Monday, June 9, 2014

ਹਿੰਦੀ/ ਉੱਚਾਈ




ਸੁਕੇਸ਼ ਸਾਹਨੀ

ਉਦਘਾਟਨ ਸਮਾਗਮ ਵਿੱਚ ਬਹੁਤ ਸਾਰੇ ਖੂਬਸੂਰਤ, ਗੋਲ-ਮਟੋਲ ਗੁੱਬਾਰਿਆਂ ਵਿੱਚ ਇੱਕ ਕਾਲਾ, ਬਦਸੂਰਤ ਗੁੱਬਾਰਾ ਵੀ ਸੀ। ਸਾਰੇ ਉਹਦਾ ਮਖੌਲ ਉਡਾ ਰਹੇ ਸਨ।
ਵੇਖੋ, ਕਿੰਨਾ ਬਦਸੂਰਤ ਹੈ!ਗੋਰੇ-ਚਿੱਟੇ ਗੁੱਬਾਰੇ ਨੇ ਮੂੰਹ ਬਣਾਉਂਦੇ ਹੋਏ ਕਿਹਾ, “ਵੇਖਕੇ ਹੀ ਉਲਟੀ ਆਉਂਦੀ ਹੈ।
ਓਏ ਮਰੀਅਲ!ਸੇਬ ਵਰਗਾ ਲਾਲ ਗੁੱਬਾਰਾ ਬੋਲਿਆ, “ਤੇਰੀ ਤਾਂ ਦੋ ਮਿੰਟਾਂ ਚ ਈ ਟੈਂ ਬੋਲ ਜੂਗੀ, ਭੱਜ ਜਾ ਇੱਥੋਂ।
ਭਰਾਓ, ਜਰਾ ਇਹਦੀ ਸ਼ਕਲ ਤਾਂ ਦੇਖੋ,” ਹਰੇ-ਭਰੇ ਗੁੱਬਾਰੇ ਨੇ ਹੱਸਦੇ ਹੋਏ ਕਿਹਾ, “ਜਮਾਂਦਰੂ ਭੁੱਖੜ ਲਗਦਾ ਹੈ।
ਸਭ ਹੱਸਣ ਲੱਗੇ, ਪਰ ਬਦਸੂਰਤ ਗੁੱਬਾਰਾ ਕੁਝ ਨਹੀਂ ਬੋਲਿਆ।। ਉਹਨੂੰ ਪਤਾ ਸੀ ਉੱਚਾ ਉੱਠਣ ਦਾ ਸਬੰਧ ਰੰਗਤ ਨਾਲ ਨਹੀਂ, ਸਗੋਂ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਸਦੇ ਅੰਦਰ ਕੀ ਹੈ।
ਜਦੋਂ ਗੁੱਬਾਰੇ ਛੱਡੇ ਗਏ ਤਾਂ ਕਾਲਾ ਤੇ ਬਦਸੂਰਤ  ਗੁੱਬਾਰਾ ਸਭ ਤੋਂ ਅੱਗੇ ਸੀ।
                         -0-

Sunday, June 1, 2014

ਹਿੰਦੀ / ਬੀਮਾਰ



ਸੁਭਾਸ਼ ਨੀਰਵ

ਚੱਲ ਪੜ੍ਹ…!
ਤਿੰਨ ਸਾਲ ਦੀ ਬੱਚੀ ਕਿਤਾਬ ਖੋਲ੍ਹ ਕੇ ਪੜ੍ਹਨ ਲੱਗੀ, ਊੜਾ ਉੱਠ…ਆੜਾ ਅਨਾਲ…,ਫਿਰ ਇਕਦਮ ਉਸਨੇ ਪੁੱਛਿਆ, ਪਾਪਾ, ਇਹ ਅਨਾਲ ਕੀ ਹੁੰਦੈ?
ਇਹ ਇਕ ਫਲ ਹੁੰਦਾ ਐ ਬੇਟੇ!ਮੈਂ ਉਸਨੂੰ ਸਮਝਾਉਂਦੇ ਹੋਏ ਕਿਹਾ, ਜਿਸ ਵਿਚ ਲਾਲ-ਲਾਲ ਦਾਣੇ ਹੁੰਦੇ ਨੇ…ਮਿੱਠੇ-ਮਿੱਠੇ!
ਪਾਪਾ, ਮੈਂ ਅਨਾਲ ਖਾਊਂਗੀ।ਬੱਚੀ ਪੜ੍ਹਨਾ ਛੱਡ ਜਿੱਦ ਜਿਹੀ ਕਰਨ ਲੱਗੀ।
ਮੈਂ ਉਹਨੂੰ ਝਿੜਕ ਦਿੱਤਾ, ਬੈਠ ਕੇ ਪੜ੍ਹ…ਅਨਾਰ ਬੀਮਾਰ ਲੋਕ ਖਾਂਦੇ ਨੇ…ਤੂੰ ਕੋਈ ਬੀਮਾਰ ਐਂ?…ਅੰਗ੍ਰੇਜ਼ੀ ਦੀ ਕਿਤਾਬ ਪੜ੍ਹ…ਏ ਫਾਰ ਐੱਪਲ…ਐੱਪਲ ਮਾਨੇ…
ਅਚਾਨਕ ਮੈਨੂੰ ਯਾਦ ਆਇਆ, ਦਵਾਈ ਦੇਣ ਮਗਰੋਂ ਡਾਕਟਰ ਨੇ ਸਲਾਹ ਦਿੱਤੀ ਸੀ, ਪਤਨੀ ਨੂੰ ਸੇਬ ਦਿਓ।
ਸੇਬ!
ਤੇ ਮੈਂ ਮਨ ਹੀ ਮਨ ਪੈਸਿਆਂ ਦਾ ਹਿਸਾਬ ਲਾਉਣ ਲੱਗਾ ਸੀ। ਸਬਜ਼ੀ ਵੀ ਖਰੀਦਣੀ ਸੀ। ਦਵਾਈ ਲੈਣ ਮਗਰੋਂ ਜੋ ਪੈਸੇ ਬਚੇ ਸਨ, ਉਹਨਾਂ ਨਾਲ ਇਕ ਵਕਤ ਦੀ ਸਬਜ਼ੀ ਹੀ ਆ ਸਕਦੀ ਸੀ। ਬਹੁਤ ਸੋਚ-ਵਿਚਾਰ ਤੋਂ ਬਾਦ, ਮੈਂ ਇਕ ਸੇਬ ਤੁਲਵਾ ਹੀ ਲਿਆ ਸੀ, ਪਤਨੀ ਲਈ।
ਬੱਚੀ ਪੜ੍ਹ ਰਹੀ ਸੀ, ਏ ਫਾਲ ਐੱਪਲ…ਐੱਪਲ ਮਾਨੇ ਸੇਬ…
ਪਾਪਾ, ਸੇਬ ਵੀ ਬੀਮਾਲ ਲੋਕ ਖਾਂਦੇ ਨੇ?…ਜਿਵੇਂ ਮੰਮੀ?
ਬੱਚੀ ਦੇ ਇਸ ਸਵਾਲ ਦਾ ਜਵਾਬ ਮੇਰੇ ਤੋਂ ਨਹੀਂ ਦਿੱਤਾ ਗਿਆ। ਬੱਸ, ਬੱਚੀ ਦੇ ਚਿਹਰੇ ਵੱਲ ਦੇਖਦਾ ਰਹਿ ਗਿਆ ਸੀ, ਅਵਾਕ।
ਬੱਚੀ ਨੇ ਕਿਤਾਬ ਵਿਚ ਬਣੇ ਲਾਲ ਰੰਗ ਦੇ ਸੇਬ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਪੁੱਛਿਆ, ਮੈਂ ਕਦੋਂ ਬੀਮਾਰ ਹੋਵਾਂਗੀ, ਪਾਪਾ?
                                         -0-