“ਇਹ ਮੇਰੇ ਸਾਈਨ ਨਹੀਂ ਹਨ, ਬੋਲ ਤੂੰ ਹੀ ਕੀਤੇ ਹਨ ਨਾ ਮੇਰੇ ਸਾਈਨ?” ਸੁਮਨ ਮੈਡਮ ਨੇ ਕਡ਼ਕ ਕੇ ਪੁੱਛਿਆ।
“ਨਹੀਂ ਮੈਡਮ।” ਨਾਂ ਦੇ ਅੰਗਰੇਜ਼ੀ ਮਾਧਿਅਮ ਸਕੂਲ ਦੀ ਤੀਜੀ ਜਮਾਤ ਵਿਚ ਪਡ਼੍ਹਨ ਵਾਲੀ ਰੇਖਾ ਨੇ ਡਰਦੇ ਹੋਏ ਉੱਤਰ ਦਿੱਤਾ।
“ਝੂਠ ਬੋਲਦੀ ਐਂ, ਹੱਥ ਪੁੱਠੇ ਕਰਕੇ ਮੇਜ ਉੱਤੇ ਰੱਖ।”
ਰੇਖਾ ਨੇ ਸਹਿਮਦੇ ਹੋਏ ਹੱਥ ਅੱਗੇ ਕਰ ਦਿੱਤੇ। ਮੈਡਮ ਨੇ ‘ਤਡ਼ਾਕ’ ਦੇਣੇ ਲੱਕਡ਼ ਦਾ ਡਸਟਰ ਉਹਦੇ ਕੋਮਲ ਹੱਥਾਂ ਉੱਤੇ ਦੇ ਮਾਰਿਆ। ਕੁਡ਼ੀ ਰੋਣ ਲੱਗ ਪਈ।
“ਜੇਕਰ ਤੂੰ ਸੱਚ ਦੱਸ ਦੇਂਗੀ ਤਾਂ ਮੈਂ ਤੈਨੂੰ ਛੱਡ ਦਿਆਂਗੀ। ਬੋਲ ਤੂੰ ਹੀ ਕੀਤੇ ਹਨ ਨਾ ਸਾਈਨ?”
“ਨਹੀਂ ਮੈਡਮ, ਮੈਂ ਸੱਚ ਕਹਿ ਰਹੀ ਆਂ, ਮੈਂ ਨਹੀਂ ਕੀਤੇ।” ਕੁਡ਼ੀ ਨੇ ਰੋਂਦੇ ਹੋਏ ਕਿਹਾ।
ਮੈਡਮ ਗੁੱਸੇ ਨਾਲ ਪਾਗਲ ਹੋ ਗਈ। ‘ਤਡ਼ਾਕ, ਤਡ਼ਾਕ ਤਡ਼ਾਕ’ ਮੈਡਮ ਨੇ ਮਾਸੂਮ ਹੱਥਾਂ ਉੱਪਰ ਬੇਹਿਸਾਬ ਮਾਰ ਮਾਰੀ।
ਕੁਡ਼ੀ ਤੋਂ ਦਰਦ ਸਹਿਣ ਨਹੀਂ ਹੋਇਆ ਤਾਂ ਉਹਨੇ ਮੰਨ ਲਿਆ ਕਿ ਉਹ ‘ਸਾਈਨ’ ਉਸਨੇ ਹੀ ਕੀਤੇ ਸਨ। ਤਦ ਮੈਡਮ ਦੇ ਚਿਹਰੇ ਉੱਤੇ ਜੇਤੂ ਮੁਸਕਾਨ ਤੈਰ ਗਈ, “ਆਖਰ ਸੱਚ ਉਗਲਵਾ ਹੀ ਲਿਆ।”
ਸ਼ਾਮੀਂ ਘਰ ਪਹੁੰਚ ਕੇ ਸੁਮਨ ਨੇ ਕਾਪੀਆਂ ਦਾ ਬੰਡਲ ਚੈੱਕ ਕਰਨ ਲਈ ਬੈਗ ਵਿੱਚੋਂ ਬਾਹਰ ਕੱਢਿਆ ਹੀ ਸੀ ਕਿ ਉਹਦਾ ਨਿੱਕਾ ਜਿਹਾ ਬੇਟਾ ਖੇਡਦਾ ਹੋਇਆ ਉਸ ਕੋਲ ਆ ਕੇ ਬੋਲਿਆ, “ਮੰਮੀ, ਮੈਨੂੰ ਤੁਹਾਡੀ ਤਰ੍ਹਾਂ ਕਾਪੀ ਚੈੱਕ ਕਰਨਾ ਬਹੁਤ ਚੰਗਾ ਲਗਦਾ ਹੈ। ਪਲੀਜ, ਇਕ ਕਾਪੀ ਮੈਨੂੰ ਵੀ ਦੇ ਦਿਓ।”
ਸੁਮਨ ਮੈਡਮ ਦਾ ਮੱਥਾ ਠਣਕਿਆ, “ਤੂੰ ਕੱਲ ਵੀ ਇੱਥੋਂ ਕਾਪੀ ਚੁੱਕੀ ਸੀ?”
“ਹਾਂ ਮੰਮੀ, ਬਹੁਤ ਮਜ਼ਾ ਆਇਆ। ਜਵਾਂ ਤੁਹਾਡੇ ਵਾਂਗ ਕਾਪੀ ਚੈੱਕ ਕੀਤੀ ਮੈਂ।”
ਸੁਮਨ ਨੇ ਆਪਣਾ ਮੱਥਾ ਫਡ਼ ਲਿਆ।
ਉੱਧਰ ਰੇਖਾ ਦੇ ਮਾਂ-ਪਿਉ ਉਸਦਾ ਸੁੱਜਿਆ ਹੋਇਆ ਹੱਥ ਦੇਖ ਕੇ ਸੁੰਨ ਰਹਿ ਗਏ। ਦਿਨ ਰਾਤ ਖੇਤਾਂ ਵਿਚ ਸਖਤ ਮਿਹਨਤ ਕਰਨ ਵਾਲੇ ਮਾਂ-ਪਿਉ ਦਾ ਸਿਰਫ ਇਕ ਹੀ ਮਕਸਦ ਸੀ ਕੀ ਉਹਨਾਂ ਦੀ ਧੀ ਕੁਝ ਪਡ਼੍ਹ-ਲਿਖ ਜਾਵੇ।
“ਅੱਗ ਲਾ ਅਜਿਹੇ ਸਕੂਲ ਨੂੰ, ਕੱਲ ਤੋਂ ਮੇਰੇ ਨਾਲ ਖੇਤ ’ਚ ਕੰਮ ਕਰਨ ਚੱਲੀਂ।” ਮਾਂ ਕੁਡ਼ੀ ਦੇ ਕੋਮਲ ਹੱਥਾਂ ਉੱਪਰ ਹਲਦੀ ਲਾਉਂਦੀ ਹੋਈ ਰੋਈ ਜਾ ਰਹੀ ਸੀ।
-0-
No comments:
Post a Comment