Showing posts with label ਆਰਤੀ ਝਾ. Show all posts
Showing posts with label ਆਰਤੀ ਝਾ. Show all posts

Wednesday, October 2, 2013

ਹਿੰਦੀ/ ਛਤਰਛਾਇਆ



ਆਰਤੀ ਝਾ

ਸਭ ਨੂੰ ਕਲੂਏ ਦੀ ਆਦਤ ਜਿਹੀ ਪੈ ਗਈ ਸੀ। ਕਲੂਆ ਯਾਨੀ–ਗੋਪਾਲ। ਅਸੀਂ ਉਸਦਾ ਨਾਂ ਗੋਪਾਲ ਰੱਖ ਦਿੱਤਾ ਸੀ। ਉਹ ਸਾਰੇ ਘਰ ਦਾ ਚਹੇਤਾ ਬਣ ਗਿਆ ਸੀ। ਘਰ ਦੇ ਸਾਰੇ ਕੰਮ ਸਿੱਖ ਗਿਆ ਸੀ। ‘ਗੋਪਾਲ…ਗੋਪਾਲ’ ਦੀ ਰੱਟ ਨਾਲ ਘਰ ਗੂੰਜਦਾ ਰਹਿੰਦਾ ਸੀ। ਮਾਮਾ ਜੀ ਨੇ ਉਸਨੂੰ ਏ, ਬੀ, ਸੀ, ਡੀ, ਅਤੇ ਨਾਂ ਲਿਖਣਾ ਸਿਖਾ ਦਿੱਤਾ ਸੀ। ਨਾਨਾ-ਨਾਨੀ ਦੀ ਗੱਡੀ ਤਾਂ ਉਸ ਬਿਨਾਂ ਅੱਗੇ ਹੀ ਨਹੀਂ ਤੁਰਦੀ ਸੀ।
ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਉਸ ਦਾ ਪਿਤਾ ਉਸਨੂੰ ਲੈਣ ਆ ਗਿਆ। ਨਾਨੀ-ਮਾਂ ਦੇ ਲੱਖ ਸਮਝਾਉਣ ਤੇ ਵੀ ਉਹ ਨਹੀਂ ਮੰਨਿਆ। ਗੋਪਾਲ ਦੇ ਨਾ ਰਹਿਣ ਨਾਲ ਸਭਨੂੰ ਪਰੇਸ਼ਾਨੀ ਹੋਣ ਲੱਗੀ ਸੀ। ਘਰ ਵਿਚ ਇਕ ਅਜੀਬ ਜਿਆ ਖਲਾਅ ਆ ਗਿਆ ਸੀ। ਨਾਨੀ-ਮਾਂ ਤਾਂ ਅਕਸਰ ਉਸਨੂੰ ਯਾਦ ਕਰਕੇ ਦੁਖੀ ਹੁੰਦੀ ਸੀ। ਸਾਰੇ ਹੀ ਉਸਨੂੰ ਯਾਦ ਕਰਕੇ ਕੁਝ ਨਾ ਕੁਝ ਕਹਿੰਦੇ ਰਹਿੰਦੇ ਸਨ—
“ਪਤਾ ਨਹੀਂ ਕਿਹੋ ਜਿਆ ਹੋਊ ਗੋਪਾਲ! ਜ਼ਰੂਰ ਉਸਨੂੰ ਕਿਸੇ ਹੋਟਲ ’ਚ ਲਾ ਦਿੱਤਾ ਹੋਣੈ।”
“ਉੱਥੇ ਚੌਵੀ ਘੰਟਿਆਂ ’ਚੋਂ ਉੱਨੀਂ ਘੰਟੇ ਕੰਮ ’ਚ ਖਪਦਾ ਹੋਊ ਵਿਚਾਰਾ।”
“ਹੁਣ ਤਾਂ ਆਪਣਾ ਨਾਂ ਵੀ ਲਿਖਣਾ ਭੁੱਲ ਗਿਆ ਹੋਣੈ।”
“ਉਹਦਾ ਬਾਪ ਕਸਾਈ ਐ ਕਸਾਈ!”
“ਸਾਡੇ ਇੱਥੇ ਤਾਂ ਟ੍ਰੇਨਿੰਗ ਲਈ ਛੱਡ ਗਿਆ ਸੀ। ਕੰਮ ਸਿੱਖ ਗਿਆ ਤਾਂ ਭੇਜ ਤਾ ਦਿੱਲੀ!”
“ਇਹ ਲੋਕ ਤਾਂ ਬੱਚੇ ਪੈਦਾ ਈ ਇਸ ਲਈ ਕਰਦੇ ਨੇ ਕਿ ਇਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਮਾ ਕੇ ਦੇ ਸਕਣ।”
“ਗੋਪਾਲ ਦੀ ਤਾਂ ਭਾਸ਼ਾ ਵੀ ਬਦਲ ਗਈ ਹੋਣੀ ਐ। ਹੋ ਸਕਦੈ ਬੀੜੀ-ਸਿਗਰਟ ਵੀ ਪੀਂਦਾ ਹੋਵੇ!”
ਤਦੇ ਇਕ ਅਨਕਿਆਸੀ ਗੱਲ ਹੋਈ।
ਨਾਨੀ ਦੇ ਹੱਥ ਵਿਚ ਇਕ ਖੱਤ ਸੀ, ਜਿਸਨੂੰ ਉਹ ਹੈਰਾਨੀ ਨਾਲ ਦੇਖ ਰਹੀ ਸੀ। ਉਸਨੇ ਆਵਾਜ਼ ਦੇ ਕੇ ਸਭ ਨੂੰ ਬੁਲਾ ਲਿਆ। ਜੋ ਵੀ ਉਸ ਖੱਤ ਨੂੰ ਦੇਖਦਾ, ਉਸਦਾ ਚਿਹਰਾ ਬੁਝ ਜਿਹਾ ਜਾਂਦਾ।
ਉਹਨਾਂ ਦੀ ਛਤਰਛਾਇਆ ਤੋਂ ਦੂਰ ਜਾ ਕੇ ਵੀ ਕੋਈ ਇੰਨੀ ਤਰੱਕੀ ਕਰ ਸਕਦਾ ਹੈ, ਇਹ ਗੱਲ ਉਹਨਾਂ ਦੀ ਸਮਝ ਤੋਂ ਬਾਹਰ ਸੀ। ਮੋਤੀ ਜਿਹੇ ਸੁੰਦਰ ਅੱਖਰਾਂ ਵਿਚ ਲਿਖਿਆ ਗੋਪਾਲ ਦਾ ਖੱਤ ਉਹਨਾਂ ਸਾਰਿਆਂ ਦਾ ਮੂੰਹ ਚਿੜਾ ਰਿਹਾ ਸੀ।
                                      -0-


Monday, September 13, 2010

ਹਿੰਦੀ/ਪਿਆਰ

ਆਰਤੀ ਝਾ

            ਝੀਲ ਦੇ ਨੀਲੇ ਪਾਣੀ ਨੂੰ ਇਕਟਕ ਦੇਖਣਾ ਚੰਗਾ ਲੱਗ ਰਿਹਾ ਸੀ। ਚੱਪੂ ਦੀ ਆਵਾਜ਼ ਸੁਰੀਲੀ ਸੀ। ਬੋਟ ਵਾਲਾ ਮੁੰਡਾ ਇੱਕੀ-ਬਾਈ ਵਰ੍ਹਿਆਂ ਦਾ ਹੋਵੇਗਾ। ਉਹਦੀਆਂ ਗਹਿਰੀਆਂ-ਭੂਰੀਆਂ ਅੱਖਾਂ ਜਿਵੇਂ ਕੁਝ ਖੋਜ਼ ਰਹੀਆਂ ਸਨ।
            “ਕੀ ਕਰਦੇ ਓ ਬੋਟ ਚਲਾਉਣ ਤੋਂ ਇਲਾਵਾ?” ਮੈਂ ਪੁੱਛਿਆ।
            “ਪਡ਼੍ਹਾਈ। ਕਾਮਰਸ ਕਰ ਰਿਹੈਂ। ਇਹ ਪਾਰਟ ਟਾਈਮ ਜਾਬ ਐ। ਹੁਣ ਪੀਕ ਸੀਜਨ ਐ। ਟੂਰਿਸਟਾਂ ਦੀ ਭੀਡ਼ ਰਹਿੰਦੀ ਐ, ਇਸਲਈ ਚੰਗੀ ਕਮਾਈ ਹੋ ਜਾਂਦੀ ਐ।”
            “ਬੋਟ ਕੀ ਤੇਰੀ ਆਪਣੀ ਐ?”
            “ਨਹੀਂ, ਮਾਲਕ ਦੀ ਐ। ਆਪਣੀ ਕਿੱਥੇ…!” ਥੋਡ਼ੀ ਦੇਰ ਚੁੱਪ ਰਹਿ ਉਹ ਕੁਝ ਸੋਚਦਾ ਰਿਹਾ। ਫਿਰ ਬੋਲਿਆ, “ਲੱਕਡ਼ ਮਹਿੰਗੀ ਐ। ਤੀਹ-ਚਾਲੀ ਹਜ਼ਾਰ ਲੱਗ ਜਾਂਦੇ ਐ ਇਕ ਚੰਗੀ ਚੇ ਮਜਬੂਤ ਬੋਟ ਬਣਾਉਣ ’ਚ।”
            “ਤੁਸੀਂ ਉਹ ਪਹਾਡ਼ ਦੇਖ ਰਹੀ ਓ ਨਾ…ਉਹ ਸੂਸਾਈਡਲ ਪੁਆਇਂਟ ਐ।”
            ਉਹਦੀ ਗੱਲ ਸੁਣ ਮੇਰਾ ਸਿਰ ਚਕਰਾ ਗਿਆ। “ਕੀ? ਕੀ ਕਿਹਾ?” ਮੈਂ ਬਹੁਤ ਹੈਰਾਨ ਹੋ ਉਸਨੂੰ ਗਹਿਰੀ ਨਿਗ੍ਹਾ ਨਾਲ ਦੇਖਿਆ।
             “ਹਾਂ ਸੱਚ! ਲੋਕ ਉੱਥੋਂ ਕੁੱਦ ਕੇ ਜਾਨ ਦੇ ਦਿੰਦੇ ਹਨ। ਅਜੇ ਕੱਲ੍ਹ ਦੀ ਹੀ ਗੱਲ ਐ…ਇਕ ਕੁਡ਼ੀ ਉੱਥੋਂ ਕੁੱਦ ਕੇ ਮਰ ਗਈ। ਉਸਦੇ ਨਾਲ ਮੁੰਡੇ ਨੇ ਵੀ ਕੁੱਦਣਾ ਸੀ, ਪਰ ਕੁੱਦ ਨਹੀਂ ਸਕਿਆ…ਹੁਣ ਉਹ ਜੇਲ੍ਹ ’ ਬੰਦ ਐ।” ਉਹਦੇ ਚਿਹਰੇ ਉੱਤੇ ਉਦਾਸੀ ਛਾ ਗਈ। ਉਹ ਕਿਸੇ ਦੂਜੀ ਦੁਨੀਆ ਵਿਚ ਗੁਆਚ ਜਿਹਾ ਗਿਆ। ਮੈਂ ਕੁਝ ਕਹਿਣਾ ਚਾਹੁੰਦੀ ਸੀ ਕਿ ਤਦੇ ਉਹ ਜਿਵੇਂ ਕਿਸੇ ਸੁਫਨੇ ਤੋਂ ਜਾਗ ਕੇ ਬੋਲਣ ਲੱਗਾ, “ਬਹੁਤ ਪਿਆਰ ਕਰਦਾ ਸੀ ਕੁਡ਼ੀ ਨੂੰ…ਨਾਲ-ਨਾਲ ਜਿਉਣ ਮਰਨ ਦੀਆਂ ਕਸਮਾਂ ਖਾਂਦਾ ਹੁੰਦਾ ਸੀ। ਪਰ ਪਤਾ ਨਹੀਂ ਕਿਉਂ ਕੁੱਦਣ ਦੀ ਹਿੰਮਤ ਨਹੀਂ ਕਰ ਪਾਇਆ।”
           ਮੈਂ ਉਸ ਨੂੰ ਕੁਰੇਦਿਆ, “ ਕੀ ਕਹਿਣਾ ਚਾਹੁੰਦਾ ਔਂ, ਪਿਆਰ ’ਚ ਕਮੀ ਸੀ ਉਹਦੇ? ਪਿਆਰ ਕੀ ਐ ਤੇਰੀ ਨਜ਼ਰ ’ਚ?”
           ਉਹਦੀਆਂ ਗਹਿਰੀਆਂ ਭੂਰੀਆਂ ਅੱਖਾਂ ਬਿਲਕੁਲ ਸਥਿਰ ਸਨ, ਝੀਲ ਦੀ ਤਰ੍ਹਾਂ। ਉਹ ਬੋਲਿਆ, “ਮੈਂ ਕੁਝ ਦਿਖਾਉਂਦਾ ਹਾਂ ਤੁਹਾਨੂੰ… ਝੀਲ ਦੇ ਉਸ ਪਾਰ ਇਕ ਮੰਦਰ ਐ। ਪੂਰਾ ਤਾਂ ਨਹੀਂ, ਬੱਸ ਇਕ ਹਿੱਸਾ ਦਿਖਾਈ ਦੇ ਰਿਹੈ।”
           “ਕਿਵੇਂ ਦੇਖਾਂ? ਹਲਚਲ ਹੋ ਰਹੀ ਐ ਚੱਪੂ ਨਾਲ…ਪਾਣੀ ਹਿੱਲ ਰਿਹੈ…।”
           “ਠਹਿਰੋ! ਚੱਪੂ ਚਲਾਉਣਾ ਬੰਦ ਕਰਦੈਂ…ਹੁਣ ਦੇਖੋ…ਦਿੱਸਿਆ?”
           “ਹਾਂ! ਕੁਝ ਹਿੱਸਾ ਦਿੱਸ ਤਾਂ ਰਿਹੈ, ਧੁੰਦਲਾ ਜਿਹਾ” ਮੈਂ ਕਿਹਾ।
           ਉਹ ਬੋਲਿਆ, “ਅਜਿਹਾ ਹੀ ਹੁੰਦੈ ਪਿਆਰ ਵੀ। ਹਲਚਲਾਂ ਵਿਚਕਾਰ ਸਥਿਰ ਜਿਹੀ ਕੋਈ ਚੀਜ…ਕੁਝ ਦੇਖਿਆ ਤੇ ਬਹੁਤ ਕੁਝ ਅਨਦੇਖਿਆ…।”
                                                                            -0-

Wednesday, September 2, 2009

ਹਿੰਦੀ / ਚੱਟੇ-ਬੱਟੇ

ਆਰਤੀ ਝਾ
ਸ਼ਾਮ ਦਾ ਸਮਾਂ ਸੀ। ਹਨੇਰਾ ਵਧਦਾ ਹੀ ਜਾ ਰਿਹਾ ਸੀ। ਸਬਜ਼ੀ ਮੰਡੀ ਵਿਚ ਭੀੜ ਕੁਝ ਘਟਣ ਲੱਗੀ ਸੀ। ਹੁਣ ਜੋ ਲੋਕ ਉੱਥੇ ਘੁੰਮ ਰਹੇ ਸਨ, ਉਹ ਧਰਤੀ ਉੱਤੇ ਭਾਰ ਰੋਮੀਓ ਟਾਈਪ ਮੁੰਡੇ ਸਨ, ਜੋ ਵਕਤ ਕਟੀ ਲਈ ਉੱਥੇ ਪਹੁੰਚੇ ਸਨ।
ਸਬਜ਼ੀ ਵਾਲੀ ਆਪਣਾ ਬੋਰਾ, ਟੋਕਰੀ ਸਭ ਸਾਭਣ ਲੱਗੀ ਸੀ ਕਿ ਉਹਨੇ ਰੋਣ ਦੀ ਅਵਾਜ਼ ਸੁਣੀ, ਜੋ ਕੋਲੋਂ ਹੀ ਆ ਰਹੀ ਸੀ। ਇਕ ਸਤਾਰਾਂ-ਅਠਾਰਾਂ ਸਾਲ ਦੀ ਕੁੜੀ ਰੋਈ ਜਾ ਰਹੀ ਸੀ। ਪੁੱਛਣ ਉੱਤੇ ਕੁੜੀ ਨੇ ਦੱਸਿਆ ਕਿ ਉਹ ਨਾਲ ਦੇ ਪਿੰਡੋਂ ਹੈ ਤੇ ‘ਵੱਡੀ ਪਟਨ ਦੇਵੀ’, ‘ਛੋਟੀ ਪਟਨ ਦੇਵੀ’ ਦੇ ਦਰਸ਼ਨਾ ਲਈ ਸੇਵਾਰਾਮ ਧਰਮਸ਼ਾਲਾ ਵਿਚ ਪਰਿਵਾਰ ਸਹਿਤ ਠਹਿਰੀ ਹੈ। ਪਰਿਵਾਰ ਤੋਂ ਵਿੱਛੜ ਕੇ ਭਟਕਦੇ ਹੋਏ ਇੱਧਰ ਆ ਗਈ। ਵਾਪਸ ਜਾਣ ਦਾ ਰਾਹ ਨਹੀਂ ਪਤਾ।
ਸਬਜ਼ੀ ਵਾਲੀ ਔਰਤ ਉਸ ਨੂੰ ਕੁਝ ਕਹਿੰਦੀ, ਇਸ ਤੋਂ ਪਹਿਲਾਂ ਹੀ ਰੋਮੀਓ ਟਾਈਪ ਮੁੰਡੇ ਬੋਲ ਪਏ, “ਚਿੰਤਾ ਕਿਉਂ ਕਰਦੀ ਐਂ, ਅਸੀਂ ਪੁਚਾ ਦਿੰਨੇਂ ਆਂ।”
ਸਬਜ਼ੀ ਵਾਲੀ ਨੇ ਗਾਲ੍ਹਾਂ ਦਾ ਮੀਂਹ ਵਰ੍ਹਾਉਂਦੇ ਹੋਏ ਉਹਨਾਂ ਨੂੰ ਉੱਥੋਂ ਭਜਾ ਦਿੱਤਾ।
ਔਰਤ ਦਾ ਪਤੀ ਜੋ ਕੋਲ ਹੀ ਰੇੜ੍ਹੀ ਉੱਤੇ ਫਲ ਵੇਚ ਰਿਹਾ ਸੀ, ਆਇਆ ਤੇ ਬੋਲਿਆ, “ਮੈਂ ਪੁਚਾ ਦਿੰਨੈਂ। ਤੈਨੂੰ ਤਸੱਲੀ ਰਹੂ ਕਿ ਮੈਂ ਨਾਲ ਜਾ ਰਿਹਾ ਹਾਂ।”
ਔਰਤ ਇਸ ਵਾਰ ਚੀਕ ਕੇ ਬੋਲੀ, “ਖਬਰਦਾਰ ਜੋ ਅੱਗੇ ਕੁਝ ਕਿਹਾ। ਤੁਸੀਂ ਸਭ ਇਕ ਹੀ ਥੈਲੀ ਦੇ ਚੱਟੇ-ਬੱਟੇ ਓਂ। ਮੈਂ ਜਾਣਦੀ ਨਹੀਂ ਕੀ। ਕੋਈ ਨਹੀਂ ਛੱਡ ਕੇ ਆਊਗਾ। ਮੈਂ ਛੱਡ ਕੇ ਆਊਂਗੀ ਇਸ ਨੂੰ।”
“ਚੱਲ ਕੁੜੀਏ, ਮੇਰੇ ਨਾਲ ਚੱਲ ਤੂੰ!” ਕਹਿਕੇ ਉਹਨੇ ਕੁੜੀ ਦਾ ਹੱਥ ਫੜ ਲਿਆ।
-0-