Wednesday, June 29, 2011

ਹਿੰਦੀ /ਮਨੁੱਖੀ ਗੰਧ


ਸਰੋਜ ਪਰਮਾਰ
ਹਵਾ ਵਿਚ ਹਲਕੀ ਜਿਹੀ ਸਰਸਰਾਹਟ ਅਤੇ ਹਲਚਲ ਮਹਿਸੂਸ ਹੋਈ। ਨਹੀਂ, ਇਹ ਸਿਰਫ ਹਵਾ ਦਾ ਝੋਕਾ ਹੀ ਨਹੀਂ  ਸੀ, ਇਸ ਵਿਚ ਮਨੁੱਖੀ ਗੰਧ ਘੁਲੀ ਹੋਈ ਸੀ। ਜਿਹੜੇ ਲੋਕ ਹਰ ਰੋਜ਼, ਹਰ ਪਲ ਇਸ ਗੰਧ ਦੇ ਸੰਪਰਕ ਵਿਚ ਰਹਿੰਦੇ ਹਨ, ਉਹ ਇਸ ਨੂੰ ਭੁੱਲ ਸਕਦੇ ਹਨ, ਸਗੋਂ ਭੁੱਲ ਜਾਂਦੇ ਹਨ। ਪਰ ਉਹ ਇਸਨੂੰ ਪਛਾਣਨ ਵਿਚ ਭੁੱਲ ਕਿਵੇਂ ਕਰ ਸਕਦੀ ਹੈ, ਜਿਸਨੂੰ ਬਹੁਤ-ਬਹੁਤ ਦਿਨ ਹੋ ਜਾਂਦੇ ਹਨ ਇਸਦੀ ਕਮੀ ਦੇ ਅਹਿਸਾਸ ਨਾਲ ਜਿਉਂਦਿਆਂ। ਤੇ ਤਦ ਹਾਸਿਲ ਹੁੰਦੇ ਹਨ ਇਸਨੂੰ ਮਹਿਸੂਸ ਕਰਨ ਦੇ ਕੁਝ ਪਲ। ਹੱਸਦੇ, ਬੋਲਦੇ, ਸੁਣਦੇ ਗੰਧ ਭਰੇ’ ਕੁਝ ਪਲ।
ਨਾਂ ਦੇ ਰਿਸ਼ਤਿਆਂ ਵਿੱਚੋਂ ਮਹੀਨੇ ਵਿਚ ਇੱਕ-ਅੱਧ ਵਾਰ ਕੋਈ ਆਉਂਦਾ ਹੈ। ਬਜ਼ਾਰੋਂ ਜ਼ਰੂਰਤ ਦੇ ਸਮਾਨ ਦਾ ਪ੍ਰਬੰਧ ਕਰਨ। ਬਾਕੀ ਕੰਮ ਉਹ ਆਪਣੇ ਕੰਬਦੇ ਸਰੀਰ ਨਾਲ ਕਰਨ ਲਈ ਮਜਬੂਰ ਹੁੰਦੀ ਹੈ। ਉਸ ‘ਪ੍ਰਬੰਧ ਦਿਵਸ’ ਦੇ ਆਉਣ ਵਿਚ ਅਜੇ ਪੂਰੇ ਵੀਹ ਦਿਨ ਦੀ ਉਡੀਕ ਬਾਕੀ ਹੈ। ਸਵੇਰੇ ਹੀ ਤਾਂ ਉਹਨੇ ਦਿਨ ਗਿਣੇ ਹਨ। ਫੇਰ ਇਹ ਕੌਣ…?
ਅੱਖਾਂ ਕਮਜ਼ੋਰ ਸਹੀ, ਪਰ ਉਸ ਘੁਸਮੁਸੇ ਵਿਚ ਧਿਆਨ ਨਾਲ ਦੇਖਿਆ ਤਾਂ ਨਜ਼ਰ  ਆ ਹੀ ਗਿਆ। ਸਚਮੁਚ ਦਾ ਇਕ ਜਿਉਂਦਾ ਜਾਗਦਾ ਇਨਸਾਨ। ਮੱਲੋ ਜ਼ੋਰੀ ਉਸਦੇ ਚਿਹਰੇ ਉੱਤੇ ਮੁਸਕਾਨ ਫੈਲ ਗਈ।
ਭੈ, ਡਰ ਤੇ ਬੇਬਸੀ ਦੇਖਣ ਦੇ ਆਦੀ ਲੁਟੇਰੇ ਦੀ ਬੇਸੁਧ ਨਿਗਾਹ ਕਦੇ ਆਪਣੇ ਹਥਿਆਰ ਤੇ ਕਦੇ ਅਜਨਬੀ ਚਿਹਰੇ ਦੀ ਸੁਆਗਤ ਭਰੀ ਮੁਸਕਾਨ ਨੂੰ ਦੇਖ ਰਹੀ ਸੀ।
                                            -0-

No comments: