Showing posts with label ਸ਼ੇਫਾਲੀ ਪਾਂਡੇ. Show all posts
Showing posts with label ਸ਼ੇਫਾਲੀ ਪਾਂਡੇ. Show all posts

Thursday, November 18, 2010

ਹਿੰਦੀ/ ਮਿਸ ਹੋਸਟਲ


 ਸ਼ੇਫਾਲੀ ਪਾਂਡੇ

ਅੱਜ ਹੋਸਟਲ ਵਿਚ ਬਹੁਤ ਗਹਿਮਾਗਹਿਮੀ ਸੀ। ਸਾਰੀਆਂ ਸੀਨੀਅਰ ਵਿਦਿਆਰਥਣਾਂ  ਵਿੱਚੋਂ ਅੱਜ ਕਿਸੇ ਇਕ ਦੇ ਸਿਰ ‘ਮਿਸ ਹੋਸਟਲ’ ਦਾ ਤਾਜ ਸਜਣ ਵਾਲਾ ਸੀ। ਵਿਸ਼ਵ ਪੱਧਰ ਦੀਆਂ ਪ੍ਰਤਿਯੋਗਤਾਵਾਂ ਦੀ ਤਰ੍ਹਾਂ ਕਈ ਰਾਊਂਡ ਹੋਏ ਸਨ। ਆਖਰੀ ਰਾਊਂਡ ਪ੍ਰਸ਼ਨ-ਉੱਤਰ ਦਾ ਸੀ, ਜਿਸਦੇ ਅਧਾਰ ਉੱਤੇ ‘ਮਿਸ ਹੋਸਟਲ’ ਨੂੰ ਚੁਣਿਆ ਜਾਣਾ ਸੀ।
ਪ੍ਰਸ਼ਨ-ਉੱਤਰ ਰਾਊਂਡ ਮਗਰੋਂ ਜਿਸ ਵਿਦਿਆਰਥਣ ਨੂੰ ਗੱਤੇ ਦਾ ਬਣਿਆ ਚਮਕੀਲਾ ਤਾਜ ਪਹਿਣਾਇਆ ਗਿਆ ਉਸਨੇ ਅਪਣੇ ਪ੍ਰਭਾਵਸ਼ਾਲੀ ਉੱਤਰ ਨਾਲ ਸਭ ਵਿਦਿਆਰਥਣਾਂ ਦਾ ਦਿਲ ਜਿੱਤ ਲਿਆ।
ਉਸਨੂੰ ਪੁੱਛਿਆ ਗਿਆ ਸੀ, “ ਜਾਂਦੀ ਵਾਰ ਦੁਨੀਆਂ ਨੂੰ ਕੀ ਦੇ ਕੇ ਜਾਉਗੇ ਤੁਸੀਂ?”
“ਮੈਂ ਆਪਣੀਆਂ ਅੱਖਾਂ ਤੇ ਗੁਰਦੇ ਦਾਨ ਕਰਕੇ ਜਾਊਂਗੀ ਤਾਕਿ ਇਹ ਕਿਸੇ ਲੋਡ਼ਵੰਦ ਦੇ ਕੰਮ ਆ ਸਕਣ।”
ਤਾਡ਼ੀਆਂ ਦੀ ਗਡ਼ਗਡ਼ਾਹਟ ਦੇ ਨਾਲ ਉਸਨੂੰ ਤਾਜ ਪਹਿਣਾਇਆ ਗਿਆ। ਸਾਰੀਆਂ ਵਿਦਿਆਰਥਣਾਂ ਨੇ ਉਹਦੇ ਨਾਲ ਤਸਵੀਰਾਂ ਖਿਚਵਾਈਆਂ। ਪੂਰੇ ਹੋਸਟਲ ਅਤੇ ਕਾਲਿਜ ਵਿਚ ਉਸਦੇ ਉੱਚ ਵਿਚਾਰਾਂ ਦੀ ਚਰਚਾ ਹੋਈ।
ਕੁਝ ਸਮੇਂ ਬਾਦ ਪਰੀਖਿਆਵਾਂ ਖਤਮ ਹੋਈਆਂ। ਸਭ ਵਿਦਿਆਰਥਣਾਂ ਆਪਣੇ-ਆਪਣੇ ਘਰਾਂ ਨੂੰ ਮੁਡ਼ਨ ਲੱਗੀਆਂ। ਮਿਸ ਹੋਸਟਲ ਨੇ ਵੀ ਸਮਾਨ ਬੰਨ੍ਹ ਲਿਆ। ਉਹ ਆਪਣੀ ਰੂਮ-ਮੇਟ ਨਾਲ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਰਹੀ ਸੀ। ਗੱਲਾਂ-ਗੱਲਾਂ ਵਿਚ ਹੀ ਉਹਨੂੰ ਗੁੱਸਾ ਚਡ਼੍ਹ ਗਿਆ। ਉਹ ਬੋਲੀ, “ਏਨੇ ਸਡ਼ੇ ਹੋਸਟਲ ’ਚ ਦੋ ਸਾਲ ਗੁਜ਼ਾਰਨਾ ਨਰਕ ਸਮਾਨ ਸੀ। ਚੌਂਦੀਆਂ ਹੋਈਆਂ ਛੱਤਾਂ, ਗੰਦਾ ਖਾਣਾ, ਪਾਣੀ ਦੀ ਸਮੱਸਿਆ, ਟਾਇਲੇਟ ਦੀ ਗੰਦਗੀ ਤੇ ਸਭ ਤੋਂ ਖਤਰਨਾਕ ਇਹ ਲਮਕਦੀਆਂ ਹੋਈਆਂ ਤਾਰਾਂ। ਉਫ! ਕਦੇ ਦੁਬਾਰਾ ਨਾ ਆਉਣਾ ਪਵੇ ਅਜਿਹੇ ਹੋਸਟਲ ’ਚ।”
ਰੂਮ-ਮੇਟ ਨੇ ਉਹਦੀ ਹਾਂ ਵਿਚ ਹਾਂ ਮਿਲਾਈ ਤਾਂ ਉਸਦਾ ਗੁੱਸਾ ਹੋਰ ਵੀ ਭਡ਼ਕ ਗਿਆ।
“ਜਦੋਂ ਮੈਂ ਇੱਥੇ ਆਈ ਸੀ ਤਾਂ ਇਸ ਕਮਰੇ ’ਚ ਨਾ ਕੋਈ ਬੱਲਬ ਸੀ ਨਾ ਟਿਊਬ-ਰਾਡ, ਨਾ ਹੀ ਸਿਵਿੱਚ-ਬੋਰਡ। ਵਾਰਡਨ ਨੂੰ  ਸ਼ਿਕਾਇਤ ਕੀਤੀ ਤਾਂ ਉਸਨੇ ਕਿਹਾ, “ਅਸੀਂ ਕੀ ਕਰੀਏ, ਜਿੰਨਾਂ ਯੂਨੀਵਰਸਿਟੀ ਦੇਊਗੀ, ਓਨਾ ਹੀ ਤਾਂ ਖਰਚਾਂਗੇ।…ਸਭ ਕੁਝ ਮੈਨੂੰ ਖਰੀਦਣਾ ਪਿਆ, ਆਪਣੀ ਪਾਕਿਟਮਨੀ ’ਚੋਂ। ਇਨ੍ਹਾਂ ਨੂੰ ਆਪਣੇ ਨਾਲ ਲਿਜਾ ਤਾਂ ਨਹੀਂ ਸਕਦੀ, ਪਰ ਜੇਕਰ ਇਹ ਸਵਿੱਚ-ਬੋਰਡ ਉਖਾਡ਼ ਕੇ ਤੇ ਲਾਈਟਾਂ ਭੰਨ ਕੇ ਨਹੀਂ ਜਾਵਾਂਗੀ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।”
ਮਿਸ ਹੋਸਟਲ ਆਪਣੇ ਉੱਤੇ ਕਾਬੂ ਨਹੀਂ ਰੱਖ ਸਕੀ। ਉਹਨੇ ਇਕ ਪੱਥਰ ਲਿਆ ਅਤੇ ਬੱਲਬ ਉੱਤੇ ਨਿਸ਼ਾਨਾ ਲਾਇਆ, ਫਿਰ ਟਿਊਬ-ਰਾਡ ਨੂੰ ਤੋਡ਼ ਦਿੱਤਾ। ਰੋਸ਼ਨੀ ਚੂਰ-ਚੂਰ ਹੋਕੇ ਫਰਸ਼ ਉੱਤੇ ਬਿਖਰ ਗਈ।
                                              -0-


Thursday, May 6, 2010

ਹਿੰਦੀ/ ਸੱਚ

ਸ਼ੇਫਾਲੀ ਪਾਂਡੇ

“ਇਹ ਮੇਰੇ ਸਾਈਨ ਨਹੀਂ ਹਨ, ਬੋਲ ਤੂੰ ਹੀ ਕੀਤੇ ਹਨ ਨਾ ਮੇਰੇ ਸਾਈਨ?” ਸੁਮਨ ਮੈਡਮ ਨੇ ਕਡ਼ਕ ਕੇ ਪੁੱਛਿਆ।
“ਨਹੀਂ ਮੈਡਮ।” ਨਾਂ ਦੇ ਅੰਗਰੇਜ਼ੀ ਮਾਧਿਅਮ ਸਕੂਲ ਦੀ ਤੀਜੀ ਜਮਾਤ ਵਿਚ ਪਡ਼੍ਹਨ ਵਾਲੀ ਰੇਖਾ ਨੇ ਡਰਦੇ ਹੋਏ ਉੱਤਰ ਦਿੱਤਾ।
“ਝੂਠ ਬੋਲਦੀ ਐਂ, ਹੱਥ ਪੁੱਠੇ ਕਰਕੇ ਮੇਜ ਉੱਤੇ ਰੱਖ।”
ਰੇਖਾ ਨੇ ਸਹਿਮਦੇ ਹੋਏ ਹੱਥ ਅੱਗੇ ਕਰ ਦਿੱਤੇ। ਮੈਡਮ ਨੇ ‘ਤਡ਼ਾਕ’ ਦੇਣੇ ਲੱਕਡ਼ ਦਾ ਡਸਟਰ ਉਹਦੇ ਕੋਮਲ ਹੱਥਾਂ ਉੱਤੇ ਦੇ ਮਾਰਿਆ। ਕੁਡ਼ੀ ਰੋਣ ਲੱਗ ਪਈ।
“ਜੇਕਰ ਤੂੰ ਸੱਚ ਦੱਸ ਦੇਂਗੀ ਤਾਂ ਮੈਂ ਤੈਨੂੰ ਛੱਡ ਦਿਆਂਗੀ। ਬੋਲ ਤੂੰ ਹੀ ਕੀਤੇ ਹਨ ਨਾ ਸਾਈਨ?”
“ਨਹੀਂ ਮੈਡਮ, ਮੈਂ ਸੱਚ ਕਹਿ ਰਹੀ ਆਂ, ਮੈਂ ਨਹੀਂ ਕੀਤੇ।” ਕੁਡ਼ੀ ਨੇ ਰੋਂਦੇ ਹੋਏ ਕਿਹਾ।
ਮੈਡਮ ਗੁੱਸੇ ਨਾਲ ਪਾਗਲ ਹੋ ਗਈ। ‘ਤਡ਼ਾਕ, ਤਡ਼ਾਕ ਤਡ਼ਾਕ’ ਮੈਡਮ ਨੇ ਮਾਸੂਮ ਹੱਥਾਂ ਉੱਪਰ ਬੇਹਿਸਾਬ ਮਾਰ ਮਾਰੀ।
ਕੁਡ਼ੀ ਤੋਂ ਦਰਦ ਸਹਿਣ ਨਹੀਂ ਹੋਇਆ ਤਾਂ ਉਹਨੇ ਮੰਨ ਲਿਆ ਕਿ ਉਹ ‘ਸਾਈਨ’ ਉਸਨੇ ਹੀ ਕੀਤੇ ਸਨ। ਤਦ ਮੈਡਮ ਦੇ ਚਿਹਰੇ ਉੱਤੇ ਜੇਤੂ ਮੁਸਕਾਨ ਤੈਰ ਗਈ, “ਆਖਰ ਸੱਚ ਉਗਲਵਾ ਹੀ ਲਿਆ।”
ਸ਼ਾਮੀਂ ਘਰ ਪਹੁੰਚ ਕੇ ਸੁਮਨ ਨੇ ਕਾਪੀਆਂ ਦਾ ਬੰਡਲ ਚੈੱਕ ਕਰਨ ਲਈ ਬੈਗ ਵਿੱਚੋਂ ਬਾਹਰ ਕੱਢਿਆ ਹੀ ਸੀ ਕਿ ਉਹਦਾ ਨਿੱਕਾ ਜਿਹਾ ਬੇਟਾ ਖੇਡਦਾ ਹੋਇਆ ਉਸ ਕੋਲ ਆ ਕੇ ਬੋਲਿਆ, “ਮੰਮੀ, ਮੈਨੂੰ ਤੁਹਾਡੀ ਤਰ੍ਹਾਂ ਕਾਪੀ ਚੈੱਕ ਕਰਨਾ ਬਹੁਤ ਚੰਗਾ ਲਗਦਾ ਹੈ। ਪਲੀਜ, ਇਕ ਕਾਪੀ ਮੈਨੂੰ ਵੀ ਦੇ ਦਿਓ।”
ਸੁਮਨ ਮੈਡਮ ਦਾ ਮੱਥਾ ਠਣਕਿਆ, “ਤੂੰ ਕੱਲ ਵੀ ਇੱਥੋਂ ਕਾਪੀ ਚੁੱਕੀ ਸੀ?”
“ਹਾਂ ਮੰਮੀ, ਬਹੁਤ ਮਜ਼ਾ ਆਇਆ। ਜਵਾਂ ਤੁਹਾਡੇ ਵਾਂਗ ਕਾਪੀ ਚੈੱਕ ਕੀਤੀ ਮੈਂ।”
ਸੁਮਨ ਨੇ ਆਪਣਾ ਮੱਥਾ ਫਡ਼ ਲਿਆ।
ਉੱਧਰ ਰੇਖਾ ਦੇ ਮਾਂ-ਪਿਉ ਉਸਦਾ ਸੁੱਜਿਆ ਹੋਇਆ ਹੱਥ ਦੇਖ ਕੇ ਸੁੰਨ ਰਹਿ ਗਏ। ਦਿਨ ਰਾਤ ਖੇਤਾਂ ਵਿਚ ਸਖਤ ਮਿਹਨਤ ਕਰਨ ਵਾਲੇ ਮਾਂ-ਪਿਉ ਦਾ ਸਿਰਫ ਇਕ ਹੀ ਮਕਸਦ ਸੀ ਕੀ ਉਹਨਾਂ ਦੀ ਧੀ ਕੁਝ ਪਡ਼੍ਹ-ਲਿਖ ਜਾਵੇ।
“ਅੱਗ ਲਾ ਅਜਿਹੇ ਸਕੂਲ ਨੂੰ, ਕੱਲ ਤੋਂ ਮੇਰੇ ਨਾਲ ਖੇਤ ’ਚ ਕੰਮ ਕਰਨ ਚੱਲੀਂ।” ਮਾਂ ਕੁਡ਼ੀ ਦੇ ਕੋਮਲ ਹੱਥਾਂ ਉੱਪਰ ਹਲਦੀ ਲਾਉਂਦੀ ਹੋਈ ਰੋਈ ਜਾ ਰਹੀ ਸੀ।
-0-