ਨਿਰਮਲਾ ਸਿੰਘ
ਪੰਜ ਸਾਲ ਹੋ ਗਏ ਰੀਨਾ ਦੇ ਅੰਤਰਜਾਤੀ ਵਿਆਹ ਹੋਏ ਨੂੰ। ਸੁੱਖ-ਦੁੱਖ ਤੇ ਤੀਜ-ਤਿਉਹਾਰ ਮੌਕੇ ਹੀ ਰੀਨਾ ਪੇਕੇ ਜਾਂਦੀ ਸੀ। ਪਰ ਪਿਤਾ ਦੇ ਬੀਮਾਰ ਪੈ ਜਾਣ ਕਾਰਨ ਰੀਨਾ ਹਫਤੇ ਵਿਚ ਇਕ-ਦੋ ਵਾਰ ਪੇਕੇ ਆ ਜਾਂਦੀ ਹੈ। ਪਿਤਾ ਦੀ ਦੇਖਭਾਲ ਤੇ ਸੇਵਾ ਕਰਦੀ ਹੈ। ਉਹਦੀ ਸੇਵਾ ਨਾਲ ਪਿਤਾ ਦਾ ਪੱਥਰ-ਦਿਲ ਮੋਮ ਵਾਂਗ ਪਿਘਲ ਗਿਆ। ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਜਾਇਦਾਦ ਤੋਂ ਬੇਦਖਲ ਕੀਤੀ ਗਈ ਰੀਨਾ ਨੂੰ ਨਵੀਂ ਵਸੀਅਤ ਰਾਹੀਂ ਫਿਰ ਉਸਦਾ ਹਿੱਸਾ ਮਿਲ ਗਿਆ।
ਪਿਉ-ਧੀ ਦਾ ਵਧਦਾ ਪਿਆਰ ਦੇਖ ਕੇ ਪੁੱਤਰ ਦੁਖੀ ਹੋ ਗਿਆ। ਇਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, “ਇਹ ਸਭ ਕੀ ਹੋ ਰਿਹੈ? ਏਨੀਆਂ ਕੋਸ਼ਿਸ਼ਾਂ ਕਰ ਕੇ ਮਸਾਂ ਪਿਤਾ ਜੀ ਦਾ ਰੀਨਾ ਨਾਲ ਸਬੰਧ ਤੁਡ਼ਵਾਇਆ ਸੀ। ਪਰ ਫਿਰ ਸਭ ਗਡ਼ਬਡ਼ ਹੋ ਗਈ…।”
ਹਾਰੇ ਹੋਏ ਜੁਆਰੀ ਵਾਂਗ ਪਤਨੀ ਬੋਲੀ, “ਹੁਣ ਤਾਂ ਸਭ ਖਤਮ ਹੋ ਗਿਆ। ਤੁਸੀਂ ਤਾਂ ਬਸ ਦੇਖਦੇ ਰਹੇ, ਪਿਤਾ ਜੀ ਨੇ ਤੁਹਾਡੀ ਭੈਣ ਨੂੰ ਉਹਦੇ ਹਿੱਸੇ ਦੀ ਜਾਇਦਾਦ ਦੇ ਦਿੱਤੀ,” ਉਹ ਫਿਰ ਉੱਚੀ ਆਵਾਜ਼ ਵਿਚ ਬੋਲੀ, “ਇਹ ਸਭ ਤੁਹਾਡੀ ਈ ਗਲਤੀ ਐ, ਭੈਣ ਦਾ ਆਉਣਾ-ਜਾਣਾ ਰੋਕਣਾ ਸੀ।”
“ਓਏ, ਮੈਂ ਕਿਵੇਂ ਰੋਕ ਸਕਦਾ ਸੀ ਧੀ ਨੂੰ ਪਿਉ ਨਾਲ ਮਿਲਣ ਤੋਂ? ਉਹ ਤਾਂ ਸੇਵਾ ਕਰਨ ਆਉਂਦੀ ਸੀ ਤੇ ਜਿੱਤ ਗਈ। ਉਂਜ ਵੀ ਉਹ ਸ਼ੁਰੂ ਤੋਂ ਹਮੇਸ਼ਾ ਜਿੱਤਦੀ ਈ ਆਈ ਐ, ਚਾਹੇ ਖੇਡ ਹੋਵੇ, ਡਿਬੇਟ ਹੋਵੇ। ਉਹ ਕਲਾਸ ’ਚ ਵੀ ਸਦਾ ਫਸਟ ਆਉਂਦੀ ਰਹੀ ਐ। ਉਹ ਇਸ ਖੇਡ ’ਚ ਵੀ ਜਿੱਤ ਗਈ।”
ਬਾਹਰ ਦਰਵਾਜੇ ਉੱਤੇ ਖਡ਼ੀ ਰੀਨਾ ਸਭ ਸੁਣ ਰਹੀ ਸੀ। ਉਹਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਉਹ ਹੌਲੇ ਜਿਹੇ ਕਮਰੇ ਵਿਚ ਆ ਕੇ ਬੋਲੀ, “ਵੀਰੇ, ਇਹ ਤਾਂ ਸਹੀ ਐ ਕਿ ਮੈਂ ਸਦਾ ਜਿੱਤੀ ਆਂ, ਪਰ ਇਹ ਖੇਡ ਨਹੀਂ, ਪਿਉ-ਧੀ ਦਾ ਪਿਆਰ ਐ ਤੇ ਜਿੱਤ ਸਦਾ ਪਿਆਰ ਦੀ ਹੁੰਦੀ ਐ।”
-0-