Monday, June 1, 2015

ਹਿੰਦੀ/ ਸੁਰੱਖਿਅਤ ਸੀਟ




ਪੂਰਨ ਸਿੰਘ (ਡਾ.)
 
ਬ੍ਰਹਮਪੁਰਾ ਪਿੰਡ ਵਿਚ ਕੇਵਲ ਪੰਜ ਘਰ ਹੀ ਬ੍ਰਾਹਮਣਾਂ ਦੇ ਹਨ। ਬਾਕੀ ਦੇ ਪੰਜ ਸੌ ਘਰ ਚਮਾਰਾਂ, ਧੋਬੀਆਂ, ਧਾਨਕਿਆਂ ਤੇ ਬਾਲਮੀਕੀਆਂ ਦੇ ਹਨ। ਪਿਛਲੇ ਲੰਮੇ ਸਮੇਂ ਤੋਂ ਇਸ ਪਿੰਡ ਦੀ ਸਰਪੰਚੀ ਪੰਡਤ ਦੀਨਾਨਾਥ ਉਪਾਧਿਆਇ ਦੇ ਘਰ ਵਿਚ ਹੀ ਰਹੀ ਹੈ।
ਪਿਛਲੇ ਦਿਨੀਂ ਅਚਾਣਕ ਸਰਕਾਰ ਨੇ ਇਸ ਪਿੰਡ ਦੇ ਸਰਪੰਚ ਦੀ ਸੀਟ ਨੂੰ ਸੁਰਖਿਅਤ ਘੋਸ਼ਿਤ ਕਰ ਦਿੱਤਾ। ਤਦ ਤੋਂ ਹੀ ਪੰਡਤ ਜੀ ਦੀ ਨੀਂਦ ਹਰਾਮ ਹੋ ਗਈ। ਉਹ ਰਾਤ-ਦਿਨ ਇਹੀ ਸੋਚਦੇ ਰਹਿੰਦੇ ਕਿ ਹੁਣ ਕੀਤਾ ਕੀ ਜਾਵੇ?
ਸਰਪੰਚੀ ਦਾ ਪਰਚਾ ਭਰਨ ਦਾ ਦਿਨ ਵੀ ਨੇੜੇ ਆ ਗਿਆ। ਇਕ ਦਿਨ ਪੰਡਤ ਜੀ ਨੂੰ ਅਚਾਣਕ ਗਿਆਨ ਪ੍ਰਾਪਤ ਹੋਇਆ। ਉਹਨਾਂ ਨੇ ਆਪਣੇ ਘਰ ਵਿਚ ਝਾੜੂ-ਪੋਚਾ ਕਰਨ ਵਾਲੀ ਆਪਣੀ ਨੌਕਰਾਨੀ ਸੰਤੋ ਚਮਾਰਨ ਤੋਂ ਪਰਚਾ ਭਰਵਾ ਦਿੱਤਾ।
ਚੋਣਾਂ ਵਿਚ ਸੰਤੋ ਜਿੱਤ ਗਈ। ਹੁਣ ਪੰਡਤ ਦੀਨਾਨਾਥ ਉਪਾਧਿਆਇ ਸਰਪੰਚੀ ਕਰਦੇ ਹੋਏ ਇਹੀ ਕਹਿੰਦੇ ਹਨ, “ਚਲੋ ਚੰਗਾ ਹੋਇਆ, ਸਰਪੰਚੀ ਰਹੀ ਤਾਂ ਸਾਡੇ ਘਰ ਵਿਚ ਹੀ। ਆਖਰ ਸੰਤੋ ਹੈ ਤਾਂ ਸਾਡੀ ਆਪਣੀ ਹੀ ਨਾ।”
ਤੇ ਸੰਤੋ ਅੱਜ ਵੀ ਪੰਡਤ ਜੀ ਦੇ ਘਰ ਵਿਚ ਝਾੜੂ-ਪੋਚਾ ਕਰ ਰਹੀ ਹੈ।
                                     -0-

Sunday, May 24, 2015

ਹਿੰਦੀ/ ਦਰਦ ਭਰੀ ਆਵਾਜ਼



ਰਾਜੇਂਦਰ ਦੇਵਧਰੇ ‘ਦਰਪਣ’

ਮੰਦਰ ਦੀਆਂ ਪੌੜੀਆਂ ਵਿਚ ਥੱਕ ਕੇ ਬੈਠੀ ਬਜ਼ੁਰਗ ਸ਼ਾਂਤੀਦੇਵੀ ਨੇ ਮਨੋਰਮਾ ਨੂੰ ਗੱਲਾਂ ਹੀ ਗੱਲਾਂ ਵਿਚ ਪੁੱਛ ਲਿਆ, “ਭੈਣ, ਤੇਰੇ ਕਿੰਨੇ ਪੁੱਤਰ ਹਨ?”
ਮਨੋਰਮਾ ਨੇ ਸੰਤੁਸ਼ਟੀ ਦੇ ਭਾਵ ਨਾਲ ਕਿਹਾ, “ਪੁੱਤਰ ਤਾਂ ਨਹੀਂ, ਪਰ ਇਕ ਧੀ ਜ਼ਰੂਰ ਐ। ਪੜ੍ਹਾਉਣ-ਲਿਖਾਉਣ ਮਗਰੋਂ ਉਸ ਦਾ ਵਿਆਹ ਕਰ ਦਿੱਤਾ। ਉਹ ਆਪਣੇ ਪਰਿਵਾਰ ’ਚ ਖੁਸ਼ ਐ। ਮੇਰੀ ਦੇਖ ਭਾਲ ਵੀ ਉਹੀ ਕਰਦੀ ਐ।…ਭੈਣ ਤੂੰ ਨਹੀਂ ਦੱਸਿਆ, ਤੇਰੇ ਕਿੰਨੇ ਬੱਚੇ ਨੇ?”
ਸ਼ਾਂਤੀ ਦੇਵੀ ਨੇ ਡੂੰਘਾ ਸਾਹ ਛੱਡਦੇ ਹੋਏ ਕਿਹਾ, “ਭੈਣ, ਇਕ ਪੁੱਤਰ ਐ। ਉਹਨੂੰ ਬੜੇ ਲਾਡ-ਪਿਆਰ ਨਾਲ ਪਾਲਿਆ। ਉਹਦੀ ਹਰ ਜਿੱਦ ਪੂਰੀ ਕੀਤੀ। ਬਾਪ ਦੇ ਗੁਜ਼ਰਨ ਮਗਰੋਂ ਉਨ੍ਹਾਂ ਦੀ ਥਾਂ ਤੇ ਨੌਕਰੀ ਮਿਲ ਗਈ। ਹੁਣ ਉਹ ਆਪਣੀ ਅੱਡ ਗਰਿਸਤੀ ਵਸਾ ਕੇ ਮੌਜ ਨਾਲ ਰਹਿ ਰਿਹੈ।”
“ਤੇਰੀ ਕੋਈ ਧੀ ਨਹੀਂ ਹੈ?”
“ਧੀ!” ਕਹਿੰਦੇ ਹੋਏ ਸ਼ਾਂਤੀਦੇਵੀ ਦੇ ਚਿਹਰੇ ਤੇ ਗਹਿਰੀ ਪੀੜ ਦੇ ਭਾਵ ਉੱਭਰ ਆਏ,  “…ਧੀ ਤਾਂ ਸੀ, ਬਹੁਤ ਪਿਆਰੀ, ਪਰ ਪੁੱਤਰ ਦੇ ਜਨਮ ਮਗਰੋਂ ਉਹ ਅਨਗੌਲੀ ਰਹਿ ਗਈ। ਲਾਪਰਵਾਹੀ ਕਾਰਨ ਬਚਪਨ ’ਚ ਈ ਬੀਮਾਰ ਹੋਈ ਤੇ ਸਾਨੂੰ ਛੱਡ ਕੇ ਚਲੀ ਗਈ।…ਜੇ ਮੈਂ ਧੀ-ਪੁੱਤਰ ਵਿਚ ਫਰਕ ਨਾ ਕੀਤਾ ਹੁੰਦਾ ਤਾਂ ਅੱਜ…”
                                          -0-

Sunday, May 17, 2015

ਰੂਸੀ/ ਬੇਵਫਾਈ ਦੀ ਸਜ਼ਾ



ਮੈਕਸਿਮ ਗੋਰਕੀ

ਪਿੰਡ ਦੇ ਇਕ ਰਸਤੇ ਉੱਤੇ ਰੌਲਾ ਪਾ ਰਹੇ ਲੋਕਾਂ ਦੀ ਭੀੜ ਲੰਘ ਰਹੀ ਸੀ। ਭੀੜ ਹੌਲੀ-ਹੌਲੀ ਚੱਲ ਰਹੀ ਸੀ। ਭੀੜ ਦੇ ਅੱਗੇ ਜਾ ਰਹੀ ਸੀ ਇਕ ਵੀਹ ਕੁ ਸਾਲ ਦੀ ਛੋਟੇ ਜਿਹੇ ਕੱਦ-ਕਾਠ ਵਾਲੀ ਅਲਫ ਨੰਗੀ ਜਵਾਨ ਔਰਤ। ਇਕ ਘੋੜਾ ਗੱਡੀ ਨਾਲ ਉਸਦੇ ਹੱਥਾ ਨੂੰ ਬੰਨ੍ਹਿਆਂ ਹੋਇਆ ਸੀ। ਉਹ ਸੱਜੇ-ਖੱਬੇ ਝੂਲਦੀ ਹੋਈ ਚੱਲ ਰਹੀ ਸੀ। ਉਹਦੇ ਪਿੰਡੇ ਉੱਤੇ ਕਾਲੀਆਂ-ਨੀਲੀਆਂ ਧਾਰੀਆਂ ਪਈਆਂ ਹੋਈਆਂ ਸਨ। ਉਹਦੀ ਖੱਬੀ ਛਾਤੀ ਉੱਤੇ ਇਕ ਜ਼ਖ਼ਮ ਦਾ ਨਿਸ਼ਾਨ ਸੀ, ਜਿਸ ਵਿੱਚੋਂ ਖੂਨ ਰਿਸ ਰਿਹਾ ਸੀ। ਤੇ ਉਸਦਾ ਪੇਟ ਸੀ ਕਿ, ਡੰਡੇ ਮਾਰ-ਮਾਰ ਕੇ ਜਾਂ ਬੂਟਾਂ ਹੇਠ ਕੁਚਲ ਕੇ ਉਸਦਾ ਬੁਰਾ ਹਾਲ ਕੀਤਾ ਹੋਇਆ ਸੀ। ਪਤੀ ਨਾਲ ਬੇਵਫਾਈ ਕਰਨ ਬਦਲੇ ਉਸ ਔਰਤ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਸੀ।
ਘੋੜਾ ਗੱਡੀ ਉੱਤੇ ਨਸ਼ੇ ਵਿਚ ਧੁੱਤ ਇਕ ਲੰਮਾ-ਤਕੜਾ ਆਦਮੀ ਖੜਾ ਸੀ। ਉਹਨੇ ਸਫ਼ੈਦ ਰੂਸੀ ਕਮੀਜ਼ ਪਾਈ ਹੋਈ ਸੀ ਤੇ ਉਹਦੇ ਸਿਰ ਉੱਤੇ ਵੱਡੀ ਕਾਲੀ ਟੋਪੀ ਸੀ। ਉਹਦੇ ਇਕ ਹੱਥ ਵਿਚ ਲਗਾਮ ਸੀ ਤੇ ਦੂਜੇ ਵਿਚ ਹੰਟਰ, ਜਿਸ ਨਾਲ ਉਹ ਵਾਰ-ਵਾਰੀ ਘੋੜੇ ਅਤੇ ਔਰਤ ਨੂੰ ਮਾਰ ਰਿਹਾ ਸੀ। ਉਹਦੀਆਂ ਅੱਖਾਂ ਗੁੱਸੇ ਕਾਰਨ ਲਾਲ ਸੁਰਖ ਹੋ ਰਹੀਆਂ ਸਨ ਤੇ ਉਹਨਾਂ ਵਿੱਚੋਂ ਜਿਵੇਂ ਖੂਨ ਟਪਕ ਰਿਹਾ ਸੀ। ਉਹ ਰੁਕ-ਰੁਕ ਕੇ ਹੰਟਰ ਮਾਰਦਾ ਹੋਇਆ, ਆਪਣੀ ਖੁਰਦਰੀ ਆਵਾਜ਼ ਵਿਚ ਗਰਜਦਾ, “ਹੋਰ ਲੈ ਕੁੱਤੀਏ! ਹਾ ਹਾ! ਹੋਰ ਲੈ!”
ਗੱਡੀ ਅਤੇ ਔਰਤ ਦੇ ਪਿੱਛੇ ਲੋਕਾਂ ਦੀ ਭੀੜ ਚੱਲ ਰਹੀ ਸੀ। ਲੋਕ ਚੀਖ ਰਹੇ ਸਨ, ਚਿੱਲਾ ਰਹੇ ਸਨ, ਹੱਸ ਰਹੇ ਸਨ। ਕਦੇ ਸੀਟੀਆਂ ਵਜਾਉਂਦੇ, ਕਦੇ ਮਜ਼ਾਕ ਵਿਚ ‘ਹੋ ਹੋ’ ਕਰਦੇ। ਬੱਚੇ ਇੱਧਰ-ਉੱਧਰ ਭੱਜ-ਦੌੜ ਰਹੇ ਸਨ। ਕਦੇ-ਕਦੇ ਕੋਈ ਉਹਨਾਂ ਵਿੱਚੋਂ ਕੋਈ ਉਸ ਅੱਗੇ ਵਧਦੀ ਔਰਤ ਦੇ ਸਾਹਮਣੇ ਜਾ ਕੇ ਉਹਨੂੰ ਗੰਦੀ ਗਾਲ੍ਹ ਦਿੰਦਾ। ਤਦ ਭੀੜ ਵਿਚ ਉੱਚਾ ਹਾਸਾ ਗੂੰਜਦਾ। ਭੀੜ ਵਿਚ ਚੱਲ ਰਹੀਆਂ ਔਰਤਾਂ ਦੇ ਚਿਹਰਿਆਂ ਉੱਤੇ ਗੈਰ-ਮਾਮੂਲੀ ਜੋਸ਼ ਸੀ। ਤਦੇ ਔਰਤ ਦੇ ਸਰੀਰ ਉੱਤੇ ਹੰਟਰ ਪਿਆ। ਉਹਦੇ ਮੋਢਿਆਂ ਦੁਆਲੇ ਹੋ ਕੇ ਉਸਨੇ ਉਹਨੂੰ ਆਪਣੀ ਲਪੇਟ ਵਿਚ ਲੈ ਲਿਆ। ਆਦਮੀ ਨੇ ਹੰਟਰ ਨੂੰ ਝਟਕਿਆ ਤਾਂ ਇਕ ਤੇਜ਼ ਚੀਕ ਮਾਰ ਕੇ ਉਹ ਔਰਤ ਰਾਹ ਦੀ ਧੂੜ ਵਿਚ ਡਿੱਗ ਪਈ।
ਗਡੀ ਅੱਗੇ ਜੁਤਿਆ ਘੋੜਾ ਖੜਾ ਹੋ ਗਿਆ, ਪਰ ਅਗਲੇ ਹੀ ਪਲ ਉਹ ਅੱਗੇ ਵਧਿਆ ਅਤੇ ਔਰਤ ਉੱਠ ਕੇ ਤੁਰ ਪਈ।
                                         -0-

Friday, May 8, 2015

ਹਿੰਦੀ/ ਲਗਾਉ




ਬਲਰਾਮ ਅਗਰਵਾਲ
ਮਾਤਾ ਜੀ ਹੁੰਦਿਆਂ ਦੂਜਾ ਕੋਈ ਵੀ ਪਿਤਾ ਜੀ ਦੇ ਕਮਰੇ ਦੀ ਸਾਫ-ਸਫਾਈ ਨਹੀਂ ਕਰਦਾ ਸੀ। ਉਹਨਾਂ ਦੀ ਕਿਸ ਚੀਜ ਨੂੰ ਕਿੱਥੇ ਰੱਖਣਾ ਹੈ, ਉਹੀ ਜਾਣਦੀ ਸੀ। ਜਦੋਂ ਦੇ ਮਾਤਾ ਜੀ ਦਾ ਸਵਰਗਵਾਸ ਹੋਏ ਹਨ, ਰਮਾ ਹੀ ਉਹਨਾਂ ਦਾ ਕਮਰਾ ਬੁਹਾਰਦੀ ਹੈ।
ਇੱਧਰ ਇੱਕ ਗੱਲ ਨੇ ਰਮਾ ਦਾ ਧਿਆਨ ਆਪਣੇ ਵੱਲ ਆਕਰਸ਼ਤ ਕੀਤਾ ਹੋਇਆ ਹੈ। ਮਾਤਾ ਜੀ ਦਾ ਇੱਕ ਪਾਸੇ ਰੱਖ ਦਿੱਤਾ ਗਿਆ ਢਿੱਲਾ ਜਿਹਾ ਪੁਰਾਣਾ ਮਸਨਦ (ਗੋਲ ਸਿਰਹਾਣਾ) ਸਟੋਰ ਵਿੱਚੋਂ ਕੱਢ ਕੇ ਪਿਤਾ ਜੀ ਨੇ ਆਪਣੇ ਪਲੰਘ ਉੱਤੇ ਕੰਧ ਦੇ ਸਹਾਰੇ ਰੱਖ ਲਿਆ ਹੈ। ਆਪਣੇ ਕਮਰੇ ਵਿੱਚ ਹੁਣ ਉਹ ਕੁਰਸੀ ਉੱਤੇ ਘੱਟ, ਪਲੰਘ ਉੱਤੇ ਮਸਨਦ ਨਾਲ ਪਿੱਠ ਟਿਕਾ ਕੇ ਬੈਠੇ ਜ਼ਿਆਦਾ ਨਜ਼ਰ ਆਉਂਦੇ ਹਨ।
“ਪਿੱਠ ’ਚ ਦਰਦ ਐ ਤਾਂ ਤੁਹਾਡੇ ਲਈ ਮੂਵ ਮੰਗਵਾ ਦਿਆਂ ਬਾਊ ਜੀ?” ਰਮਾ ਨੇ ਮੌਕਾ ਪਾ ਕੇ ਇੱਕ ਸ਼ਾਮ ਉਹਨਾਂ ਨੂੰ ਪੁੱਛਿਆ।
“ਓ ਨਹੀਂ,” ਉਹ ਬੋਲੇ, “ਦਰਦ-ਦੁਰਦ ਕੁਝ ਨਹੀਂ…ਇਹ ਤਾਂ ਮੈਂ ਉਂਝ ਈ ਚੁੱਕ ਲਿਆਇਆ ਸਟੋਰ ’ਚੋਂ।”
“ਇਹਨਾਂ ਨੂੰ ਕਹਿਕੇ ਨਵਾਂ ਮਸਨਦ ਮੰਗਵਾ ਦਿਆਂ ਬਜ਼ਾਰੋਂ? ਉਹ ਜ਼ਿਆਦਾ ਅਰਾਮਦੇਹ ਰਹੂਗਾ।” ਉਸਨੇ ਮੁੜ ਪੁੱਛਿਆ।
“ਨਹੀਂ ਬਹੂ,” ਉਹ ਇਸ ਵਾਰ ਸਿੱਧੇ ਬੈਠਦੇ ਹੋਏ ਬੋਲੇ, “ਕਿਹਾ ਨਾ, ਚੰਗਾ-ਭਲਾ ਹਾਂ।”
ਉਸਤੋਂ ਬਾਦ ਰਮਾ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਹਾਂ, ਉਹਨੇ ਪਤੀ ਨੂੰ ਫੋਨ ਕਰਕੇ ‘ਮੂਵ’ ਦੀ ਇੱਕ ਛੋਟੀ ਟਿਊਬ ਲਿਆਉਣ ਲਈ ਜ਼ਰੂਰ ਕਹਿ ਦਿੱਤਾ।
ਰਵੀ ਟਿਊਬ ਲੈ ਆਇਆ।
“ਕਿਸ ਲਈ ਚਾਹੀਦੀ ਸੀ?” ਟਿਊਬ ਪਤਨੀ ਦੇ ਹੱਥ ਵਿੱਚ ਫੜਾਉਂਦੇ ਹੋਏ ਰਵੀ ਨੇ ਪੁੱਛਿਆ।
“ਬਾਊ ਜੀ ਦੀ ਕਮਰ ਵਿੱਚ ਦਰਦ ਹੈ ਸ਼ਾਇਦ।” ਉਹ ਬੋਲੀ, “ਉਹਨਾਂ ਦੀ ਮੇਜ ਉੱਤੇ ਰੱਖ ਆਉਂਦੀ ਹਾਂ। ਲੋੜ ਹੋਈ ਤਾਂ ਲਾ ਲੈਣਗੇ।” ਇੰਨਾ ਕਹਿ ਕੇ ਉਹ ਬਾਊ ਜੀ ਦੇ ਕਮਰੇ ਵੱਲ ਚਲੀ ਗਈ।
ਕਮਰੇ ਵਿੱਚ ਕਦਮ ਰੱਖਦੇ ਹੀ, ਬਾਹਰੋਂ ਆ ਰਹੀ ਹਲਕੀ ਰੋਸ਼ਨੀ ਵਿੱਚ ਉਸਨੇ ਦੇਖਿਆ, ਸਿਰਹਾਣੇ ਨਾਲ ਪਿੱਠ ਲਾਈ ਬਾਊ ਜੀ ਪਲੰਘ ਉੱਤੇ ਬੈਠੇ ਹਨ। ਮਸਨਦ ਉਹਨਾਂ ਦੀ ਗੋਦ ਵਿੱਚ ਹੈ। ਉਹਨਾਂ ਦੀਆਂ ਅੱਖਾਂ ਮੂੰਦੀਆਂ ਹੋਈਆਂ ਹਨ ਤੇ ਉਹਨਾਂ ਵਿੱਚੋਂ ਹੰਝੂਆਂ ਦੀ ਧਾਰ ਵਹਿ ਰਹੀ ਹੈ।
                                       -0-