ਇੰਗਲੈਂਡ ਦਾ ਇਕ ਸੁੰਦਰ ਸ਼ਹਿਰ। ਇੱਜ਼ਤਦਾਰ ਅੰਗਰੇਜ਼ ਪਰਿਵਾਰ ਦਾ ਹੇਨਰੀ। ਉਮਰ ਅਗਲੀ ਕ੍ਰਿਸਮਸ ਨੂੰ ਅੱਠ ਸਾਲ। ਸਕੂਲ ਤੋਂ ਮੁੜਦੇ ਹੀ ਉਹ ਆਪਣੀ ਮਾਂ ਕੋਲ ਜਾ ਕੇ ਬੋਲਿਆ, “ਮੰਮੀ, ਕੱਲ ਨੂੰ ਮੈਂ ਆਪਣੇ ਇਕ ਦੋਸਤ ਨੂੰ ਆਪਣੇ ਘਰ ਭੋਜਨ ‘ਤੇ ਸੱਦਿਆ ਹੈ।”
“ਸੱਚ! ਤੂੰ ਤਾਂ ਬੜਾ ਸ਼ੋਸ਼ਲ ਹੁੰਦਾ ਜਾ ਰਿਹੈਂ।”
“ਠੀਕ ਹੈ ਨਾ ਮੰਮੀ?”
“ਹਾਂ ਬੇਟੇ, ਬਹੁਤ ਠੀਕ ਹੈ। ਦੋਸਤਾਂ ਦਾ ਇਕ ਦੂਜੇ ਦੇ ਆਉਣਾ-ਜਾਣਾ ਚੰਗਾ ਰਹਿੰਦਾ ਹੈ। ਕੀ ਨਾਂ ਹੈ ਤੇਰੇ ਦੋਸਤ ਦਾ?”
“ਵਿਲਿਅਮ।”
“ਬਹੁਤ ਸੁੰਦਰ ਨਾਂ ਹੈ।”
“ਉਹ ਮੇਰਾ ਬੜਾ ਹੀ ਨਜ਼ਦੀਕੀ ਹੈ, ਮੰਮੀ। ਕਲਾਸ ’ਚ ਮੇਰੇ ਨਾਲ ਹੀ ਬੈਠਦਾ ਹੈ।”
“ਬਹੁਤ ਚੰਗਾ ਹੈ।”
“ਤਾਂ ਫੇਰ ਕੱਲ ਨੂੰ ਉਸ ਨੂੰ ਲੈ ਆਵਾਂਗਾ।”
“ਹਾਂ ਹੇਨਰੀ, ਜ਼ਰੂਰ ਲੈ ਆਵੀਂ।”
ਹੇਨਰੀ ਕਮਰੇ ਵਿੱਚੋਂ ਚਲਾ ਗਿਆ। ਕੁਝ ਦੇਰ ਬਾਦ ਉਹਦੀ ਮਾਂ ਉਸ ਲਈ ਦੁੱਧ ਲੈ ਕੇ ਆਈ। ਹੇਨਰੀ ਜਦੋਂ ਦੁੱਧ ਪੀਣ ਲੱਗਾ ਤਾਂ ਉਸਦੀ ਮਾਂ ਪੁੱਛ ਬੈਠੀ, “ਕੀ ਨਾਂ ਦੱਸਿਆ ਸੀ ਆਪਣੇ ਦੋਸਤ ਦਾ?”
“ਵਿਲਿਅਮ।”
“ਰੰਗ ਕੀ ਹੈ ਵਿਲਿਅਮ ਦਾ?”
ਹੇਨਰੀ ਨੇ ਦੁੱਧ ਪੀਣਾ ਛੱਡ ਕੇ ਆਪਣੀ ਮਾਂ ਵੱਲ ਦੇਖਿਆ। ਕੁਝ ਉਧੇੜਬੁਣ ਵਿਚ ਪਏ ਨੇ ਕਿਹਾ, “ਰੰਗ? ਮੈਂ ਕੁਝ ਸਮਝਿਆ ਨਹੀਂ।”
“ਮਤਲਬ ਇਹ ਕਿ ਤੇਰਾ ਦੋਸਤ ਸਾਡੇ ਵਾਂਗ ਗੋਰਾ ਹੈ ਜਾਂ ਕਾਲਾ?”
ਇਕ ਛਿਣ ਚੁੱਪ ਰਹਿ, ਅਗਲੇ ਛਿਣ ਪੂਰੀ ਮਾਸੂਮੀਅਤ ਨਾਲ ਹੇਨਰੀ ਨੇ ਪੁੱਛਿਆ, “ਰੰਗ ਦਾ ਪ੍ਰਸ਼ਨ ਜ਼ਰੂਰੀ ਹੈ ਕੀ, ਮੰਮੀ?”
“ਹਾਂ ਹੇਨਰੀ, ਤਦ ਹੀ ਤਾਂ ਪੁੱਛ ਰਹੀ ਹਾਂ।”
“ਗੱਲ ਇਹ ਹੈ ਮੰਮੀ ਕਿ ਉਸਦਾ ਰੰਗ ਦੇਖਣਾ ਤਾਂ ਮੈਂ ਭੁੱਲ ਹੀ ਗਿਆ।”
-0-