Thursday, November 11, 2010

ਹਿੰਦੀ/ਸਾਂਝਾ ਦਰਦ


ਸੁਦਰਸ਼ਨ ਰਤਨਾਕਰ
ਅਸਮਾਨ ਵਿਚ ਬੱਦਲ ਛਾਏ ਸਨ। ਠੰਡੀ ਹਵਾ ਦੇ ਝੋਕੇ ਅੰਦਰ ਤੀਕ ਕੰਬਾ ਰਹੇ ਸਨ। ਅਜਿਹੇ ਮੌਸਮ ਵਿਚ ਉਹ ਪੂਰੀ ਕਾਲੋਨੀ ਦੇ ਦੋ ਚੱਕਰ ਲਾ ਚੁੱਕਾ ਸੀ। ਪਰੰਤੂ ਕਿਸੇ ਵੀ ਘਰ ਤੋਂ ਉਹਨੂੰ ਮੰਜਾ ਠੀਕ ਕਰਨ ਦਾ ਬੁਲਾਵਾ ਨਹੀਂ ਆਇਆ। ਹੌਂਸਲਾ ਕਰਕੇ ਇਕ-ਦੋ ਘਰਾਂ ਵਿਚ ਤਾਂ ਉਹਨੇ ਦਰਵਾਜਾ ਖਡ਼ਕਾ ਕੇ ਵੀ ਪੁੱਛ ਲਿਆ ਸੀ। ਪਰ ਹਰ ਕਿਤੋਂ ਉੱਤਰ ਮਿਲਿਆ, ਨਹੀਂ ਭਰਾ, ਜਦੋਂ ਮੰਜਾ ਹੀ ਨਹੀਂ ਹੈ ਤਾਂ ਠੀਕ ਕੀ ਕਰਵਾਵਾਂਗੇ।
ਪਾਸ਼ ਕਾਲੋਨੀਆਂ ਵਿਚ ਮੰਜੇ ਰੱਖਣ ਦਾ ਰਿਵਾਜ ਹੀ ਨਹੀਂ ਰਿਹਾ। ਮੱਧ ਵਰਗ ਵਾਲੇ ਇਕ-ਅੱਧ ਮੰਜਾ ਰੱਖ ਲੈਂਦੇ ਹਨ। ਟੁੱਟੀ ਸਾਇਕਲ ਉੱਤੇ ਉਹ ਗਲੀਆਂ ਦਾ ਚੱਕਰ ਲਾਉਂਦਾ ਰਹਿੰਦਾ ਹੈ। ਕਦੇ-ਕਦੇ ਕੰਮ ਮਿਲ ਜਾਂਦਾ ਹੈ। ਪਰ ਇਸ ਨਾਲ ਉਹਦਾ ਤੇ ਪਰਿਵਾਰ ਦਾ ਪੇਟ ਨਹੀਂ ਭਰਦਾ।
ਉਹ ਗੰਦੇ ਨਾਲੇ ਦੇ ਪਾਰ ਵਾਲੀ ਬਸਤੀ ਵਿਚ ਆ ਗਿਆ। ਹੋਕਾ ਦੇ ਹੀ ਰਿਹਾ ਸੀ ਕਿ ਉਹਨੂੰ ਇਕ ਝੌਂਪਡ਼ੀ ਦੇ ਬਾਹਰ ਹੀ ਜੰਗਾਲ ਲੱਗਾ ਲੋਹੇ ਦਾ ਇਕ ਮੰਜਾ ਦਿੱਸ ਗਿਆ। ਉਹਦੀਆਂ ਵਾਛਾਂ ਖਿਡ਼ ਗਈਆਂ। ਜਿਸਦਾ ਮੰਜਾ ਹੈ, ਉਹ ਸ਼ਾਇਦ ਠੀਕ ਕਰਵਾ ਹੀ ਲਵੇ। ਇਹ ਸੋਚਕੇ ਉਹ ਉੱਥੇ ਪਹੁੰਚ ਗਿਆ। ਝੌਂਪਡ਼ੀ ਵਿਚ ਝਾਕ ਕੇ ਦੇਖਿਆ, ਅੰਦਰ ਕੋਈ ਸੌਂ ਰਿਹਾ ਸੀ। ਉਹਨੇ ਆਵਾਜ਼ ਦਿੱਤੀ, ਕਿਉਂ ਭਰਾ, ਮੰਜਾ ਠੀਕ ਕਰਵਾਉਣੈ?
ਆਵਾਜ਼ ਸੁਣਕੇ ਉਹ ਆਦਮੀ ਹਡ਼ਬਡ਼ਾ ਕੇ ਉੱਠ ਬੈਠਾ ਤੇ ਬੋਲਿਆ, ਠੀਕ ਤਾਂ ਕਰਵਾਉਣੈ, ਕਿੰਨੇਂ ਪੈਸੇ ਲਏਂਗਾ?
ਉਹਨੇ ਮੰਜੇ ਨੂੰ ਧਿਆਨ ਨਾਲ ਦੇਖ ਕੇ ਦੱਸਿਆ, ਚਾਲੀ ਰੁਪਏ ਲੱਗਣਗੇ।
ਉਸ ਆਦਮੀ ਦਾ ਚਿਹਰਾ ਉੱਤਰ ਗਿਆ, ਨਹੀਂ ਭਰਾ, ਏਨੇ ਪੈਸੇ ਨਹੀਂ ਹਨ, ਰਹਿਣ ਦੇ।
ਕੁਝ ਘੱਟ ਕਰ ਦੂੰਗਾ, ਠੀਕ ਤਾਂ ਕਰਵਾ ਲੈ।ਉਹ ਬੋਲਿਆ।
ਪੈਸੇ ਹੁੰਦੇ ਤਾਂ ਨਵਾਂ ਮੰਜਾ ਈ ਨਾ ਲੈ ਲੈਂਦਾ। ਸਰਦੀ ’ਚ ਜ਼ਮੀਨ ਤੇ ਸੌਣ ਨਾਲ ਠੰਡ ਲਗਦੀ ਐ। ਮਜ਼ਦੂਰੀ ਕਰਨ ਗਿਆ ਸੀ। ਉੱਥੇ ਇਹ ਮੰਜਾ ਦੇਖ ਕੇ ਮਾਲਕ ਤੋਂ ਮੰਗ ਲਿਆਇਆ। ਕਈ ਦਿਨ ਹੋਗੇ। ਏਨੇ ਪੈਸੇ ਈ ਨਹੀਂ ਹਨ ਕਿ ਠੀਕ ਕਰਵਾ ਲੈਂਦਾ। ਸਿਲ੍ਹਾਬੇ ਫਰਸ਼ ਤੇ ਸੌਣ ਨਾਲ ਠੰਡ ਹੱਡੀਆਂ ’ਚ ਵਡ਼ ਜਾਂਦੀ ਐ। ਅਜੇ ਰਹਿਣ ਦੇ ਭਰਾ, ਫੇਰ ਕਦੇ ਠੀਕ ਕਰਵਾ ਲੂੰਗਾ।ਕਹਿਕੇ ਉਹ ਕੰਬਲ ਮੂੰਹ ਉੱਪਰ ਢਕ ਕੇ ਲੇਟ ਗਿਆ।
ਉਹ ਉੱਥੇ ਹੀ ਬੈਠਾ ਰਿਹਾ। ਥੋਡ਼ੀ ਦੇਰ ਬਾਦ ਉਸ ਆਦਮੀ ਨੂੰ ਜ਼ੋਰ ਦੀ ਖੰਘ ਛਿਡ਼ੀ। ਉਹ ਉੱਠ ਕੇ ਬੈਠ ਗਿਆ। ਉਸਨੇ ਉਹਨੂੰ ਉੱਥੇ ਬੈਠਾ ਦੇਖਿਆ ਤਾਂ ਬੋਲਿਆ, ਕਿਉਂ ਬੈਠਾ ਐਂ ਭਰਾ? ਮੈਂ ਤਾਂ ਮੰਜਾ ਠੀਕ ਨਹੀਂ ਕਰਵਾ ਸਕਣਾ। ਹੁਣ ਤਾਂ ਸਰਦੀ ਇਉਂ ਈ ਬੀਤ ਜੂਗੀ। ਨਾਲੇ ਇਹ ਕਿਹਡ਼ਾ ਨਵੀਂ ਗੱਲ ਐ! ਜ਼ਿੰਦਗੀ ਇਉਂਈ ਲੰਘ ਗੀ, ਬਾਕੀ ਦੀ ਵੀ ਲੰਘ ਜੂ। ਉਹ ਖੰਘਦਾ ਹੋਇਆ ਫਿਰ ਲੇਟ ਗਿਆ।
ਉਹਨੇ ਮੰਜਾ ਖੋਲ੍ਹਿਆ। ਕਪਡ਼ੇ ਨਾਲ ਸਾਫ ਕੀਤਾ। ਜਿੱਥੋਂ-ਜਿੱਥੋਂ ਨਵਾਰ ਟੁੱਟੀ ਸੀ, ਠੀਕ ਕੀਤੀ। ਜਿੱਥੇ ਨਵੀਂ ਦੀ ਲੋਡ਼ ਸੀ, ਨਵੀਂ ਪਾ ਦਿੱਤੀ।
ਮੰਜਾ ਠੀਕ ਕਰਕੇ ਉਹਨੇ ਅੰਦਰ ਰੱਖ ਦਿੱਤਾ। ਭੁੱਖ ਦੇ ਮਾਰੇ ਉਹਦੇ ਪੇਟ ਵਿਚ ਕੁਲਬੁਲਾਹਟ ਹੋ ਰਹੀ ਸੀ, ਪਰ ਚਿਹਰੇ ਉੱਤੇ ਡੂੰਘਾ ਸੰਤੋਸ਼ ਸੀ।
ਉਹ ਮੰਜੇ ਠੀਕ ਕਰਵਾ ਲਓ! ਦਾ ਹੋਕਾ ਦਿੰਦਾ ਅੱਗੇ ਵਧ ਗਿਆ।
                                                -0-

No comments: