Sunday, November 15, 2009

ਹਿੰਦੀ/ ਚੀਸ


ਡਾ. ਯੋਗੇਂਦਰਨਾਥ ਸ਼ੁਕਲ

ਚਾਚਾ ਜੀ! ਇਹ ਡਰਾਇੰਗਰੂਮ…ਇਹ ਬੈੱਡਰੂਮ…ਇਸ ਟਾਇਲੈਟ ਦਾ ਸੰਗਮਰਮਰ ਮੈਂ ਰਾਜਸਥਾਨ ਤੋਂ ਮੰਗਵਾਇਆ…ਚਾਚਾ ਜੀ, ਇਹ ਮੂਰਤੀ ਮੈਂ ਵਿਦੇਸ਼ ਤੋਂ ਮੰਗਵਾਈ ਐ…।
ਉਹਨਾਂ ਦੇ ਮਿੱਤਰ ਦਾ ਬੇਟਾ ਰਮੇਸ਼ ਬੜੇ ਚਾਅ ਨਾਲ ਉਹਨਾਂ ਨੂੰ ਆਪਣਾ ਨਵਾਂ ਬਣਿਆ ਮਕਾਨ ਵਿਖਾ ਰਿਹਾ ਸੀ। ਸਾਰੇ ਮਕਾਨ ਦਾ ਨਿਰੀਖਣ ਉਹ ਇਸ ਤਰ੍ਹਾਂ ਕਰ ਰਹੇ ਸਨ, ਜਿਵੇਂ ਉਹਨਾਂ ਦੀਆਂ ਅੱਖਾਂ ਕਿਸੇ ਚੀਜ ਨੂੰ ਖੋਜ ਰਹੀਆਂ ਹੋਣ। ਇਕ ਸਾਲ ਪਹਿਲਾਂ ਦੇ ਇਕ ਦ੍ਰਿਸ਼ ਨੇ ਉਹਨਾਂ ਦੇ ਹਿਰਦੇ ਵਿਚ ਖਲਬਲੀ ਮਚਾਈ ਹੋਈ ਸੀ।
ਉਹਨਾਂ ਦੇ ਮਿੱਤਰ ਦਾ ਬੇਜਾਨ ਸ਼ਰੀਰ ਜ਼ਮੀਨ ਉੱਤੇ ਪਿਆ ਸੀ। ਲੋਕ ਉਹਨਾਂ ਦੇ ਮ੍ਰਿਤ ਸ਼ਰੀਰ ਨੂੰ ਅਰਥੀ ਉੱਤੇ ਲ਼ਿਟਾਉਣਾ ਚਾਹੁੰਦੇ ਸਨ। ਪਰ ਰਮੇਸ਼ ਪਿਤਾ ਦੇ ਮ੍ਰਿਤ ਸ਼ਰੀਰ ਨਾਲ ਚਿੰਬੜਿਆ ਹੋਇਆ ਸੀ ਤੇ ਚੀਕ ਚੀਕ ਕੇ ਵਿਰਲਾਪ ਕਰ ਰਿਹਾ ਸੀ। ਉਹਨਾਂ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਲਾਸ਼ ਤੋਂ ਵੱਖ ਕੀਤਾ ਸੀ।
ਚਾਚਾ ਜੀ, ਆਓ ਨਾਸ਼ਤਾ ਲੱਗ ਗਿਆ।ਰਮੇਸ਼ ਦੀ ਆਵਾਜ਼ ਸੁਣ ਕੇ ਉਹ ਉਸਦੇ ਪਿੱਛੇ ਤੁਰ ਪਏ। ਨਾਸ਼ਤਾ ਕਰਦੇ ਸਮੇਂ ਰਮੇਸ਼ ਨੇ ਉਹਨਾਂ ਨੂੰ ਪੁੱਛਿਆ, ਚਾਚਾ ਜੀ! ਘਰ ਤੁਹਾਨੂੰ ਕਿਹੋ ਜਿਹਾ ਲੱਗਾ?
ਜਦੋਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਰਮੇਸ਼ ਨੇ ਪ੍ਰਸ਼ਨ ਫਿਰ ਤੋਂ ਪੁੱਛਿਆ।
ਪੁੱਤਰ! ਤੇਰਾ ਘਰ ਤਾਂ ਬਹੁਤ ਸੁੰਦਰ ਹੈ…ਆਪਣੇ ਪਿਤਾ ਦੇ ਮਕਾਨ ਨੂੰ ਤੁੜਵਾ ਕੇ ਤੂੰ ਬਹੁਤ ਸੁੰਦਰ ਮਕਾਨ ਬਣਵਾਇਆ ਹੈ, ਪਰੰਤੂ ਇਸ ਘਰ ਵਿਚ ਕਿਤੇ ਵੀ ਮੈਨੂੰ ਆਪਣੇ ਮਿੱਤਰ ਦੀ ਕੋਈ ਤਸਵੀਰ ਦਿਖਾਈ ਨਹੀਂ ਦਿੱਤੀ।
ਉਹ ਉੱਤਰ ਉਡੀਕ ਰਹੇ ਸਨ, ਪਰ ਰਮੇਸ਼ ਨੀਵੀਂ ਪਾਈ ਗੂੰਗਾ ਬਣਿਆ ਬੈਠਾ ਸੀ।
-0-

No comments: