Tuesday, October 29, 2013

ਹਿੰਦੀ / ਦਸ ਰੁਪਏ



ਅਨਿਲ ਸ਼ੂਰ ਆਜ਼ਾਦ

ਮੈਟ੍ਰਿਕ ਦੀ ਪ੍ਰੀਖਿਆ ਦਾ ਵਿਗਿਆਨ ਦਾ ਕੱਲ੍ਹ ਨੂੰ ਪ੍ਰੈਕਟੀਕਲ ਹੋਣਾ ਹੈ। ਪ੍ਰੀਖਿਅਕ ਅੱਜ ਸ਼ਾਮ ਤੱਕ ਸਕੂਲ ਪਹੁੰਚਣ ਨਾਲੇ ਸਨ। ਉਹਨਾਂ ਦੇ ਠਹਿਰਣ ਅਤੇ ਖਾਣ-ਪੀਣ ਆਦਿ ਦੇ ਇੰਤਜਾਮ ਲਈ ਵਿਦਿਆਰਥੀਆਂ ਤੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ। ਤਦੇ ਮਨੀਟਰ ਨੇ ਆ ਕੇ ਦੱਸਿਆ ਕਿ ਅਬਦੁਲ ਪੈਸੇ ਨਹੀਂ ਦੇ ਰਿਹਾ।
“ਪ੍ਰੀਖਿਅਕ ਦੇ ਰਹਿਣ-ਠਹਿਰਣ ਦਾ ਖਰਚ ਸਰਕਾਰ ਦੰਦੀ ਹੈ। ਮੇਰੇ ਅੱਬਾ ਕਹਿੰਦੇ ਹਨ ਕਿ ਅਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ।” ਅਧਿਆਪਕ ਦੇ ਪੁੱਛਣ ਤੇ ਅਬਦੁਲ ਨੇ ਸਾਫ ਨਾਂਹ ਕਰ ਦਿੱਤੀ।
ਇੰਨਾ ਸੁਣਦੇ ਹੀ ਅਧਿਆਪਕ ਤਿਲਮਿਲਾ ਗਏ। ਮੁਫ਼ਤ ਵਿਚ ਮਿਲਣ ਵਾਲੇ ਸਮੋਸੇ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਉਹਨਾਂ ਨੂੰ ਹੱਥੋਂ ਨਿਕਲਦੇ  ਲੱਗੇ। ਉਹਨਾਂ ਨੇ ਡਰਾਵਾ ਦਿੱਤਾ, “ਮੂਰਖਾ! ਪ੍ਰੀਖਿਅਕ ਖੁਸ਼ ਹੋਏ ਤਾਂ ਸਾਰਿਆਂ ਨੂੰ ਬਹੁਤ ਚੰਗੇ ਨੰਬਰ ਦੇਣਗੇ। ਇਸ ਨਾਲ ਤੁਹਾਡੇ ਸਾਰਿਆਂ ਦਾ ਭਵਿੱਖ ਰੋਸ਼ਨ ਹੋ ਜਾਵੇਗਾ। ਪਰ ਜੇਕਰ ਉਹ ਨਰਾਜ਼ ਹੋ ਗਏ ਤਾਂ ਸਭ ਨੂੰ ਫੇਲ ਕਰ ਦੇਣਗੇ।”
ਅਧਿਆਪਕ ਦਾ ਤੀਰ ਨਿਸ਼ਾਨੇ ਉੱਤੇ ਲੱਗਾ। ਅਬਦੁਲ ਨੂੰ ਪਤਾ ਸੀ ਕਿ ਸਾਰੇ ਸਾਲ ਲਬਾਰਟਰੀ ਉੱਤੇ ਕਬਜ਼ਾ ਕਰੀ ਰੱਖਣ ਤੇ ਸੈਂਕੜੇ ਰੁਪਏ ਕਮੀਸ਼ਨ ਦੇ ਖਾ ਜਾਣ ਦੇ ਬਾਵਜੂਦ, ਮਾਸਟਰ ਜੀ ਨੇ ਇਕ ਵੀ ਪ੍ਰਯੋਗ ਨਹੀਂ ਕਰਵਾਇਆ ਸੀ। ਜੇਕਰ ਪ੍ਰੀਖਿਅਕ ਨਰਾਜ਼ ਹੋ ਗਏ ਤੇ ਉਹਨਾਂ ਨੂੰ ਔਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਇਕ ਵੀ ਵਿਦਿਆਰਥੀ ਦਾ ਪਾਸ ਹੋਣਾ ਮੁਸ਼ਕਲ ਹੈ।
ਗਰੀਬ ਪਿਤਾ ਦੇ ਹੁਸ਼ਿਆਰ ਪੁੱਤਰ ਅਬਦੁਲ ਨੇ ਬੁਝੇ ਮਨ ਨਾਲ ਦਸ ਰੁਪਏ ਦੀ ਰੇਜ਼ਗਾਰੀ–ਰੁਪਏ, ਧੇਲੀਆਂ ਤੇ ਚੁਆਨੀਆਂ ਆਪਣੀ ਟਾਕੀਆਂ ਲੱਗੀ ਪੈਂਟ ਦੀ ਜੇਬ ਵਿਚੋਂ ਕੱਢ ਕੇ ਅਧਿਆਪਕ ਅੱਗੇ ਮੇਜ ਉੱਤੇ ਰੱਖ ਦਿੱਤੀ।
ਇਹ ਰੇਜ਼ਗਾਰੀ ਉਹ ਆਪਣੀ ਵਰ੍ਹਿਆਂ ਪੁਰਾਣੀ ਗੁੱਲਕ ਤੋੜ ਕੇ ਲਿਆਇਆ ਸੀ। ਇਸਦੇ ਨਾਲ ਹੀ ਉਹਦੀ ਬੇਬਸੀ ਅੱਖਾਂ ਵਿਚ ਮੋਤੀ ਬਣਕੇ ਉਭਰ ਆਈ।
                                          -0-

Tuesday, October 22, 2013

ਹਿੰਦੀ/ ਪੀੜ



ਡਾ. ਸ਼ਸ਼ੀ ਪ੍ਰਭਾ
“ਯਾਰ, ਤੇਰਾ ਹਸਬੈਂਡ ਕਿੰਨਾਂ ਸਮਾਰਟ ਐ ਨਾ! ਲੰਮਾਂ-ਤਕੜਾ, ਗੋਰਾ-ਚਿੱਟਾ, ਇਹੋ ਜਿਆ ਮੇਰਾ ਹੁੰਦਾ ਨਾ ਤਾਂ ਮਜ਼ਾ ਆ ਜਾਂਦਾ।” ਇਕ ਸਹੇਲੀ ਨੇ ਦੂਜੀ ਨੂੰ ਜ਼ਰਾ ਉਦਾਸੀਨ ਜਿਹੇ ਈਰਖਾਲੂ ਅੰਦਾਜ਼ ਵਿਚ ਕਿਹਾ।
“ਹਾਂ ਸਮਾਰਟ ਤਾਂ ਹੈ! ਆਪਣੀ ਸਮਾਰਟਨੈਸ ਦਾ ਪੂਰਾ ਲਾਭ ਵੀ ਉਠਾਉਂਦਾ ਹੈ। ਕਿਸੇ ਨੂੰ ਨਿਰਾਸ਼ ਨਹੀਂ ਕਰਦਾ।” ਦੂਜੀ ਨੇ ਉੱਤਰ ਦਿੱਤਾ।
“ਤੈਨੂੰ ਤਾਂ ਪਿਆਰ ਕਰਦਾ ਐ ਨਾ?” ਪਹਿਲੀ ਨੇ ਪੁੱਛਿਆ।
“ਹਾਂ, ਕਰਦਾ ਹੈ ਕਦੇ-ਕਦੇ, ਜਦੋਂ ਕੋਈ ਦੂਜੀ ਨਹੀਂ ਮਿਲਦੀ। ਉਂਜ ਮੈਨੂੰ , ‘ਡਾਰਲਿੰਗ’ ਤੇ ‘ਮਾਈ ਲਵ’ ਕਹਿ ਕੇ ਬੁਲਾਉਂਦਾ ਹੈ। ਪਰ ਤੈਨੂੰ ਕਿਉਂ ਈਰਖਾ ਹੋ ਰਹੀ ਹੈ? ਤੇਰਾ ਹਸਬੈਂਡ ਵੀ ਤਾਂ ਕਿੰਨਾ ਚੰਗਾ ਹੈ।, ਧੀਰ-ਗੰਭੀਰ ਵਿਦਵਾਨ ਲਗਦਾ ਹੈ।” ਦੂਜੀ ਦੀ ਆਵਾਜ਼ ਲਾਲਸਾ ਭਰੀ ਸੀ।
“ਉਹ ਤੈਨੂੰ ਚੰਗਾ ਲਗਦੈ? ਸਾਂਵਲਾ ਰੰਗ, ਚਸ਼ਮਾ ਲੱਗਾ ਹੋਇਆ, ਕੀ ਯਾਰ ਕੁਝ ਮਜ਼ਾ ਨਹੀਂ।” ਪਹਿਲੀ ਦੀ ਆਵਾਜ਼ ਵਿਚ ਉਹੀ ਉਦਾਸੀ ਸੀ।
ਦੂਜੀ ਨੇ ਕਿਹਾ, “ਮੈਨੂੰ ਤਾਂ ਸਚਮੁਚ ਤੇਰੇ ਵਾਲਾ ਬਹੁਤ ਚੰਗਾ ਲਗਦੈ। ਮੇਰੇ ਵਾਲਾ ਤਾਂ ਕਦੇ ਗੰਭੀਰ ਹੁੰਦਾ ਹੀ ਨਹੀਂ, ਨਾਨ-ਸੀਰੀਅਸ ਤੇ ਭੁਲੱਕੜ, ਕੁਝ ਮਜ਼ਾ ਨਹੀਂ!”
“ਅਦਲਾ-ਬਦਲੀ ਕਰ ਲਈਏ ਯਾਰ!“ ਪਹਿਲੀ ਬੋਲੀ।
“ਕਾਸ਼ ਕਰ ਸਕਦੇ!” ਦੋਨਾਂ ਨੇ ਡੂੰਘਾ ਸਾਹ ਲਿਆ ਤੇ ਚੁੱਪ ਕਰ ਗਈਆਂ।
                                     -0-

Wednesday, October 16, 2013

ਹਿੰਦੀ / ਗੰਦੀ ਗੱਲ



ਬਲਰਾਮ

‘ਬਾਲ ਵਿਕਾਸ’ ਉੱਤੇ ਆਯੋਜਿਤ ਉਸ ਸੇਮਿਨਾਰ ਵਿਚ ਵੱਡੇ ਵੱਡੇ ਲੋਕ ਆਏ ਸਨ– ਸਿੱਖਿਆ ਸ਼ਾਸਤਰੀ, ਵਿਗਿਆਨੀ, ਮਨੋਵਿਗਿਆਨੀ, ਚਿੰਤਕ, ਲੇਖਕ ਤੇ ਪੱਤਰਕਾਰ। ਨਿਰਮਲ ਅਤੇ ਵੀਣਾ ਨੇ ਵੀ ਉੱਥੇ ਆਪਣੇ ਆਪਣੇ ਪਰਚੇ ਪੜ੍ਹੇ ਤਾਂ ਬਹਿਸ ਦੋ ਧਾਰਾਵਾਂ ਵਿਚ ਵੰਡੀ ਗਈ।
ਇਕ ਧਾਰਾ ਅਨੁਸਾਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਕੰਟਰੋਲ ਵਿਚ ਰੱਖਕੇ ਪੜ੍ਹਾਉਣਾ-ਲਿਖਾਉਣਾ ਚਾਹੀਦਾ ਹੈ। ਇਸ ਧਾਰਾ ਦੀ ਪ੍ਰਤੀਨਿਧਤਾ ਕਰ ਰਹੀ ਸੀ ਸ਼੍ਰੀਮਤੀ ਵੀਣਾ ਆਚਾਰਿਆ। ਦੂਜੀ ਧਾਰਾ ਅਨੁਸਾਰ ਬੱਚੇ ਨੂੰ ਪੂਰੀ ਤਰ੍ਹਾਂ ਮੁਕਤ ਰੱਖਕੇ ਖੁੱਦ ਸਿੱਖਣ ਦੇਣਾ ਚਾਹੀਦਾ ਹੈ। ਮਾਤਾ-ਪਿਤਾ ਤਾਂ ਉਹਨਾਂ ਨੂੰ ਸਿਰਫ ਸਾਧਨ ਤੇ ਸੁਵਿਧਾਵਾਂ ਮੁਹਈਆ ਕਰਵਾਉਣ। ਇਸ ਧਾਰਾ ਦੀ ਪ੍ਰਤੀਨਿਧਤਾ ਕਰ ਰਹੇ ਸਨ ਆਚਾਰੀਆ ਨਿਰਮਲ–ਸ਼ੀਮਤੀ ਵੀਣਾ ਦੇ ਪਤੀ ਤੇ ਉਸ ਚਾਰ ਸਾਲਾ ਬੱਚੇ ਦੇ ਪਿਤਾ, ਜੋ ਜਿੱਦ ਕਰਕੇ ਉਹਨਾਂ ਦੋਨਾਂ ਨਾਲ ਸੇਮਿਨਾਰ ਵਿੱਚ ਆ ਗਿਆ ਸੀ।
ਸੇਮਿਨਾਰ ਖਤਮ ਹੋਣ ਉਪਰੰਤ ਉਹ ਬੱਸ ਰਾਹੀਂ ਘਰ ਮੁੜ ਰਹੇ ਸਨ। ਉਹਨਾਂ ਦੀ ਅੱਗੇ ਵਾਲੀ ਸੀਟ ਉੱਤੇ ਬੈਠਾ ਇਕ ਮੁੰਡਾ ਲਿਫਾਫੇ ਵਿਚੋਂ ਆਲੂਬੁਖਾਰੇ ਖਾ ਰਿਹਾ ਸੀ। ਭੁੱਖ ਨਾ ਹੋਣ ਦੇ ਬਾਵਜੂਦ ਆਲੂਬੁਖਾਰੇ ਦੇਖ ਕੇ ਉਹਨਾਂ ਦੇ ਬੱਚੇ ਦੇ ਮੂੰਹ ਵਿਚ ਪਾਣੀ ਭਰ ਆਇਆ। ਉਹ ਆਲੂਬੁਖਾਰੇ ਖਾ ਰਹੇ ਮੁੰਡੇ ਨੂੰ ਟਿਕਟਿਕੀ ਲਾ ਕੇ ਦੇਖਣ ਲੱਗਾ।
ਬੱਚੇ ਦੀ ਮਾਸੂਮ ਨਜ਼ਰ ਨੇ ਮੁੰਡੇ ਨੂੰ ਬੇਚੈਨ ਕਰ ਦਿੱਤਾ। ਉਹਨੇ ਇਕ ਆਲੂਬੁਖਾਰਾ ਬੱਚੇ ਵੱਲ ਵਧਾਇਆ ਤਾਂ ਬੱਚੇ ਦਾ ਹੱਥ ਵੀ ਆਪਣੇ ਆਪ ਅੱਗੇ ਵਧ ਗਿਆ ਤੇ ਆਲੂਬੁਖਾਰਾ ਉਹਦੇ ਹੱਥ ਵਿਚ ਆ ਗਿਆ। ਆਲੂਬੁਖਾਰੇ ਨੂੰ ਮੂੰਹ ਵਿਚ ਪਾਉਣ ਤੋਂ ਪਹਿਲਾਂ ਬੱਚੇ ਨੇ ਮਾਂ ਵੱਲ ਦੇਖਿਆ। ਮਾਂ ਦੇ ਚਿਹਰੇ ਉੱਤੇ ਸਹਿਜਤਾ ਨਹੀਂ ਸੀ। ਮਾਂ ਨੇ ਅੱਖਾਂ ਤਰੇਰੀਆਂ ਤਾਂ ਬੱਚਾ ਪਿਤਾ ਨੂੰ ਮਖਾਤਿਬ ਹੋਇਆ। ਪਿਤਾ ਮੁਸਕਰਾਏ ਤਾਂ ਆਲੂਬੁਖਾਰਾ ਉਹਦੇ ਮੂੰਹ ਵੱਲ ਵਧਿਆ, ਪਰ ਫਿਰ ਪਤਾ ਨਹੀਂ ਕੀ ਯਾਦ ਆ ਗਿਆ ਕਿ ਉਹਨੇ ਮੁੜ ਮਾਂ ਵੱਲ ਦੇਖਿਆ। ਮਾਂ ਦੇ ਚਿਹਰੇ ਉੱਤੇ ਗੁੱਸੇ ਦੀ ਤੇਜ਼ ਲਹਿਰ ਦੇਖ ਕੇ ਉਹ ਸਹਿਮ ਗਿਆ।
“ਗੰਦੀ ਗੱਲ, ਕਿਸੇ ਤੋਂ ਅਜਿਹੀ ਚੀਜ ਲੈਂਦੇ ਨੇ?”
ਸੁਣਕੇ ਬੱਚੇ ਦੇ ਹੱਥੋਂ ਆਲੂਬੁਖਾਰਾ ਇੰਜ ਡਿਗ ਪਿਆ, ਜਿਵੇਂ ਦਰੱਖਤ ਤੋਂ ਅੰਬ ਦਿਗਦਾ ਹੈ। ਪਤੀ ਨੇ ਪਤਨੀ ਵੱਲ ਸਵਾਲੀਆ ਨਿਗ੍ਹਾ ਨਾਲ ਦੇਖਿਆ ਤਾਂ ਉਸਨੇ ਔਖੇ ਹੋ, ਦੂਜੇ ਪਾਸੇ ਮੂੰਹ ਕਰ ਲਿਆ। ਬੱਚਾ ਮੂੰਹ ਲਮਕਾ ਕੇ ਪਿਤਾ ਦੀ ਗੋਦੀ ਵਿਚ ਚਲਾ ਗਿਆ।
ਬੱਸ ਅੱਗੇ ਵਧਦੀ ਰਹੀ। ਅਗਲੇ ਸਟਾਪ ਉੱਤੇ ਗਿਰੀ ਵਾਲਾ ਆ ਗਿਆ। ਬੱਚੇ ਨੂੰ ਖੁਸ਼ ਕਰਨ ਦੀ ਗਰਜ ਨਾਲ ਮਾਂ ਨੇ ਗਿਰੀ ਖਰੀਦੀ ਤੇ ਇਕ ਟੁਕੜਾ ਉਸ ਵੱਲ ਕਰ ਦਿੱਤਾ। ਇੱਕ ਵਾਰ ਤਾਂ ਬੱਚੇ ਨੇ ਗਿਰੀ ਦਾ ਟੁਕੜਾ ਮਾਂ ਦੇ ਹੱਥੋਂ ਲੈ ਲਿਆ, ਪਰ ਅਗਲੇ ਹੀ ਛਿਣ ਕੁਝ ਸੋਚਕੇ ਉਹਨੂਂ ਬੱਸ ਦੀ ਖਿੜਕੀ ਤੋਂ ਬਾਹਰ ਸਿੱਟ ਦਿੱਤਾ। ਫਿਰ ਪਿਤਾ ਵੱਲ ਦੇਖਦਾ ਹੋਇਆ ਬੋਲਿਆ, “ਛੀ, ਰਾਹ ’ਚ ਖਾਣਾ ਗੰਦੀ ਗੱਲ ਐ।”
ਬੱਚੇ ਦਾ ਜਵਾਬ ਸੁਣਕੇ ਨਿਰਮਲ ਆਚਾਰੀਆ ਮੁਸਕਰਾ ਪਏ।
                                        -0- 

Wednesday, October 9, 2013

ਹਿੰਦੀ /ਹਦਾਇਤ



ਸ਼ੈਲੇਂਦਰ ਸਾਗਰ

ਪਹਿਲੀ ਵਾਰ ਜਦੋਂ ਬੱਚਾ ਸਕੂਲ ਜਾਣ ਲੱਗਾ ਤਾਂ ਮਾਂ ਨੇ ਸਮਝਾਇਆ, “ਅਧਿਆਪਕ ਗੁਰੂ ਹੁੰਦੇ ਹਨ, ਮਾਂ-ਪਿਓ ਤੋਂ ਵੀ ਵੱਧਕੇ। ਉਹਨਾ ਦੀ ਪੂਰੀ ਇੱਜ਼ਤ ਕਰਨੀ ਚਾਹੀਦੀ ਹੈ।”
“ਗੁਰੂ ਕਿਉਂ ਹੁੰਦੇ ਹਨ? ਬੱਚੇ ਨੇ ਜਗਿਆਸਾ ਪ੍ਰਗਟਾਈ।
“ਕਿਉਂਕਿ ਉਹ ਮਿਹਨਤ ਕਰਕੇ ਸਾਨੂੰ ਸਭਨੂੰ ਪੜ੍ਹਾਉਂਦੇ ਹਨ। ਚੰਗੇ ਗੁਣ, ਚੰਗੀਆਂ ਗੱਲਾਂ ਸਿਖਾਉਂਦੇ ਹਨ। ਚੰਗੇ ਉਪਦੇਸ਼ ਦਿੰਦੇ ਹਨ। ਕੋਈ ਗਲਤ ਕੰਮ ਨਹੀਂ ਕਰਦੇ। ਚੰਗੇ ਵਿਵਹਾਰ ਦਾ ਆਦਰਸ਼ ਪ੍ਰਸਤੁਤ ਕਰਦੇ ਹਨ।”
ਬੱਚਾ ਉਤਸੁਕਤਾ ਵੱਜੋਂ ਟਿਕਟਿਕੀ ਲਾਈ ਸੁਣਦਾ ਰਿਹਾ।
“ਅਧਿਆਪਕ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਅੱਜ ਉਨ੍ਹਾਂ ਤੋਂ ਅਸ਼ੀਰਵਾਦ ਲੈਣਾ ਨਾ ਭੁੱਲੀਂ।” ਚਲਦੇ ਚਲਦੇ ਮਾਂ ਨੇ ਹਦਾਇਤ ਦਿੱਤੀ।
ਮਨ ਵਿਚ ਅਸੀਮ ਜਗਿਆਸਾਵਾਂ ਅਤੇ ਬਾਲ-ਸੁਭਾਈ ਕੁਤੂਹਲ ਲੈ ਕੇ ਬੱਚਾ ਕਲਾਸ ਵਿਚ ਬੈਠ ਗਿਆ। ਸਕੂਲ ਲੱਗਣ ਦਾ ਸਮਾ ਹੋ ਗਿਆ, ਪਰ ਅਧਿਆਪਕ ਦਾ ਕਿਤੇ ਪਤਾ ਨਹੀਂ ਸੀ। ਕਾਫੀ ਸਮੇਂ ਮਗਰੋਂ ਇਕ ਵਿਅਕਤੀ ਚੱਪਲਾਂ ਘੜੀਸਦਾ ਹੋਇਆ ਆਇਆ ਅਤੇ ਅਧਿਆਪਕ ਦੀ ਕੁਰਸੀ ਵਿਚ ਧਸ ਗਿਆ। ਸ਼ੋਰ-ਸ਼ਰਾਬਾ ਰੁਕ ਗਿਆ।
“ਚਲੋ ਬੈਠੋ…।” ਅਧਿਆਪਕ ਨੇ ਮੇਜ ਉੱਤੇ ਆਪਣੇ ਪੈਰ ਫੈਲਾ ਲਏ।
“ਚੱਲ ਓ ਮੁੰਡਿਆ, ਕਿਤਾਬ ਕੱਢ ਤੇ ਇੱਧਰ ਖੜੇ ਹੋਕੇ ‘ਸੂਰਜ ਉਗਿਆ’ ਵਾਲਾ ਪਾਠ ਪੜ੍ਹ…।”
ਸਹਿਮਿਆ ਹੋਇਆ ਬੱਚਾ ਉੱਠਿਆ ਤੇ ਇਕ ਪਾਸੇ ਖੜਾ ਹੋਕੇ ਦਬਵੀਂ ਆਵਾਜ਼ ਵਿਚ ਪੜ੍ਹਨ ਲੱਗਾ,“ਸੂਰਜ ਉੱਗਿਆ, ਚਿੜੀਆਂ ਬੋਲੀਆਂ…।”
“ਓਏ, ਰੁਕ ਕਿਉਂ ਗਿਆ…?” ਅਚਾਨਕ ਉਹ ਗਰਜੇ।
“ਮਾਸਟਰ ਜੀ, ਪਾਠ ਖਤਮ…।” ਬੱਚੇ ਦੀ ਆਵਾਜ਼ ਕੰਬ ਗਈ।
“ਤਾਂ ਪਹਾੜਾ ਯਾਦ ਕਰਾ ਇਨ੍ਹਾਂ ਨੂੰ…।”
“ਜੀ ਮਾਸਟਰ ਜੀ…।”
“ਦੋ ਏਕਮ ਦੋ, ਦੋ ਦੂਨੀ ਚਾਰ…।”
ਸਾਰੀ ਕਲਾਸ ਦੀ ਆਵਾਜ਼ ਉਸ ਨਾਲ ਰਲ ਗਈ।
ਅਧਿਆਪਕ ਨੇ ਅੱਖਾਂ ਪੂਰੀ ਤਰ੍ਹਾਂ ਬੰਦ ਕਰ ਲਈਆਂ ਤੇ ਖਿਆਲਾਂ ਵਿਚ ਕਿਤੇ ਗੁਆਚ ਗਏ। ਕੁਝ ਸਮੇਂ ਬਾਦ ਛੁੱਟੀ ਦੀ ਘੰਟੀ ਵੱਜੀ। ਸ਼ੋਰ-ਸ਼ਰਾਬੇ ਵਿਚ ਅਧਿਆਪਕ ਅਤੇ ਵਿਦਿਆਰਥੀ ਬਾਹਰ ਨੂੰ ਤੁਰ ਪਏ। ਬੱਚੇ ਨੂੰ ਮਾਂ ਦੀ ਹਿਦਾਇਤ ਯਾਦ ਆਈ। ਉਹਨੇ ਤੁਰੰਤ ਜਾ ਕੇ ਉਸ ਬੱਚੇ ਦੇ ਪੈਰ ਛੂਹ ਲਏ, ਜਿਹੜਾ ਪਾਠ ਪੜ੍ਹਾ ਰਿਹਾ ਸੀ।
                                       -0-