Wednesday, June 29, 2011

ਹਿੰਦੀ /ਮਨੁੱਖੀ ਗੰਧ


ਸਰੋਜ ਪਰਮਾਰ
ਹਵਾ ਵਿਚ ਹਲਕੀ ਜਿਹੀ ਸਰਸਰਾਹਟ ਅਤੇ ਹਲਚਲ ਮਹਿਸੂਸ ਹੋਈ। ਨਹੀਂ, ਇਹ ਸਿਰਫ ਹਵਾ ਦਾ ਝੋਕਾ ਹੀ ਨਹੀਂ  ਸੀ, ਇਸ ਵਿਚ ਮਨੁੱਖੀ ਗੰਧ ਘੁਲੀ ਹੋਈ ਸੀ। ਜਿਹੜੇ ਲੋਕ ਹਰ ਰੋਜ਼, ਹਰ ਪਲ ਇਸ ਗੰਧ ਦੇ ਸੰਪਰਕ ਵਿਚ ਰਹਿੰਦੇ ਹਨ, ਉਹ ਇਸ ਨੂੰ ਭੁੱਲ ਸਕਦੇ ਹਨ, ਸਗੋਂ ਭੁੱਲ ਜਾਂਦੇ ਹਨ। ਪਰ ਉਹ ਇਸਨੂੰ ਪਛਾਣਨ ਵਿਚ ਭੁੱਲ ਕਿਵੇਂ ਕਰ ਸਕਦੀ ਹੈ, ਜਿਸਨੂੰ ਬਹੁਤ-ਬਹੁਤ ਦਿਨ ਹੋ ਜਾਂਦੇ ਹਨ ਇਸਦੀ ਕਮੀ ਦੇ ਅਹਿਸਾਸ ਨਾਲ ਜਿਉਂਦਿਆਂ। ਤੇ ਤਦ ਹਾਸਿਲ ਹੁੰਦੇ ਹਨ ਇਸਨੂੰ ਮਹਿਸੂਸ ਕਰਨ ਦੇ ਕੁਝ ਪਲ। ਹੱਸਦੇ, ਬੋਲਦੇ, ਸੁਣਦੇ ਗੰਧ ਭਰੇ’ ਕੁਝ ਪਲ।
ਨਾਂ ਦੇ ਰਿਸ਼ਤਿਆਂ ਵਿੱਚੋਂ ਮਹੀਨੇ ਵਿਚ ਇੱਕ-ਅੱਧ ਵਾਰ ਕੋਈ ਆਉਂਦਾ ਹੈ। ਬਜ਼ਾਰੋਂ ਜ਼ਰੂਰਤ ਦੇ ਸਮਾਨ ਦਾ ਪ੍ਰਬੰਧ ਕਰਨ। ਬਾਕੀ ਕੰਮ ਉਹ ਆਪਣੇ ਕੰਬਦੇ ਸਰੀਰ ਨਾਲ ਕਰਨ ਲਈ ਮਜਬੂਰ ਹੁੰਦੀ ਹੈ। ਉਸ ‘ਪ੍ਰਬੰਧ ਦਿਵਸ’ ਦੇ ਆਉਣ ਵਿਚ ਅਜੇ ਪੂਰੇ ਵੀਹ ਦਿਨ ਦੀ ਉਡੀਕ ਬਾਕੀ ਹੈ। ਸਵੇਰੇ ਹੀ ਤਾਂ ਉਹਨੇ ਦਿਨ ਗਿਣੇ ਹਨ। ਫੇਰ ਇਹ ਕੌਣ…?
ਅੱਖਾਂ ਕਮਜ਼ੋਰ ਸਹੀ, ਪਰ ਉਸ ਘੁਸਮੁਸੇ ਵਿਚ ਧਿਆਨ ਨਾਲ ਦੇਖਿਆ ਤਾਂ ਨਜ਼ਰ  ਆ ਹੀ ਗਿਆ। ਸਚਮੁਚ ਦਾ ਇਕ ਜਿਉਂਦਾ ਜਾਗਦਾ ਇਨਸਾਨ। ਮੱਲੋ ਜ਼ੋਰੀ ਉਸਦੇ ਚਿਹਰੇ ਉੱਤੇ ਮੁਸਕਾਨ ਫੈਲ ਗਈ।
ਭੈ, ਡਰ ਤੇ ਬੇਬਸੀ ਦੇਖਣ ਦੇ ਆਦੀ ਲੁਟੇਰੇ ਦੀ ਬੇਸੁਧ ਨਿਗਾਹ ਕਦੇ ਆਪਣੇ ਹਥਿਆਰ ਤੇ ਕਦੇ ਅਜਨਬੀ ਚਿਹਰੇ ਦੀ ਸੁਆਗਤ ਭਰੀ ਮੁਸਕਾਨ ਨੂੰ ਦੇਖ ਰਹੀ ਸੀ।
                                            -0-

Saturday, June 11, 2011

ਹਿੰਦੀ/ ਜ਼ਹਿਰ


 ਰਚਨਾ ਸ਼੍ਰੀਵਾਸਤਵ
ਅਜੇ ਕੁਝ ਹੀ ਮਹੀਨੇ ਹੋਏ ਸਨ ਡੇਂਟਨ (ਅਮਰੀਕਾ) ਆਏ ਹੋਏ। ਆਉਂਦੇ ਸਮੇਂ ਤਾਂ ਬਹੁਤ ਚੰਗਾ ਲੱਗ ਰਿਹਾ ਸੀ, ਨਵੀਂ ਦੁਨੀਆ, ਨਵੇਂ ਸੁਫਨੇ। ਪਰ ਹੁਣ ਇਸ ਮਸ਼ੀਨੀ ਦੇਸ਼ ਵਿਚ ਮੈਂ ਖੁਦ ਨੂੰ ਬਹੁਤ ਇੱਕਲੀ ਮਹਿਸੂਸ ਕਰ ਰਹੀ ਸੀ। ਮਧੁਰ ਦੇ ਜਾਣ ਤੋਂ ਬਾਦ ਤਾਂ ਜਿਵੇਂ ਘਰ ਵੱਢਣ ਨੂੰ ਆਉਂਦਾ ਸੀਸਾਮੀਂ ਘਰ ਤੋਂ ਹੇਠਾਂ ਉੱਤਰ ਕੇ ਥੋੜਾ ਟਹਿਲ ਲੈਂਦੀ ਤਾਂ ਚੰਗਾ ਲਗਦਾ। ਫਿਰ ਤਾਂ ਟਹਿਲਣਾ ਮੇਰੀ ਆਦਤ ਬਣ ਗਈ। ਇਕ ਦਿਨ ਦੇਖਿਆ, ਸਾਡੇ ਹੇਠਾਂ ਵਾਲੇ ਅਪਾਰਟਮੈਂਟ ਵਿਚ ਕੋਈ ਰਹਿਣ ਆਇਆ ਹੈ। ਇੱਕ ਔਰਤ ਤੇ ਉਸਦੀ ਤਿੰਨ-ਚਾਰ ਸਾਲ ਦੀ ਬੱਚੀ ਸੀ। ਅਕਸਰ ਜਦੋਂ ਮੈਂ ਟਹਿਲਣ ਜਾਂਦੀ ਤਾਂ ਉਹ ਬੱਚੀ ਖਿਡ਼ਕੀ ਵਿੱਚੋਂ ਮੈਂਨੂੰ ਦੇਖਦੀ ਰਹਿੰਦੀ ਤੇ ਆਪਣੀ ਪਿਆਰੀ ਮੁਸਕਾਨ ਨਾਲ ਮੈਂਨੂੰ ਹਾਏ!ਕਹਿੰਦੀ। ਮੈਂ ਵੀ ਉਸੇ ਪਿਆਰ ਨਾਲ ਉਹਦਾ ਉੱਤਰ ਦਿੰਦੀ। ਕਦੇ-ਕਦੇ ਉਹ ਬਾਹਰ ਖੇਡਦੀ ਮਿਲ ਜਾਂਦੀ। ਮੈਂਨੂੰ ਦੇਖ ਕੇ ਉਹ ਮੇਰੇ ਕੋਲ ਆਉਂਦੀ, ਪਰ ਜਿਵੇਂ ਹੀ ਉਹ ਆਪਣੀ ਮਾਂ ਨੂੰ ਆਉਂਦੇ ਦੇਖਦੀ ਤਾਂ ਮੇਰੇ ਤੋਂ ਦੂਰ ਭੱਜ ਜਾਂਦੀ। ਉਸਨੇ ਦੱਸਿਆ ਕਿ ਉਸ ਦਾ ਨਾਂ ਕ੍ਰਿਸਟੀ ਹੈ ਤੇ ਉਹ ਚਾਰ ਸਾਲ ਦੀ ਹੈ। ਉਸਦੇ ਪਾਪਾ ਨਾਲ ਨਹੀਂ ਰਹਿੰਦੇ, ਕਦੇ-ਕਦੇ ਮਿਲਣ ਆਉਂਦੇ ਹਨ। ਜਦੋਂ ਤੱਕ ਉਸਦੀ ਮਾਂ ਨਹੀਂ ਆਉਂਦੀ, ਉਹ ਅਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ।
ਇੱਕ ਦਿਨ ਜਦੋਂ ਟਹਿਲ ਕੇ ਵਾਪਸ ਆਈ ਤਾਂ ਉਹ ਜਿਵੇਂ ਮੇਰੀ ਹੀ ਉਡੀਕ ਕਰ ਰਹੀ ਸੀ। ਮੈਨੂੰ ਦੇਖਦੇ ਹੀ ਬੋਲੀ, ਮੈਂ ਤੁਹਾਡਾ ਘਰ ਦੇਖਣਾ ਚਾਹੁੰਦੀ ਹਾਂ। ਕੀ ਮੈਂ ਤੁਹਾਡੇ ਨਾਲ ਆ ਸਕਦੀ ਹਾਂ?
ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਹਾਂ, ਪਰ ਉਹਦੀ ਭੋਲੀ ਸੂਰਤ ਤੇ ਮਾਸੂਮ ਅੱਖਾਂ ਜਿਸ ਤਰ੍ਹਾਂ ਮੈਂਨੂੰ ਦੇਖ ਰਹੀਆਂ ਸਨ, ਮੈਂ ਉਸਨੂੰ ਮਨ੍ਹਾ ਨਹੀਂ ਕਰ ਸਕੀ। ਮਨ ਵਿਚ ਕੁਝ ਸੰਕੋਚ ਵੀ ਸੀ। ਇਸਲਈ ਛੇਤੀ-ਛੇਤੀ ਘਰ ਦਿਖਾ ਕੇ ਉਸ ਨਾਲ ਪੌੜੀਆਂ ਵਿਚ ਬੈਠ ਗਈ।
ਤੁਹਾਡੇ ਘਰ ’ਚੋਂ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਸੀ। ਮੈਂਨੂੰ ਬਹੁਤ ਚੰਗਾ ਲੱਗਾ। ਸਾਡੇ ਘਰ ਮੰਮੀ ਪਤਾ ਨਹੀਂ ਕੀ ਬਣਾਉਂਦੀ ਹੈ, ਅਜੀਬ ਜਿਹੀ ਸਮੈਲ ਆਉਂਦੀ ਹੈ।
ਨਹੀਂ ਕ੍ਰਿਸਟੀ, ਅਜਿਹਾ ਨਹੀਂ ਕਹਿੰਦੇ। ਮੰਮੀ ਜੋ ਕੁਝ ਵੀ ਬਣਾਉਂਦੀ ਹੈ, ਤੇਰੇ ਲਈ ਹੀ ਬਣਾਉਂਦੀ ਹੈ ਨਾ। ਤੁਸੀਂ ਲੋਕ ਮੀਟ ਖਾਂਦੇ ਹੋ, ਉਸ ਦੀ ਹੀ ਸਮੈਲ ਹੋਵੇਗੀ।
ਹਾਂ, ਤੁਸੀਂ ਠੀਕ ਕਹਿ ਰਹੇ ਹੋ, ਪਰ ਉਹ ਸਮੈਲ ਮੈਂਨੂੰ ਚੰਗੀ ਨਹੀਂ ਲਗਦੀ। ਤੁਹਾਡੇ ਕਪੜੇ ਮੈਂਨੂੰ ਬਹੁਤ ਚੰਗੇ ਲਗਦੇ ਹਨ। ਇਸਨੂੰ ਕੀ ਕਹਿੰਦੇ ਹਨ? ਤੁਸੀਂ ਹੱਥਾਂ ’ਚ ਤੁਸੀਂ ਕੀ ਪਾਇਆ ਹੈ? ਮੱਥੇ ’ਤੇ ਕੀ ਲਾਇਆ ਹੈ?
ਇਸੇ ਤਰ੍ਹਾਂ ਉਹ ਮੇਰੇ ਤੋਂ ਬਹੁਤ ਸਾਰੀਆਂ ਗੱਲਾਂ ਪੁੱਛਦੀ ਰਹੀ ਤੇ ਮੈਂ ਉਸਦੇ ਛੋਟੇ-ਛੋਟੇ ਭੋਲੇ ਸਵਾਲਾਂ ਦੇ ਉੱਤਰ ਦਿੰਦੀ ਰਹੀ। ਮੈਂ ਉਹਦੇ ਮੱਥੇ ਉੱਤੇ ਇੱਕ ਛੋਟੀ ਜਿਹੀ ਬਿੰਦੀ ਵੀ ਲਾ ਦਿੱਤੀ। ਉਹ ਚਿੜੀ ਵਾਂਗ ਚਹਿਕ ਉੱਠੀ।
ਕੀ ਮੈਂ ਇਹ ਪੱਤਾ ਰੱਖ ਸਕਦੀ ਹਾਂ?ਉਹਨੇ ਬਿੰਦੀਆਂ ਦਾ ਪੱਤਾ ਹੱਥ ਵਿਚ ਲੈਂਦੇ ਹੋਏ ਕਿਹਾ।
ਹਾਂ ਇਹ ਤੇਰੇ ਲਈ ਹੀ ਹੈ।
ਤਦੇ ਉਸ ਦੀ ਮਾਂ ਦੀ ਆਵਾਜ਼ ਆਈ, ਕ੍ਰਿਸਟੀ, ਤੂੰ ਕਿੱਥੇ ਹੈਂ?
ਕ੍ਰਿਸਟੀ ਇਕਦਮ ਸਹਿਮ ਗਈ। ਉਹਦੀ ਸਾਰੀ ਚਹਿਕ ਖਤਮ ਹੋ ਗਈ। ਉਹ ਜਾਣ ਲੱਗੀ, ਪਰ ਉਹਦੀ ਮਾਂ ਪੌੜੀਆਂ ਵਿੱਚ ਆ ਗਈ ਸੀ
 ਮੈਂ ਹਾਏ!ਕਿਹਾ, ਪਰ ਉਹਨੇ ਕੋਈ ਉੱਤਰ ਨਾ ਦੇ ਕੇ  ਸਿਰਫ ਸਿਰ ਝਟਕ ਦਿੱਤਾ। ਉਸਨੇ ਕ੍ਰਸਟੀ ਦਾ ਹੱਥ ਫੜਿਆ , ਉਹਦੇ ਮੱਥੇ ਉੱਤੋਂ ਬਿੰਦੀ ਲਾਹ ਕੇ ਸੁੱਟਦੇ ਹੋਏ ਬੋਲੀ, ਤੈਨੂੰ ਕਿੰਨੀ ਵਾਰ ਮਨ੍ਹਾ ਕੀਤਾ ਹੈ ਕਿ ਇਨ੍ਹਾਂ ਨਾਲ ਗੱਲ ਨਾ ਕਰਿਆ ਕਰ। ਇਹ ਜਾਦੂ-ਟੂਣਾ ਜਾਣਦੇ ਹਨ। ਇਹ ਹਾਥੀਆਂ ਤੇ ਸੱਪਾਂ ਦੇ ਦੇਸ਼ ਤੋਂ ਆਏ ਹਨ…।
ਉਹ ਪਤਾ ਨਹੀਂ ਕੀ ਕੀ ਬੋਲਦੀ ਜਾ ਰਹੀ ਸੀ। ਕ੍ਰਿਸਟੀ ਨੇ ਬੇਬਸੀ ਵਿਚ ਮੁੜਕੇ ਇਕ ਵਾਰ ਮੇਰੇ ਵੱਲ ਦੇਖਿਆ। ਉਹਦੀ ਮਾਂ ਉਸਨੂੰ ਲਗਭਗ ਘੜੀਸਦੀ ਹੋਈ ਲਿਜਾ ਰਹੀ ਸੀ।
                           -0-