Showing posts with label ਉਰਮਿ ਕ੍ਰਿਸ਼ਣ. Show all posts
Showing posts with label ਉਰਮਿ ਕ੍ਰਿਸ਼ਣ. Show all posts

Sunday, May 6, 2012

ਹਿੰਦੀ / ਅਮਾਨਤ


 ਉਰਮਿ ਕ੍ਰਿਸ਼ਣ

ਸਾਰਾ ਸਮਾਨ ਟਰੱਕ ਵਿਚ ਲੱਦਿਆ ਜਾ ਚੁੱਕਾ ਸੀ। ਕਵਿ ਸ਼ਿਵਾ ਅੱਜ ਨਵੇਂ ਮਕਾਨ ਵਿਚ ਜਾ ਰਹੇ ਸਨ। ਉਹਨਾਂ ਦੀ ਪਤਨੀ ਸਰਿਤਾ ਨੇ ਉੱਚੀ ਆਵਾਜ਼ ਵਿਚ ਪੁਕਾਰਿਆ, “ ਗੁੱਡੀਏ ਚੱਲ, ਸਾਰਾ ਸਮਾਨ ਲੱਦਿਆ ਜਾ ਚੁੱਕੈ।”
ਚਾਰ ਸਾਲ ਦੀ ਗੁੱਡੀ ਹੌਲੀ-ਹੌਲੀ ਚੱਲ ਕੇ ਬਾਹਰ ਆ ਰਹੀ ਸੀ। ਉਸਦੀ ਫਰਾਕ ਦੀ ਝੋਲੀ ਵਿਚ ਕੰਕਰ-ਪੱਥਰਾਂ ਦਾ ਭਾਰ ਲੱਦਿਆ ਹੋਇਆ ਸੀ। ਦੇਖਦੇ ਹੀ ਮਾਂ ਚਿੱਲਾਈ, “ਇਹ ਕੀ? ਪੱਥਰਾਂ ਦਾ ਕੀ ਕਰੇਂਗੀ? ਸਿੱਟ ਦੇ ਇੱਥੇ ਈ।” ਮਾਂ ਨੇ ਗੁੱਡੀ ਦੇ ਸਾਰੇ ਪੱਥਰ ਫਰਸ਼ ਉੱਤੇ ਖਿਲਾਰ ਦਿੱਤੇ। ਦੋ ਪਲ ਗੁੱਡੀ ਪੱਥਰ ਬਣੀ ਖਿਲਰੇ ਪੱਥਰਾਂ ਨੂੰ ਦੇਖਦੀ ਰਹੀ ਤੇ ਫਿਰ ਫੁੱਟ-ਫੁੱਟ ਕੇ ਰੋ ਪਈ।
“ਕੀ ਹੋਇਆ ਬੇਟੇ?” ਪਿਤਾ ਨੇ ਗੋਦੀ ਚੁੱਕਦੇ ਹੋਏ ਗੁੱਡੀ ਨੂੰ ਪੁੱਛਿਆ।
ਗੁੱਡੀ ਰੋਈ ਜਾ ਰਹੀ ਸੀ। ਮਾਂ ਨੇ ਅੱਗੇ ਹੋ ਕੇ ਕਿਹਾ, “ਵੇਖੋ, ਤੁਹਾਡੀ ਲਾਡਲੀ ਇਹ ਪੱਥਰ ਫਰਾਕ ’ਚ ਭਰਕੇ ਲਿਜਾ ਰਹੀ ਸੀ। ਨਵੀਂ ਫਰਾਕ ਖਰਾਬ ਕਰਲੀ।”
“ਓਹੋ ਸਰਿਤਾ! ਉਹਦੇ ਪੱਥਰ ਸਿੱਟਣ ਤੋਂ ਪਹਿਲਾਂ ਕੁਝ ਤਾਂ ਸੋਚਦੀ। ਇਹ ਉਹਦੇ ਬਚਪਣ ਦੀ ਅਮਾਨਤ ਹਨ। ਤੇਰੇ ਟਰੱਕ ਭਰੇ ਸਮਾਨ ਤੋਂ ਵੀ ਜ਼ਿਆਦਾ ਕੀਮਤ ਹੈ ਗੁੱਡੀ ਲਈ ਇਨ੍ਹਾਂ ਪੱਥਰਾਂ ਦੀ।”
ਸਰਿਤਾ ਨੇ ਗੁੱਡੀ ਨੂੰ ਗਲ ਨਾਲ ਲਾਉਂਦੇ ਹੋਏ ਕਿਹਾ, “ਮੈਨੂੰ ਮਾਫ਼ ਕਰ ਦੇ ਬੇਟੇ! ਮੈਂ ਤੇਰਾ ਮਨ ਦੁਖਾਇਆ।”
ਤੇ ਤਿੰਨੇਂ ਖਿਲਰੇ ਹੋਏ ਪੱਥਰ ਇਕੱਠੇ ਕਰਨ ਲੱਗੇ।
                                         -0-

Monday, December 26, 2011

ਹਿੰਦੀ/ ਇਹ ਲੋਕ


ਉਰਮਿ ਕ੍ਰਿਸ਼ਣ
                           
ਮੈਂ ਆਪਣਾ ਬਿੱਲ ਲੈ ਕੇ ਪਹੁੰਚਿਆ ਤਾਂ ਉਹ ਮਜ਼ਦੂਰਾਂ ਨੂੰ ਛੁੱਟੀ ਕਰਕੇ ਉਹਨਾਂ ਦਾ ਹਿਸਾਬ ਕਰ ਰਹੇ ਸਨ। ਆਖਰੀ ਮਜ਼ਦੂਰ ਨਾਲ ਉਹਨਾਂ ਦੀ ਕਾਫੀ ਬਹਿਸ ਹੋਈ। ਉਹ ਆਪਣੀਆਂ ਪੰਜ ਦਿਹਾੜੀਆਂ ਦੇ ਪੂਰੇ ਪੈਸੇ ਮੰਗ ਰਿਹਾ ਸੀ, ਜਦੋਂ ਕਿ ਉਹ ਇਕ ਦਿਹਾੜੀ ਦੇ ਪੈਸੇ ਰੋਕ ਕੇ ਰੱਖਣ ਲਈ ਬਜਿੱਦ ਸਨ। ਮਜ਼ਦੂਰ ਦਾ ਤਰਕ ਸੀ ਕਿ ਉਹਨੇ ਪੈਸੇ ਘਰ ਭੇਜਣੇ ਹਨ। ਚਿੱਠੀ ਆਈ ਹੈ, ਬੱਚਾ ਬੀਮਾਰ ਹੈ। ਪਰ ਉਹ ਨਹੀਂ ਮੰਨੇ। ਅੰਤ ਉਹ ਚਾਰ ਦਿਹਾੜੀਆਂ ਦੇ ਪੈਸੇ ਲੈ ਕੇ ਹੀ ਚਲਾ ਗਿਆ।
ਮੇਰਾ ਬਿੱਲ ਦੇਖਕੇ ਉਹ ਬੋਲੇ, “ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਇਨ੍ਹਾਂ ਦਾ ਕੋਈ ਦੀਨ-ਈਮਾਨ ਨਹੀਂ। ਪੂਰੇ ਪੈਸੇ ਦੇ ਦਿੰਦਾ ਤਾਂ ਇਹਨੇ ਕੱਲ੍ਹ ਸ਼ਕਲ ਨਹੀਂ ਸੀ ਦਿਖਾਉਣੀ। ਫਿਰ ਨਵਾਂ ਮਜ਼ਦੂਰ ਲੱਭੋ, ਉਸ ਨਾਲ ਮੱਥਾ ਮਾਰੋ ਨਵੇਂ ਸਿਰਿਓਂ। ”
ਇੰਨੇ ਵਿੱਚ ਦੇਖਿਆ ਕਿ ਉਹੀ ਮਜ਼ਦੂਰ ਵਾਪਸ ਆ ਰਿਹਾ ਹੈ। ਉਹ ਆਕੇ ਬੋਲਿਆ, “ਬਾਬੂ ਜੀ, ਤੁਸੀਂ ਵੱਧ ਪੈਸੇ ਦੇਤੇ, ਦਸ ਦੀ ਜਗ੍ਹਾ ਪੰਜਾਹ ਦਾ ਨੋਟ ਦੇਤਾ। ਰਾਸ਼ਨ ਵਾਲੇ ਨੂੰ ਪੈਸੇ ਦੇਣ ਲੱਗਾ ਤਾਂ ਦੇਖਿਆ।”
ਉਹਨਾਂ ਨੇ ਫੁਰਤੀ ਨਾਲ ਉਹਦੇ ਹੱਥੋਂ ਨੋਟ ਝਪਟ ਲਿਆ। ਫਿਰ ਉਸਨੂੰ ਦਸ ਦਾ ਨੋਟ ਦਿੰਦੇ ਹੋਏ ਕਿਹਾ, “ਰਾਮਦੀਨ, ਤੂੰ ਤਾਂ ਆਪਣਾ ਖਾਸ ਆਦਮੀ ਐਂ। ਸਾਡੇ ਨਾਲ ਬੇਈਮਾਨੀ ਕਿਵੇਂ ਕਰ ਸਕਦੈਂ, ਇਸਲਈ ਅਸੀਂ ਵੀ ਧਿਆਨ ਨਾਲ ਨਹੀਂ ਗਿਣੇ। ਯਾਦ ਰੱਖ ਬਰਕਤ ਮਿਹਨਤ ਦੀ ਕਮਾਈ ਨਾਲ ਹੁੰਦੀ ਐ, ਬੇਈਮਾਨੀ ਨਾਲ ਨਹੀਂ।”
ਰਾਮਦੀਨ ਚਲਾ ਗਿਆ ਤਾਂ ਉਹ ਬੋਲੇ, “ਮੈਂ ਕਿਹਾ ਸੀ ਨਾ, ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਸਿਰੇ ਦੇ ਮੂਰਖ ਤੇ ਬੇਅਕਲ ਨੇ। ਹੱਥ ਆਈ ਲੱਛਮੀ ਨੂੰ ਦੁਤਕਾਰਦਾ ਐ ਭਲਾ ਕੋਈ। ਇਹ ਕਦੇ  ਉੱਪਰ ਨਹੀਂ ਉੱਠਣਗੇ।”
                                             -0-

Saturday, September 3, 2011

ਹਿੰਦੀ/ ਕੰਬਲ


ਉਰਮਿ ਕ੍ਰਿਸ਼ਣ

ਮੰਦਰ ਦੇ ਬਾਹਰ, ਕੰਧ ਨਾਲ ਜੁਡ਼ ਕੇ ਉਹ ਲੇਟਿਆ ਕਰਦਾ ਸੀ। ਠੰਡ ਤੇ ਮੀਂਹ ਤੋਂ ਬਚਣ ਲਈ, ਦੋ ਡੰਡਿਆਂ ਦੇ ਸਹਾਰੇ ਉਹਨੇ ਟਾਟ ਦੀਆਂ ਬੋਰੀਆਂ ਬੰਨ੍ਹੀਆਂ ਹੋਈਆਂ ਸਨ। ਕੱਲ੍ਹ ਕਡ਼ਾਕੇ ਦੀ ਠੰਡ ਵਾਲੀ ਰਾਤ ਵਿਚ  ਕੋਈ ਦਿਆਲੂ ਉਸ ਉੱਤੇ ਇਕ ਕੰਬਲ ਪਾ ਗਿਆ ਸੀ। ਅੱਜ ਉਸੇ ਕੰਬਲ ਨੂੰ ਉੱਪਰ ਲਈ ਉਹ ਅੱਧੀ ਰਾਤ ਸਮੇਂ ਪਿਸ਼ਾਬ ਕਰਨ ਲਈ ਉੱਠਿਆ। ਉਹਨੇਂ ਕੁਝ ਦੂਰੀ ਉੱਤੇ ਸੁੱਤੇ ਬਾਬੂ ਨੂੰ ਕਰਾਹੁੰਦੇ ਹੋਏ ਦੇਖਿਆ।
ਬਾਬੂ ਕੁਝ ਦਿਨ ਪਹਿਲਾਂ ਹੀ ਕੰਮ ਦੀ ਤਲਾਸ਼ ਵਿਚ ਪਿੰਡੋਂ ਆਇਆ ਸੀ। ਬੁੱਢੇ ਬਾਬੇ ਨਾਲ ਉਹਦੀ ਦੋਸਤੀ ਹੋ ਗਈ ਤੇ ਇੱਥੇ ਮੰਦਰ ਦੇ ਬਾਹਰ ਹੀ ਉਹਨੇ ਡੇਰਾ ਲਾ ਲਿਆ। ਜਦੋਂ ਉਹ ਕੰਮ ਦੀ ਭਾਲ ਵਿਚ ਜਾਂਦਾ ਤਾਂ ਉਹਦੀ ਇੱਕ ਮਾਤਰ ਗੁਦਡ਼ੀ ਦੀ ਰਖਵਾਲੀ ਬੁੱਢਾ ਬਾਬਾ ਹੀ ਕਰਦਾ ਸੀ।
“ਬਾਬੂ, ਕਿਉਂ ਕਰਾਹ ਰਿਹੈਂ?” ਬਾਬੇ ਨੇ ਪਿਆਰ ਨਾਲ ਪੁੱਛਿਆ। ਉਹਨੇ ਬਾਬੂ ਦੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ, “ਤੂੰ ਤਾਂ ਤਪ ਰਿਹੈਂ। ਹੁਣ ਮੈਂ ਕੀ ਕਰਾਂ? ਦਵਾ-ਦਾਰੂ ਤਾਂ ਮੇਰੇ ਕੋਲ ਕੋਈ ਹੈ ਨਹੀਂ।”
ਫਿਰ ਉਹ ਆਪਣਾ ਕੰਬਲ ਬਾਬੂ ਉੱਤੇ ਢੱਕ ਕੇ ਆ ਗਿਆ।
ਸਵੇਰੇ ਬਾਬੂ ਦੇਰ ਨਾਲ ਉੱਠਿਆ । ਕੰਬਲ ਦੇ ਨਿੱਘ ਤੇ ਬੁਖਾਰ ਕਾਰਨ ਉਹ ਛੇਤੀ ਨਹੀਂ ਉੱਠ ਸਕਿਆ ਸੀ। ਬਾਬੇ ਨੂੰ ਕੰਬਲ ਮੋਡ਼ਦਾ ਹੋਇਆ ਬੋਲਿਆ, “ਬਾਬਾ, ਕਿੰਨੀ ਧੁੱਪ ਚਡ਼੍ਹ ਗਈ, ਤੁਸੀਂ ਅਜੇ ਤਕ ਉੱਠੇ ਨਹੀਂ! ਤੁਸੀਂ ਤਾਂ ਮੂੰਹ ਹਨੇਰੇ ਹੀ ਉੱਠ ਖਡ਼ਦੇ ਹੋ।”
ਉਹਨੇ ਬਾਬੇ ਨੂੰ ਕਈ ਵਾਰ ਪੁਕਾਰਿਆ, ਪਰ ਬਾਬੇ ਦੇ ਸਰੀਰ ਵਿਚ ਕੋਈ ਹਲਚਲ ਨਹੀਂ ਹੋਈ। ਤਦ ਉਹਨੇਂ ਬਾਬੇ ਉੱਤੋਂ ਚਾਦਰ ਹਟਾਈ। ਬਾਬੇ ਦੀਆਂ ਅੱਖਾਂ ਖੁੱਲ੍ਹੀਆਂ ਸਨ ਤੇ ਸਰੀਰ ਆਕਡ਼ਿਆ ਹੋਇਆ ਸੀ। ਦਾਦਾ, ਬਾਪੂ, ਮਾਂ ਸਮੇਤ ਬਾਬੂ ਕਈ ਮੌਤਾਂ ਦੇਖ ਚੁੱਕਿਆ ਸੀ। ਉਹ ਫਟੀਆਂ ਅੱਖਾਂ ਨਾਲ ਬਾਬੇ ਨੂੰ ਦੇਖਦਾ ਰਹਿ ਗਿਆ। ਰਾਤ ਨੂੰ ਉਸ ਉੱਤੇ ਕੰਬਲ ਢਕਦੇ ਸਮੇਂ ਬਾਬੇ ਨੇ ਕਿਹਾ ਸੀ, ‘ਮੇਰਾ ਕੀ ਐ ਪੁੱਤ, ਚਾਰ ਦਿਨ ਘੱਟ ਜੀ ਲੂੰ ਤਾ ਕੀ ਐ। ਉਂਜ ਵੀ ਮਰੇ ਵਰਗਾ ਈ ਆਂ। ਤੂੰ ਅਜੇ ਜਵਾਨ ਐਂ। ਬਹੁਤ ਦਿਨ ਜੀਏਂਗਾ, ਕਮਾਏਂਗਾ, ਘਰ ਵਾਲਿਆਂ ਨੂੰ ਪਾਲੇਂਗਾ।’
ਬਾਬੂ ਦੇ ਹੱਥਾਂ ਵਿਚ ਕੰਬਲ ਸੀ। ਉਹਦੀਆਂ ਅੱਖਾਂ ਤੋਂ  ਫਿਸਲ ਕੇ ਦੋ ਵੱਡੀਆਂ ਬੂੰਦਾਂ ਕੰਬਲ ਉੱਤੇ ਅਟਕ ਗਈਆਂ।
                                       -0-