Sunday, November 15, 2009

ਹਿੰਦੀ/ ਚੀਸ


ਡਾ. ਯੋਗੇਂਦਰਨਾਥ ਸ਼ੁਕਲ

ਚਾਚਾ ਜੀ! ਇਹ ਡਰਾਇੰਗਰੂਮ…ਇਹ ਬੈੱਡਰੂਮ…ਇਸ ਟਾਇਲੈਟ ਦਾ ਸੰਗਮਰਮਰ ਮੈਂ ਰਾਜਸਥਾਨ ਤੋਂ ਮੰਗਵਾਇਆ…ਚਾਚਾ ਜੀ, ਇਹ ਮੂਰਤੀ ਮੈਂ ਵਿਦੇਸ਼ ਤੋਂ ਮੰਗਵਾਈ ਐ…।
ਉਹਨਾਂ ਦੇ ਮਿੱਤਰ ਦਾ ਬੇਟਾ ਰਮੇਸ਼ ਬੜੇ ਚਾਅ ਨਾਲ ਉਹਨਾਂ ਨੂੰ ਆਪਣਾ ਨਵਾਂ ਬਣਿਆ ਮਕਾਨ ਵਿਖਾ ਰਿਹਾ ਸੀ। ਸਾਰੇ ਮਕਾਨ ਦਾ ਨਿਰੀਖਣ ਉਹ ਇਸ ਤਰ੍ਹਾਂ ਕਰ ਰਹੇ ਸਨ, ਜਿਵੇਂ ਉਹਨਾਂ ਦੀਆਂ ਅੱਖਾਂ ਕਿਸੇ ਚੀਜ ਨੂੰ ਖੋਜ ਰਹੀਆਂ ਹੋਣ। ਇਕ ਸਾਲ ਪਹਿਲਾਂ ਦੇ ਇਕ ਦ੍ਰਿਸ਼ ਨੇ ਉਹਨਾਂ ਦੇ ਹਿਰਦੇ ਵਿਚ ਖਲਬਲੀ ਮਚਾਈ ਹੋਈ ਸੀ।
ਉਹਨਾਂ ਦੇ ਮਿੱਤਰ ਦਾ ਬੇਜਾਨ ਸ਼ਰੀਰ ਜ਼ਮੀਨ ਉੱਤੇ ਪਿਆ ਸੀ। ਲੋਕ ਉਹਨਾਂ ਦੇ ਮ੍ਰਿਤ ਸ਼ਰੀਰ ਨੂੰ ਅਰਥੀ ਉੱਤੇ ਲ਼ਿਟਾਉਣਾ ਚਾਹੁੰਦੇ ਸਨ। ਪਰ ਰਮੇਸ਼ ਪਿਤਾ ਦੇ ਮ੍ਰਿਤ ਸ਼ਰੀਰ ਨਾਲ ਚਿੰਬੜਿਆ ਹੋਇਆ ਸੀ ਤੇ ਚੀਕ ਚੀਕ ਕੇ ਵਿਰਲਾਪ ਕਰ ਰਿਹਾ ਸੀ। ਉਹਨਾਂ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਲਾਸ਼ ਤੋਂ ਵੱਖ ਕੀਤਾ ਸੀ।
ਚਾਚਾ ਜੀ, ਆਓ ਨਾਸ਼ਤਾ ਲੱਗ ਗਿਆ।ਰਮੇਸ਼ ਦੀ ਆਵਾਜ਼ ਸੁਣ ਕੇ ਉਹ ਉਸਦੇ ਪਿੱਛੇ ਤੁਰ ਪਏ। ਨਾਸ਼ਤਾ ਕਰਦੇ ਸਮੇਂ ਰਮੇਸ਼ ਨੇ ਉਹਨਾਂ ਨੂੰ ਪੁੱਛਿਆ, ਚਾਚਾ ਜੀ! ਘਰ ਤੁਹਾਨੂੰ ਕਿਹੋ ਜਿਹਾ ਲੱਗਾ?
ਜਦੋਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਰਮੇਸ਼ ਨੇ ਪ੍ਰਸ਼ਨ ਫਿਰ ਤੋਂ ਪੁੱਛਿਆ।
ਪੁੱਤਰ! ਤੇਰਾ ਘਰ ਤਾਂ ਬਹੁਤ ਸੁੰਦਰ ਹੈ…ਆਪਣੇ ਪਿਤਾ ਦੇ ਮਕਾਨ ਨੂੰ ਤੁੜਵਾ ਕੇ ਤੂੰ ਬਹੁਤ ਸੁੰਦਰ ਮਕਾਨ ਬਣਵਾਇਆ ਹੈ, ਪਰੰਤੂ ਇਸ ਘਰ ਵਿਚ ਕਿਤੇ ਵੀ ਮੈਨੂੰ ਆਪਣੇ ਮਿੱਤਰ ਦੀ ਕੋਈ ਤਸਵੀਰ ਦਿਖਾਈ ਨਹੀਂ ਦਿੱਤੀ।
ਉਹ ਉੱਤਰ ਉਡੀਕ ਰਹੇ ਸਨ, ਪਰ ਰਮੇਸ਼ ਨੀਵੀਂ ਪਾਈ ਗੂੰਗਾ ਬਣਿਆ ਬੈਠਾ ਸੀ।
-0-

ਹਿੰਦੀ/ ਕਰਫਿਊ

ਅਨੰਤ ਸ਼੍ਰੀਮਾਲੀ

ਦੱਸਿਆ ਗਿਆ ਕਿ ਹਿੰਦੂ-ਮੁਸਲਮਾਨਾਂ ਵਿਚ ਦੰਗਾ ਸ਼ੁਰੂ ਹੋ ਗਿਆ ਹੈ ਤੇ ਸ਼ਹਿਰ ਕਰਫਿਊ ਦੀ ਚਪੇਟ ਵਿਚ ਹੈ। ਪਰ ਇਸ ਸਭ ਤੋਂ ਰਾਮ ਤੇ ਰਹੀਮ ਬੇਅਸਰ ਸਨ।
ਰਾਮ ਨੇ ਕਿਹਾ, “ਰਹੀਮ ਭਾਈਜਾਨ, ਕਰਫਿਊ ਦੇ ਕਾਰਨ ਦੁੱਧ ਨਹੀ ਆਇਆ, ਚਾਹ ਦੀ ਤਲਬ ਲੱਗੀ ਐ।”
ਰਹੀਮ ਨੇ ਉੱਤਰ ਦਿੱਤਾ, “ਭਰਾ, ਦੁੱਧ ਮੇਰੇ ਕੋਲ ਐ। ਖੰਡ ਖਤਮ ਹੋ ਗਈ, ਉਹ ਲੈ ਆਓ। ਆਜੋ ਮਿਲ ਕੇ ਚਾਹ ਬਣਾਉਂਦੇ ਆਂ।”
ਚਾਹ ਦੇ ਪਾਣੀ ਵਾਂਗ ਹੀ ਰਾਮ ਤੇ ਰਹੀਮ ਦੋਨਾਂ ਦਾ ਖੂਨ ਵੀ ਖੌਲ ਰਿਹਾ ਸੀ ਕਿ ਆਖਰ ਧਰਮ ਦੇ ਨਾਂ ਉੱਤੇ ਲੜਨ ਵਾਲੇ ਲੋਕ ਹਨ ਕੌਣ?
-0-

ਹਿੰਦੀ/ ਤਬਦੀਲੀ

ਡਾ. ਪ੍ਰਮਥਨਾਥ ਮਿਸ਼ਰ

ਰਾਮ ਬਹਾਦੁਰ ਸਾਡੀ ਕੰਪਨੀ ਦਾ ਬਹੁਤ ਪੁਰਾਣਾ ਕਰਮਚਾਰੀ ਸੀ। ਨਿੱਕੇ ਜਿਹੇ ਅਹੁਦੇ ਤੋਂ ਉਹਨੇ ਨੌਕਰੀ ਸ਼ੁਰੂ ਕੀਤੀ ਸੀ ਤੇ ਹੌਲੀ ਹੌਲੀ ਤਰੱਕੀ ਕਰਦਾ ਉਹ ਸਹਾਇਕ ਹੋ ਗਿਆ ਸੀ। ਉਹਨੇ ਆਪਣੀ ਮਹਾਰਤ ਤੇ ਚੰਗੇ ਵਿਵਹਾਰ ਕਾਰਨ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮਨ ਜਿੱਤ ਲਿਆ ਸੀ।
ਪਿਛਲੇ ਕੁਝ ਦਿਨਾਂ ਤੋਂ ਉਹਦੇ ਵਿਵਹਾਰ ਵਿਚ ਤਬਦੀਲੀ ਨਜ਼ਰ ਆ ਰਹੀ ਸੀ। ਲੋਕਾਂ ਵਿਚ ਕਾਨਾਫੂਸੀ ਸ਼ੁਰੂ ਹੋ ਗਈ ਕਿ ‘ਤੇਜ਼ ਜਨਾਨੀ ਦੇ ਇਸ਼ਾਰਿਆਂ ਤੇ ਰਾਮੂ ਨੱਚ ਰਿਹਾ ਹੈ।’
ਦਫਤਰ ਵਿਚ ਆਪਣੇ ਸਾਥੀਆਂ ਦਰਮਿਆਨ ਖੁਦ ਨੂੰ ਉੱਚਾ ਦਿਖਾਉਣ ਦੀ ਉਹਦੀ ਲਲਕ ਦਿਖਾਈ ਦਿੰਦੀ। ਇਸਦਾ ਉਲਟ ਪ੍ਰਭਾਵ ਦੇਖ ਕੇ ਉਹਦਾ ਚਿੜਚਿੜਾਪਨ ਵਧਣ ਲੱਗਾ। ਅਧਿਕਾਰੀਆਂ ਕੋਲ ਵੀ ਆਪਣੀ ਜਿਦ ਨਾਲ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ। ਉਹ ਕਦੇ ਕਦੇ ਅਫਸਰਾਂ ਨਾਲ ਲੜ ਵੀ ਪੈਂਦਾ ਸੀ। ਲੋਕ ਹੈਰਾਨ ਸਨ–‘ਕੀ ਗੱਲ ਹੋਗੀ? ਰਾਮੂ ਤਾਂ ਅਜਿਹਾ ਨਹੀਂ ਸੀ।’
ਦੋ ਦਿਨ ਬਾਦ ਇਕ ਬੁਰੀ ਖ਼ਬਰ ਮਿਲੀ।
ਰਾਮੂ ਦੀ ਪਤਨੀ ਕੰਪਨੀ ਦੇ ਇਕ ਠੇਕੇਦਾਰ ਨਾਲ ਭੱਜ ਗਈ ਸੀ।
-0-