਮਾਂ-ਬਾਪ ਨਾਲ ਕੁੜੀ ਵੇਖਣ ਆਇਆ ਸੀ ਤੇ ਸਵਾਲ ਦਰ ਸਵਾਲ ਪੁੱਛਦਾ ਜਾ ਰਿਹਾ ਸੀ।

ਐਬਸਟ੍ਰੈਕਟ ਆਰਟ ਬਾਰੇ ਤੁਸੀਂ ਕੀ ਜਾਣਦੇ ਹੋ?

ਕੁਝ ਵੀ ਨਹੀਂ।ਸੰਗਦੇ ਹੋਏ ਕੁੜੀ ਨੇ ਜਵਾਬ ਦਿੱਤਾ।

ਲੈਂਡ ਸਕੇਪ ਬਾਰੇ?

ਕੁਝ ਵੀ ਨਹੀਂ।

ਫਿਰ ਤਾਂ ਤੁਸੀਂ ਸਕੈਚ ਤੇ ਗ੍ਰਾਫਿਕ ਬਾਰੇ ਵੀ ਕੁਝ ਨਹੀਂ ਜਾਣਦੇ ਹੋਵੋਗੇ?ਮੁੰਡੇ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ।

ਜੀ, ਜੀ ਮੈਂ ਕੁਝ ਵੀ ਨਹੀਂ ਜਾਣਦੀ।

ਹੂੰਹ! ਯਾਨੀ ਪੇਂਟਿੰਗ ਦੇ ਬਾਰੇ ‘ਚ ਤੁਹਾਡਾ ਗਿਆਨ ਜ਼ੀਰੋ ਹੈ। ਖੈਰ ਸੰਗੀਤ ਬਾਰੇ ਤਾਂ ਜਾਣਕਾਰੀ ਹੋਵੇਗੀ…ਭਾਰਤ ਨਾਟਿਅਮ ’ਚ ਭਾਰਤ ਦਾ ਕੀ ਅਰਥ ਹੈ?

ਜੀ…ਭਾਰਤ…ਭਾਰਤ ਤਾਂ ਸਾਡਾ ਦੇਸ਼ ਹੈ। ਮੈਂ ਇੰਨਾ ਜਾਣਦੀ ਹਾਂ।ਕੁੜੀ ਨੇ ਸਿਰ ਝੁਕਾ ਕੇ ਜਵਾਬ ਦਿੱਤਾ।

ਮੁੰਡੇ ਨੇ ਠਹਾਕਾ ਲਾਇਆ। ਸਾਫ ਸੀ ਕਿ ਉਹ ਮਜ਼ਾਕ ਉਡਾ ਰਿਹਾ ਸੀ। ਹਾਸੇ ਨੂੰ ਰੋਕਦੇ ਹੋਏ ਉਹ ਬੋਲਿਆ, ਕੋਈ ਗੱਲ ਨਹੀਂ, ਹੁਣ ਲਿਟਰੇਚਰ ਦੀ ਗੱਲ ਕਰਦੇ ਹਾਂ। ਉਮੀਦ ਹੈ ਤੁਸੀਂ ਸਹੀ ਜਵਾਬ ਦਿਉਗੇ। ਚੰਗਾ ਦੱਸੋ ‘ਬਾਗੇ-ਦਿਰਾਂ’ ਕਿਸਨੇ ਲਿਖੀ?

ਜੀ ਮੈਨੂੰ ਨਹੀਂ ਪਤਾ।ਕੁੜੀ ਨੇ ਸਿਰ ਝੁਕਾ ਕੇ ਜਵਾਬ ਦਿੱਤਾ।

ਮੁੰਡੇ ਨੇ ਜ਼ੋਰਦਾਰ ਠਹਾਕਾ ਲਾਇਆ, ਯਾਨੀ ਤੁਸੀਂ ਇਸ ਖੇਤਰ ’ਚ ਵੀ ਕੋਰੇ ਹੋ।

ਜੀ ਹਾਂ, ਇਉਂ ਹੀ ਸਮਝ ਲਓ।ਕੁੜੀ ਨੇ ਰੁੱਖੇਪਣ ਨਾਲ ਉੱਤਰ ਦਿੱਤਾ।

ਕੁੜੀ ਦੇ ਮਾਤਾ ਪਿਤਾ ਉਦਾਸ ਹੋ ਗਏ ਸਨ ਕਿ ਕੁੜੀ ਸਹੀ ਜਵਾਬ ਨਹੀਂ ਦੇ ਸਕੀ। ਵਾਤਾਵਰਣ ਵਿਚ ਚੁੱਪ ਛਾ ਗਈ।

ਤਦ ਹੀ ਕੁੜੀ ਬੋਲੀ, ਜੇਕਰ ਆਗਿਆ ਹੋਵੇ ਤਾਂ ਇਕ-ਦੋ ਸਵਾਲ ਮੈਂ ਵੀ ਪੁੱਛਾਂ?

ਹਾਂ-ਹਾਂ, ਕਿਉਂ ਨਹੀਂ।ਮੁੰਡੇ ਨੇ ਘਮੰਡ ਨਾਲ ਕਿਹਾ।

ਅੱਠ ਸਾਲ ਦੇ ਬੱਚੇ ਦਾ ਸਵੈਟਰ ਬੁਣਨਾ ਹੋਵੇ ਤਾਂ ਕਿੰਨੇ ਘਰ ਪਾਉਣੇ ਹੋਣਗੇ ਸਲਾਈਆਂ ’ਚ?

ਜੀ-ਜੀ, ਇਹ ਕੀ ਪੁੱਛਿਆ ਤੁਸੀਂ?

ਇਕ ਕਿਲੋ ਚੌਲ ਬਣਾਉਣੇ ਹੋਣ ਤਾਂ ਕੁੱਕਰ ’ਚ ਕਿੰਨਾ ਪਾਣੀ ਪਾਉਣਾ ਪਵੇਗਾ?

ਇਹ ਤੁਸੀਂ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ!

ਜਿਸ ਤਰ੍ਹਾਂ ਦੇ ਤੁਸੀਂ ਪੁੱਛੇ ਸੀ। ਕੀ ਊਲ-ਜਲੂਲ ਸਵਾਲ ਪੁੱਛਣ ਦਾ ਹੱਕ ਸਿਰਫ ਤੁਹਾਨੂੰ ਹੈ?

ਮੁੰਡੇ ਦਾ ਚਿਹਰਾ ਫੱਕ ਸੀ।

-0-