ਅੰਜਨਾ ਅਨਿਲ
“ਮਾਂ, ਮੈਂ ਹੁਣੇ ਦੇਖਕੇ ਆਇਐਂ, ਦੀਨੂ ਅੱਜ ਫੇਰ ਪਿਤਾ ਜੀ ਦੇ ਕਮਰੇ ’ਚ ਸੌਂ ਰਿਹੈ!” ਮੁੰਡੇ ਨੂੰ ਬਹੁਤ ਗੁੱਸਾ ਆ ਰਿਹਾ ਸੀ।
“ਹਾਂ-ਹਾਂ, ਮੈਂ ਤਾਂ ਪਹਿਲਾਂ ਈ ਕਹਿੰਦੀ ਸੀ ਕਿ ਇਹ ਨਵਾਂ ਨੌਕਰ ਇਕਦਮ ਚਾਲੂ ਐ। ਥੋਡ਼ੀ ਜੀ ਨਰਮੀ ਵਰਤੀ ਨ੍ਹੀਂ ਕਿ ਇਹਦੇ ਪੈਰ ਤੇਰੇ ਪਿਤਾ ਜੀ ਦੇ ਕਮਰੇ ਵੱਲ…।” ਮਾਂ ਚਿੰਤਤ ਸੀ, “ਇਸ ਮੋਏ ਨੂੰ ਆਏ ਅਜੇ ਦਿਨ ਈ ਕਿੰਨੇ ਹੋਏ ਨੇ। ਆਪਣੀ ਕੋਠਡ਼ੀ ਤੋਂ ਇਨ੍ਹਾਂ ਦੇ ਕਮਰੇ ਤਕ ਜਾਣ ਦੀ ਹਿੰਮਤ ਤਾਂ ਦੇਖੋ। ਹੇ ਰਾਮ, ਇਹ ਤਾਂ ਦੋ-ਚਾਰ ਦਿਨਾਂ ’ਚ ਈ ਨਜ਼ਾਰੇ ਦਿਖਾਣ ਲੱਗ ਪਿਆ। ਕੀ ਕਰਾਂ, ਤਿੰਨ-ਤਿੰਨ ਨੂਹਾਂ ਨੇ ਘਰ ’ਚ, ਪਰ ਸਾਰੀਆਂ ਦੀਆਂ ਸਾਰੀਆਂ ਨਿਕੰਮੀਆਂ। ਨਹੀਂ ਤਾਂ ਕੀ ਲੋਡ਼ ਸੀ ਨੌਕਰ ਦੀ।”
ਉਹ ਆਪਣੇ ਪਤੀ ਦੇ ਕਮਰੇ ਵੱਲ ਮੁਡ਼ੀ, “ਅੱਜ ਇਸ ਦੀ ਖੈਰ ਨਹੀਂ! ਓ ਦੀਨੂ ਦੇ ਬੱਚੇ, ਕੰਬਖਤ…”
ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਦੀਨੂ ਸਹਿਮਿਆ ਜਿਹਾ ਬੋਲਿਆ, “ਮਾਂ ਜੀ, ਸਾਰੀ ਰਾਤ ਬਾਬੂ ਜੀ ਖੰਘਦੇ ਰਹੇ। ਉਨ੍ਹਾਂ ਨੂੰ ਉਲਟੀਆਂ ਵੀ ਆਈਆਂ। ਤੁਸੀਂ ਸਾਰੇ ਆਪਣੇ-ਆਪਣੇ ਕਮਰਿਆਂ ’ਚ ਸੁੱਤੇ ਸੀ। ਉਹ ਬਡ਼ੇ ਔਖੇ ਹੋ ਕੇ ਮੇਰੀ ਕੋਠਡ਼ੀ ਤਕ ਪਹੁੰਚੇ। ਮੈਂ ਕਿਹਾ, ਮਾਲਕਣ ਨੂੰ ਜਗਾ ਦਿਆਂ? ਬੋਲੇ, ਚੁੱਪ ਹੋ ਜਾ। ਮੈਂ ਕਿਹਾ, ਛੋਟੇ ਮਾਲਕ ਨੂੰ ਜਗਾ ਲਿਆਵਾਂ, ਛੋਟੀ ਮਾਲਕਣ ਨੂੰ ਬੁਲਾ ਲਿਆਵਾਂ? ਉਹ ਰੋਣ ਲੱਗ ਪਏ। ਬੋਲੇ, ਤੂੰ ਵੀ ਜਾਣਾ ਤਾਂ ਜਾ…। ਛੱਡ ਜਾ ’ਕੱਲੇ ਨੂੰ…ਮਰਨ ਦੇ ਮੈਨੂੰ…। ਮਾਂ ਜੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ।”
ਮਾਂ ਨੂੰ ਕੱਟੋ ਤਾਂ ਖੂਨ ਨਹੀਂ। ਉਹ ਕਦੇ ਦੀਨੂ ਨੂੰ ਦੇਖ ਰਹੀ ਸੀ ਤੇ ਕਦੇ ਬੀਮਾਰ ਪਤੀ ਨੂੰ।
-0-