Showing posts with label ਜਿਉਤੀ ਜੈਨ. Show all posts
Showing posts with label ਜਿਉਤੀ ਜੈਨ. Show all posts

Sunday, June 9, 2013

ਹਿੰਦੀ/ ਮਾਂ ਦਾ ਧਰਮ



ਜਿਉਤੀ ਜੈਨ
ਹਫਤਾ ਬੀਤ ਚੁੱਕਾ ਸੀ। ਅਕਤੂਬਰ 1984 ਦੇ ਦੰਗਿਆਂ ਦੀ ਅੱਗ ਪੂਰੀ ਤਰ੍ਹਾਂ ਬੁਝੀ ਨਹੀਂ ਸੀ। ਸੁਆਹ ਹੇਠਲੇ ਅੰਗਿਆਰ ਕਦੇ-ਕਦੇ ਸੁਲਗ ਉੱਠਦੇ ਸਨ। ਉਸ ਦਿਨ ਸਵੇਰੇ ਹੀ ਕਾਕੇ ਨੂੰ ਦੇਖ ਕੇ ਦਾਦੀ ਦਾ ਪਾਰਾ ਚੜ੍ਹ ਗਿਆ।
“ਵੇਖ ਲੈ, ਜਸਪ੍ਰੀਤ!” ਬੇਬੇ ਨੂੰਹ ਨੂੰ ਮੁਖਾਤਿਬ ਹੋਈ, “ਮੁੰਡੇ ਨੂੰ ਫੈਸ਼ਨ ਚੜ੍ਹਿਐ। ਕੇਸ ਕਟਾ ਆਇਆ। ਕੇਸ ਨਹੀਂ, ਨੱਕ ਵਢਾਤਾ ਦਾਰਜੀ ਦਾ।”
ਜਸਪ੍ਰੀਤ ਆਪਣੀ ਸੱਸ ਨੂੰ ਤਨਾਓ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਚੁੱਪ ਰਹੀ। ਉਹ ਨਹੀਂ ਦੱਸ ਸਕੀ ਕਿ ਜਵਾਨ, ਪਟਕਾ ਬਨ੍ਹਣ ਵਾਲੇ ਪਰਮਿੰਦਰ ਨੇ ਕੱਲ੍ਹ ਰਾਤ ਫੈਸ਼ਨ ਲਈ ਨਹੀਂ, ਸਗੋਂ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨ ਵਾਲੇ ਦੰਗਾਈਆਂ ਤੋਂ ਬਚਣ ਲਈ ਕੇਸ ਕਟਵਾਏ ਨੇ। ਇਕ ਮਾਂ ਦਾ ਧਰਮ ਇਹੀ ਸੀ ਕਿ ਮਰਨ ਦੀ ਬਜਾਏ ਪੁੱਤ ਦੀ ਜਾਣ ਬਚਾ ਲਵੇ।
                                        -0-

Saturday, February 4, 2012

ਸ਼ੰਕਾ


ਜਿਉਤੀ ਜੈਨ
“ਸੁਣ ਸ਼ਵੇਤਾ! ਆਪਣੇ ਵਾਲ ਫਿਰ ਤੋਂ ਵਧਾ ਲੈ। ਤੇਰੇ ਗੁੱਤ ਜ਼ਿਆਦਾ ਸੋਹਨੀ ਲਗਦੀ ਐ।” ਨਿਖਿਲ ਨੇ ਆਪਣੀ ਪਤਨੀ ਨੂੰ ਰੁੱਖੀ ਆਵਾਜ਼ ਵਿਚ ਕਿਹਾ।
“ਤੁਸੀਂ ਆਪ ਹੀ ਵਾਲ ਕਟਵਾ ਲੈਣ ਲਈ ਮੇਰੇ ਮਗਰ ਪਏ ਸੀ ਤੇ ਉਸ ਦਿਨ ਤੁਹਾਡੇ ਮਿੱਤਰ ਵਿਕਾਸ ਜੀ ਵੀ ਕਹਿ ਰਹੇ ਸਨ ਕਿ ਖੁੱਲ੍ਹੇ ਵਾਲ ਭਾਬੀ ਦੇ ਸੂਟ ਕਰਦੇ ਹਨ। ਫਿਰ ਕਿਉਂ?”
“ਇਸੇ ਲਈ ਹੀ ਕਹਿ ਰਿਹਾ ਹਾਂ, ਫਿਰ ਤੋਂ ਵਾਲ ਵਧਾ ਲੈ।” ਨਿਖਿਲ ਦੀ ਆਵਾਜ਼ ਹੋਰ ਵੀ ਰੁੱਖੀ ਹੋ ਗਈ ਸੀ।
ਸ਼ਵੇਤਾ ਨਿਖਿਲ ਵੱਲ ਦੇਖਦੀ ਹੋਈ ਉਹਦੀ ਗੱਲ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।
                                     -0-


Sunday, December 11, 2011

ਨੀਂਦ


ਜਿਉਤੀ ਜੈਨ
ਮਖਮਲੀ ਗੱਦੇ ਉੱਪਰ ਇੱਧਰ-ਉੱਧਰ ਕਰਵਟਾਂ ਬਦਲ ਰਹੇ ਰਾਕੇਸ਼ ਤੇ ਮਾਇਆ ਇਕ ਦੂਜੇ ਨੂੰ ਦੇਖਦੇ ਖਿਝ ਕੇ ਆਖਰ ਉੱਠ ਹੀ ਗਏ। ਦੋਹਾਂ ਨੂੰ ਨੀਂਦ ਨਾ ਆਉਣ ਦੀ ਵੱਡੀ ਬੀਮਾਰੀ ਸੀ।
‘ਕੰਬਖਤ ਏ.ਸੀ. ’ਚ ਵੀ ਘੁਟਨ ਹੁੰਦੀ ਹੈ।’ ਬੁੜਬੁੜਾਉਂਦੇ ਹੋਏ ਰਾਕੇਸ਼ ਪੈਰਾਂ ਵਿਚ ਸਲੀਪਰ ਪਾ ਬਾਲਕੋਨੀ ਵਿਚ ਆ ਖੜਾ ਹੋਇਆ।
ਤਦੇ ਥੋੜੀ ਦੂਰ ਤੋਂ ਆ ਰਹੀ ਖਰਾਟਿਆਂ ਦੀ ਆਵਾਜ਼ ਸੁਣ ਉਹਦੇ ਕੰਨ ਤੇ ਅੱਖਾਂ ਉਸ ਦਿਸ਼ਾ ਵੱਲ ਧਿਆਨ ਦੇਣ ਲੱਗੇ। ਇਹ ਆਵਾਜ਼ਾਂ ਉਹਨਾਂ ਦੇ ਸਰਵੈਂਟ ਕੁਆਟਰ ਦੀ ਛੱਤ ਤੋਂ ਆ ਰਹੀਆਂ ਲਗਦੀਆਂ ਸਨ। ਉਹਨੇ ਧਿਆਨ ਨਾਲ ਦੇਖਿਆ ਤਾਂ ਉੱਥੇ ਉਹਨਾਂ ਦਾ ਨੌਕਰ ਰਾਧੇ ਤੇ ਉਹਦੀ ਪਤਨੀ ਲਾਲੀ ਦਿਨ ਭਰ ਦੀ ਥਕਾਵਟ ਤੋਂ ਬਾਦ ਸਕੂਨ ਭਰੀ ਗਹਿਰੀ ਨੀਂਦ ਦੀ ਬੁੱਕਲ ਵਿਚ ਸਨ।
ਹਲਕੇ-ਹਲਕੇ ਖਰਾਟੇ ਰਾਕੇਸ਼ ਨੂੰ ਚੰਗੇ ਲੱਗ ਰਹੇ ਸਨ।
                                              -0-

Friday, July 16, 2010

ਹਿੰਦੀ/ ਦਾਵਾ

ਜਿਉਤੀ ਜੈਨ
             ਬਹਿਸ ਚੱਲ ਰਹੀ ਸੀ। ਸਾਰੇ ਆਪਣੇ ਦੇਸ਼ਭਗਤ ਹੋਣ ਦਾ ਦਾਵਾ ਪੇਸ਼ ਕਰ ਰਹੇ ਸਨ।
             ਅਧਿਆਪਕ ਦਾ ਕਹਿਣਾ ਸੀ, “ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਇਸਲਈ ਇਹ ਦੇਸ਼ ਦੀ ਵੱਡੀ ਸੇਵਾ ਹੈ।”
             ਡਾਕਟਰ ਦਾ ਕਹਿਣਾ ਸੀ, “ਅਸੀਂ ਦੇਸ਼ਵਾਸੀਆਂ ਦੀ ਜਾਨ ਬਚਾਉਂਦੇ ਹਾਂ, ਇਸਲਈ ਦੇਸ਼ਭਗਤੀ ਦਾ ਸਰਟੀਫਿਕੇਟ ਸਾਨੂੰ ਮਿਲਣਾ ਚਾਹੀਦਾ ਹੈ।”
             ਵੱਡੀਆਂ ਵੱਡੀਆਂ ਉਸਾਰੀਆਂ ਕਰਨ ਵਾਲੇ ਇੰਜਨੀਅਰਾਂ ਨੇ ਵੀ ਆਪਣਾ ਦਾਵਾ ਪੇਸ਼ ਕੀਤਾ ਤਾਂ ਵਪਾਰੀਆਂ ਅਤੇ ਕਿਸਾਨਾਂ ਨੇ ਦੇਸ਼ ਦੀ ਆਰਥਿਕ ਤਰੱਕੀ ਵਿਚ ਆਪਣਾ ਯੋਗਦਾਨ ਦਰਸਾਉਂਦੇ ਹੋਏ ਆਪਣਾ ਪੱਖ ਪੇਸ਼ ਕੀਤਾ।
             ਤਦ ਖੱਦਰਧਾਰੀ ਲੀਡਰ ਅੱਗੇ ਆਏ, “ਸਾਡੇ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਸਭ ਤੋਂ ਵੱਡੇ ਦੇਸ਼ਭਗਤ ਤਾਂ ਅਸੀਂ ਹਾਂ।”
             ਲੀਡਰ ਦੀ ਗੱਲ ਸੁਣ ਹੌਲੀ-ਹੌਲੀ ਸਾਰੇ ਖਿਸਕਣ ਲੱਗੇ।
             ਤਦ ਕਿਸੇ ਨੇ ਕਿਹਾ, “ਓਏ ਲਾਲ ਸਿੰਘ, ਤੂੰ ਆਪਣਾ ਪੱਖ ਨਹੀਂ ਰੱਖੇਂਗਾ?”
            “ਮੈਂ ਕੀ ਕਹਾਂ?” ਰਿਟਾਇਰਡ ਫੌਜੀ ਬੋਲਿਆ, “ਕਿਸ ਬਿਨਾ ਤੇ ਕੁਝ ਕਹਾਂ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਮੇਰੇ ਤਿੰਨੋਂ ਪੁੱਤਰ ਤਾਂ ਪਹਿਲਾਂ ਹੀ ਫੌਜ ’ਚ ਸ਼ਹੀਦ ਹੋ ਚੁੱਕੇ ਹਨ।”
                                                                           -0-

Thursday, July 8, 2010

ਹਿੰਦੀ/ ਜਲਤਰੰਗ


ਜਿਉਤੀ ਜੈਨ
ਜਦੋਂ ਦਾ ਦਾਦੀ ਨੇ ਸੁਣਿਆ ਸੀ ਕਿ ਗਨਗੌਰ(ਚੇਤ ਦੇ ਮਹੀਨੇ ਦੌਰਾਨ ਕੁੜੀਆਂ ਤੇ ਔਰਤਾਂ ਵੱਲੋਂ ਗਣੇਸ਼ ਅਤੇ ਗੌਰੀ ਦੀ ਪੂਜਾ ਦਾ ਉਤਸਵ) ਦੀ ਅੰਤਮ ਰਸਮ ਲਈ ਪੁਰਾਣੀ ਬਾਉੜੀ ਵਾਲੇ ਬਗੀਚੇ ਵਿਚ ਜਾ ਰਹੇ ਹਨ ਤਾਂ ਉਹ ਵਾਰ-ਵਾਰ ਆਪਣੀ ਪੋਤਰੀ ਸ਼੍ਰੀਤੀ ਤਾਈਂ ਉਸਨੂੰ ਵੀ ਨਾਲ ਲੈ ਜਾਣ ਲਈ ਕਹਿ ਰਹੀ ਸੀ।
“ਤੂੰ ਕੀ ਕਰੇਂਗੀ ਦਾਦੀ?” ਸ਼੍ਰੀਤੀ ਨੇ ਕਮਜ਼ੋਰ ਦੇਹ ਵਾਲੀ ਦਾਦੀ ਨੂੰ ਹੈਰਾਨੀ ਨਾਲ ਦੇਖਦੇ ਹੋਏ ਪੁੱਛਿਆ।
“ਬੱਸ ਮੈਨੂੰ ਇਕ ਵਾਰ ਲੈ ਚੱਲ…।”
ਇਸ ਤੋਂ ਪਹਿਲਾਂ ਕਿ ਦਾਦੀ ਦਾ ਪੁਰਾਣਾ ਰਿਕਾਰਡ ਵੱਜਣਾ ਸ਼ੁਰੂ ਹੁੰਦਾ, “ਠੀਕ ਐ, ਸ਼ਾਮ ਨੂੰ ਚਾਰ ਵਜੇ ਚੱਲਾਂਗੇ।” ਕਹਿਕੇ ਸ਼੍ਰੀਤੀ ਨੇ ਜਿਵੇਂ ਆਪਣਾ ਪਿੱਛਾ ਛੁਡਾਇਆ।
ਬਾਉੜੀ ਵਾਲੇ ਬਗੀਚੇ ਵਿਚ ਜਦੋਂ ਸਾਰੀਆਂ ਔਰਤਾਂ ਗਨਗੌਰ ਪੂਜਾ ਵਿਚ ਰੁੱਝੀਆਂ ਸਨ, ਉਦੋਂ ਉਸ ਕੂੜੇ-ਕਰਕਟ ਨਾਲ ਭਰ ਚੁੱਕੀ ਬਾਉੜੀ ਦੀ ਮੌਣ ਉੱਤੇ ਬੈਠੀ ਦਾਦੀ ਨੂੰ ਆਪਣਾ ਅਤੇ ਆਪਣੇ ਬਚਪਣ ਦੇ ਮਿੱਤਰ ਪ੍ਰਤਾਪ ਦੇ ਬਿੰਬ ਸਾਫ ਨਜ਼ਰ ਆ ਰਹੇ ਸਨ। ਪ੍ਰੇਮ ਦੀ ਪਰਿਭਾਸ਼ਾ ਤਾਂ ਸ਼ਾਇਦ ਉਦੋਂ ਉਹ ਨਹੀਂ ਜਾਣਦੀ ਸੀ, ਪਰ ਉਸ ਪਵਿੱਤਰ ਤੇ ਅਗਿਆਤ ਰਿਸ਼ਤੇ ਨੂੰ ਮਹਿਸੂਸ ਕਰ ਸਕਦੀ ਸੀ। ਪਰ ਕਿੱਥੇ ਉਹ ਖੁਦ ਗੌੜ ਬ੍ਰਾਹਮਣਾਂ ਦੀ ਕੁੜੀ ਤੇ ਕਿੱਥੇ ਉਹ ਰਾਜਪੂਤ ਪ੍ਰਤਾਪ। ਅਜਿਹੇ ਰਿਸ਼ਤੇ ਦੀ ਉਸ ਜ਼ਮਾਨੇ ਵਿਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
“ਚੱਲ ਨਾ ਦਾਦੀ! ਸਾਰੀਆਂ ਔਰਤਾਂ ਜਾ ਰਹੀਆਂ ਹਨ।” ਸ਼੍ਰੀਤੀ ਨੇ ਉਹਦਾ ਮੋਢਾ ਛੂਹਿਆ ਤਾਂ ਉਹ ਤ੍ਰਭਕ ਉੱਠੀ। ਲੱਗਾ, ਜਿਵੇਂ ਪ੍ਰਤਾਪ ਨੇ ਬਾਉੜੀ ਵਿਚ ਕੰਕਰ ਸੁੱਟਿਆ ਹੋਵੇ। ਆਪਣੇ ਅੰਦਰ ਉਸ ਜਲ ਦੀਆਂ ਤਰੰਗਾਂ ਮਹਿਸੂਸ ਕਰਦੀ ਦਾਦੀ ਨੇ ਜਵਾਨ ਪੋਤਰੀ ਦਾ ਮਜਬੂਤ ਹੱਥ ਫੜਿਆ ਤੇ ਬਾਉੜੀ ਨੂੰ ਅੰਤਮ ਪ੍ਰਣਾਮ ਕਰਕੇ ਤੁਰ ਪਈ।
ਹੁਣ ਜਲਤਰੰਗ ਉਹਦੇ ਹਿਰਦੇ ਵਿਚ ਵੱਜ ਰਿਹਾ ਸੀ।
                                                -0-