Showing posts with label ਘਨਸ਼ਿਆਮ ਅਗਰਵਾਲ. Show all posts
Showing posts with label ਘਨਸ਼ਿਆਮ ਅਗਰਵਾਲ. Show all posts

Tuesday, March 18, 2014

ਹਿੰਦੀ/ ਗੁਬਾਰੇ ਦੀ ਖੇਡ



 ਘਨਸ਼ਿਆਮ ਅਗਰਵਾਲ

ਛੋਟੇ ਬੱਚਿਆਂ ਦਾ ਪਿਆਰਾ ਖਿਡੌਣਾ ਗੁਬਾਰਾ ਹੁੰਦਾ ਹੈ। ਉਹ ਆਪਣੇ ਵਰਗੇ ਹੀ ਗੋਲ ਮਟੋਲ ਗੁਬਾਰੇ ਨੂੰ ਛੂਹੰਦਾ ਹੈ ਤਾਂ ਇਓਂ ਖੁਸ਼ ਹੁੰਦਾ ਹੈ, ਜਿਵੇਂ ਦੋਸਤ ਨਾਲ ਹੱਥ ਮਿਲਾਇਆ ਹੋਵੇ। ਗੁਬਾਰੇ ਦੇ ਨਾਲ ਉਹਦੀਆਂ ਅੱਖਾਂ ਵਿਚ ਹੈਰਾਨੀ, ਚਮਕ, ਚਹਿਕ ਤੇ ਮੁਸਕਾਨ ਫੈਲਣ ਲਗਦੀ ਹੈ। ਗੁਬਾਰਾ ਮਿਲਦੇ ਹੀ ਉਹਦੇ ਰੋਮ ਰੋਮ ਵਿੱਚੋਂ ‘ਥੈਂਕ ਯੂ!’ ਝਰਨ ਲਗਦਾ ਹੈ। ਤਦ ਉਹ ਬੜਾ ਪਿਆਰਾ, ਮਿੱਠਾ ਤੇ ਚੰਗਾ ਚੰਗਾ ਲੱਗਣ ਲੱਗਦਾ ਹੈ। ਇਸੇ ਚਾਅ ਨਾਲ ਮੇਰੀ ਜੇਬ ਵਿਚ ਪੰਜ-ਸੱਤ ਗੁਬਾਰੇ ਪਏ ਹੀ ਰਹਿੰਦੇ ਹਨ। ਘਰ, ਗੁਆਂਢ ਜਾਂ ਜਾਣ-ਪਛਾਣ ਦਾ ਕੋਈ ਬੱਚਾ ਜਦੋਂ ਕੋਲ ਆਉਂਦਾ ਹੈ ਤਾਂ ਮੈਂ ਉਸਨੂੰ ਗੁਬਾਰਾ ਦਿੰਦਾ ਹਾਂ। ਗੁਬਾਰਾ ਫੁਲਾਉਣ, ਧਾਗਾ ਬੰਨ੍ਹਣ ਤੇ ਉਸਨੂੰ ਦੇਣ ਤੱਕ ਇਕ ਮਿੰਟ ਦੀ ਇਹ ਬਚਕਾਨੀ ਦੋਸਤੀ ਕੁਝ ਕੁਝ ਮੇਰੀ ਆਦਤ ਵਿਚ ਸ਼ੁਮਾਰ ਹੋ ਗਈ ਹੈ।
ਕਦੇ ਕਦੇ ਮੈਂ ਘਰ ਦੇ ਬੱਚੇ ਨਾਲ ਇਕ ਖੇਡ ਖੇਡਦਾ ਹਾਂ। ਟਾਫੀ ਅਤੇ ਗੁਬਾਰਾ ਦੋਨੋਂ ਵਿਖਾਉਂਦੇ ਹੋਏ, ਪਹਿਲਾਂ ਉਸਨੂੰ ਲਲਚਾਉਂਦਾ ਹਾਂ। ਉਹ ਹੱਥ ਅੱਗੇ ਵਧਾਉਂਦਾ ਹੈ ਤਾਂ ਮੈਂ ਆਪਣਾ ਹੱਥ ਪਿੱਛੇ ਖਿੱਚ ਕੇ ਕਹਿੰਦਾ ਹਾਂ, “ਨਹੀਂ, ਕੋਈ ਇਕ। ਗੁਬਾਰਾ ਜਾਂ ਟਾਫੀ!” ਬੱਚਾ ਦੁਚਿੱਤੀ ਵਿਚ ਪੈ ਜਾਂਦਾ ਹੈ। ਟਾਫੀ ਦੀ ਮਿਠਾਸ ਤੇ ਗੁਬਾਰੇ ਦੀ ਛੂਹ, ਉਹ ਦੋਹਾਂ ਵਿਚ ਉਲਝ ਜਾਂਦਾ ਹੈ। ਕਦੇ ਇੱਧਰ ਹੱਥ ਵਧਾਉਂਦਾ ਹੈ, ਕਦੇ ਉੱਧਰ। ਰੋਣਹੱਕੇ ਹੋਣ ਦੀ ਹੱਦ ਤੱਕ ਉਸਨੂੰ ਤਰਸਾਉਂਦੇ ਹੋਏ, ਅੰਤ ਵਿਚ ਟਾਫੀ ਅਤੇ ਗੁਬਾਰਾ ਦੋਨੋਂ ਉਸਨੂੰ ਦੇ ਦਿੰਦਾ ਹਾਂ। ਇਸ ਦੂਹਰੀ ਖੁਸ਼ੀ ਨਾਲ ਉਹ ਚੌਗਣਾ ਚਹਿਕਦਾ ਹੈ। ਉਹਦੀ ਚਹਿਕ ਓਵਰ-ਫਲੋ ਹੋ ਕੇ ਵਗਣ ਲਗਦੀ ਹੈ। ਆਪਣੇ ਮਜ਼ੇ ਲਈ ਉਹਨੂੰ ਇੰਨੀ ਦੇਰ ਤਰਸਾਇਆ, ਇਸ ਮਾਸੂਮ-ਜਿਹੇ ਅਪਰਾਧ ਬੋਧ ਨੂੰ ਦੂਰ ਕਰਨ ਲਈ ਮੈਂ ਬੱਚੇ ਨੂੰ ਚੁੰਮ ਲੈਂਦਾ ਹਾਂ।
ਉਸ ਦਿਨ ਦੋ-ਢਾਈ ਸਾਲ ਦਾ ਕਾਲੇ ਗੁਬਾਰੇ ਵਰਗਾ ਭਿਖਾਰੀ ਦਾ ਬੱਚਾ ਦਰਵਾਜੇ ਅੱਗੇ ਹੱਥ ਫੈਲਾਈ ਖੜਾ ਸੀ। ਭਿਖਾਰੀ ਦਾ ਬੱਚਾ ਤੁਰਨਾ ਸਿੱਖਦੇ ਹੀ ਕਮਾਉਣਾ ਸਿੱਖ ਜਾਂਦਾ ਹੈ। ਮੈਨੂੰ ਤਰਸ ਆਇਆ। ਉਸਨੂੰ ਇਕ ਰੁਪਿਆ ਦੇਣ ਲਈ ਜੇਬ ਵਿਚ ਹੱਥ ਪਾਇਆ ਤਾਂ ਮੇਰਾ ਹੱਥ ਜੇਬ ਵਿਚ ਪਏ ਗੁਬਾਰੇ ਉੱਤੇ ਪਿਆ। ਸੋਚਿਆ, ਇਹ ਬੱਚਾ ਕਦੇ ਗੁਬਾਰੇ ਨਾਲ ਨਹੀਂ ਖੇਡਿਆ ਹੋਵੇਗਾ। ਇਹਦੇ ਹੱਥ ਵਿਚ ਪੈਸੇ ਤੇ ਰੋਟੀ ਕਈ ਵਾਰ ਆਏ ਹੋਣਗੇ, ਪਰ ਗੁਬਾਰਾ ਭਲਾ ਕੌਣ ਭੀਖ ਵਿਚ ਦਿੰਦਾ ਹੈ! ਅੱਜ ਅਚਾਨਕ ਗੁਬਾਰਾ ਲੈ ਕੇ ਉਹ ਕਿੰਨਾ ਖੁਸ਼ ਹੋਵੇਗਾ! ਦੂਜੇ ਬੱਚਿਆਂ ਦੀ ਤਰ੍ਹਾਂ ਉਹਦੀਆਂ ਅੱਖਾਂ ਵੀ ਹੈਰਾਨੀ, ਚਮਕ, ਚਹਿਕ ਤੇ ਮੁਸਕਾਨ ਨਾਲ ਫੈਲ ਜਾਣਗੀਆਂ। ਇੱਧਰ ਉੱਧਰ ਵੇਖਿਆ, ਕੋਈ ਨਹੀਂ ਸੀ। ਉਸਨੂੰ ਦੁਗਣੀ ਖੁਸ਼ੀ ਦੇਣ ਦੇ ਖਿਆਲ ਨਾਲ ਮੈਂ ਇਕ ਹੱਥ ਵਿਚ ਰੁਪਿਆ ਤੇ ਦੂਜੇ ਹੱਥ ਵਿਚ ਗੁਬਾਰਾ ਲਿਆ ਤੇ ਕਿਹਾ, “ਕੋਈ ਵੀ ਇਕ ਲੈ ਲੈ, ਗੁਬਾਰਾ ਜਾਂ ਰੁਪਿਆ।”
ਗੁਬਾਰੇ ਨੂੰ ਇੰਨਾ ਨੇੜਿਓਂ ਵੇਖ ਕੇ ਉਹ ਰੋਮਾਂਚਿਤ ਹੋਈ ਜਾ ਰਿਹਾ ਸੀ, ਪਰ ਉਸਦੀ ਤਲੀ ਨੂੰ ਰੁਪਏ ਦੀ ਆਦਤ ਸੀ। ਇਕ ਪਾਸੇ ਉਸਦਾ ਜੀਵਨ ਸੀ, ਦੂਜੇ ਪਾਸੇ ਉਸਦਾ ਸੁਫਨਾ। ਉਹ ਚੋਣ ਨਹੀਂ ਕਰ ਸਕਿਆ। ਕਦੇ ਇਸ ਹੱਥ ਵੱਲ ਤੇ ਕਦੇ ਉਸ ਹੱਥ ਵੱਲ ਵੇਖਦਾ ਰਿਹਾ। ਘਰ ਦੇ ਬੱਚੇ ਦੀ ਤਰ੍ਹਾਂ ਉਹ ਰੋਣਹੱਕਾ ਤਾਂ ਨਹੀਂ ਹੋ ਸਕਦਾ ਸੀ। ਉਸਦਾ ਹੱਥ ਕਿਸੇ ਪਾਸੇ ਵਧਿਆ ਨਹੀਂ, ਫੈਲਿਆ ਹੀ ਰਹਿ ਗਿਆ। ਕੁਝ ਦੇਰ ਤਰਸਾਉਣ ਮਗਰੋਂ ਆਖਰ ਮੈਂ ਰੁਪਿਆ ਤੇ ਗੁਬਾਰਾ ਦੋਨੋਂ ਉਸ ਨੂੰ ਦੇ ਦਿੱਤੇ। ਸੋਚਿਆ, ਉਹ ਵੀ ਚੌਗਣਾ ਚਹਿਕ ਕੇ ਓਵਰ-ਫਲੋ ਹੋ ਕੇ ਵਗਣ ਲੱਗੇਗਾ। ਜਿਵੇਂ ਇਕ ਹੱਥ ਵਿਚ ਰੋਟੀ ਅਤੇ ਇਕ ਹੱਥ ਵਿਚ ਸੁਫਨਾ ਲੈਕੇ ਉਸਨੇ ਦੁਨੀਆਂ ਮੁੱਠੀ ਵਿਚ ਕਰ ਲਈ ਹੋਵੇ।
ਪਰ ਉਹਦੀਆਂ ਅੱਖਾਂ ਵਿਚ ਕੋਈ ਚਮਕ ਨਹੀਂ ਸੀ। ਉਹ ਚੁਪਚਾਪ ਰੁਪਿਆ ਤੇ ਗੁਬਾਰਾ ਲੈ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਦਿਆਂ ਮੇਰੇ ਉੱਤੇ ਇਕ ਮਾਸੂਮ ਜਿਹਾ ਇਲਜ਼ਾਮ ਲਾ ਕੇ ਚਲਾ ਗਿਆ, “ਜੇ ਦੋਨੋਂ ਹੀ ਦੇਣੇ ਸਨ ਤਾਂ ਫੇਰ ਏਨੀ ਦੇਰ ਤਰਸਾਇਆ ਕਿਉਂ? ਤੇ ਜਦੋਂ ਤਰਸਾਇਆ ਹੀ ਸੀ ਤਾਂ ਫੇਰ ਮੈਨੂੰ ਚੁੰਮਿਆ ਕਿਉਂ ਨਹੀਂ ਆਪਣੇ ਬੱਚੇ ਦੀ ਤਰ੍ਹਾਂ?”
                                     -0-

Wednesday, April 20, 2011

ਹਿੰਦੀ/ ਕਮਾਲ


                                                        
ਘਨਸ਼ਿਆਮ ਅਗਰਵਾਲ

ਸਰਕਾਰ ਬਾਲਣ ਦੀ ਕਮੀ ਨਾਲ ਜੂਝ ਰਹੀ ਸੀ। ਬਾਲਣ ਦੇ ਬਦਲ ਲਈ ਉਪਾਅ ਖੋਜੇ ਜਾ ਰਹੇ ਸਨ। ਅਜਿਹੇ ਵਿਚ ਇਕ ਜਾਦੂਗਰ ਵਿਧਾਨ ਸਭਾ ਵਿਚ ਆਇਆ। ਪਹਿਲਾਂ ਉਹਨੇ ਜਾਦੂ ਦੇ ਦੋ-ਚਾਰ ਕਰਤਬ ਵਿਖਾਏ, ਫਿਰ ਕਿਹਾ, “ਹੁਣ ਮੈਂ ਤੁਹਾਨੂੰ ਇਕ ਖਾਸ ਕਮਾਲ ਦਿਖਾਉਂਦਾ ਹਾਂ। ਬਿਨਾਂ ਬਾਲਣ ਤੋਂ ਭੋਜਨ ਪਕਾਉਣ ਦਾ ਕਮਾਲ। ਸਾਡੇ ਬਾਬੇ ਦੇ ਬਾਬੇ ਨੇ ਇਕ ਵਾਰ ਭ੍ਰਿਸ਼ਟਾਚਾਰ ਮਿਟਾਉਣ ਲਈ ਰਾਜਾ ਨੂੰ ਸਦਾਚਾਰ ਦਾ ਇਕ ਤਵੀਤ ਬਣਾ ਕੇ ਦਿੱਤਾ ਸੀ। ਅਸੀਂ ਉਨ੍ਹਾਂ ਦੇ ਵੰਸ਼ਜ ਹਾਂ।”
ਇਹ ਕਹਿ ਕੇ ਉਸਨੇ ਇਕ ਕਟੋਰਾ ਕੱਢਿਆ। ਕਟੋਰੇ ਵਿਚ ਪਾਣੀ ਅਤੇ ਥੋੜੇ ਜਿਹੇ ਚਾਉਲ ਪਾਏ। ਫਿਰ ਕਟੋਰਾ ਕੋਲ ਹੀ ਖੜੇ ਇਕ ਨੇਤਾ ਦੇ ਸਿਰ ਉੱਤੇ ਰੱਖਿਆ ਤੇ ਮੰਤਰ ਪੜ੍ਹਨ ਲੱਗਾ। ਉਸਦੇ ਮੰਤਰ ਪੜ੍ਹਦੇ ਪੜ੍ਹਦੇ ਪਾਣੀ ਗਰਮ ਹੋ ਕੇ ਉਬਲਣ ਲੱਗ ਪਿਆ। ਦੋ ਮਿੰਟਾਂ ਵਿਚ ਮੰਤਰ ਖਤਮ ਹੋਇਆ ਤਾਂ ਚਾਉਲ ਪੱਕ ਗਏ ਸਨ। ਸਾਰਾ ਭਵਨ ਤਾੜੀਆਂ ਨਾਲ ਗੂੰਜ ਉੱਠਿਆ।
ਜਾਦੂਗਰ ਨੇ ਸਰਕਾਰ ਨੂੰ ਕਿਹਾ, “ਇਹ ਹੈ ਤੁਹਾਡੀ ਪਰੇਸ਼ਾਨੀ ਦਾ ਹੱਲ। ਜੇ ਤੁਸੀਂ ਮੈਨੂੰ ਬਹੁਤ ਸਾਰਾ ਅਨੁਦਾਨ ਦਿਓਂ ਤਾਂ ਮੈਂ ਇਹ ਕਮਾਲ ਸਭ ਨੂੰ ਸਿਖਾ ਸਕਦਾ ਹਾਂ।”
“ਵੇਖੋ ਜਾਦੂਗਰ ਜੀ, ਹੁਣ ਰਾਜਤੰਤਰ ਤਾਂ ਰਿਹਾ ਨਹੀਂ, ਲੋਕਤੰਤਰ ਹੈ। ਅਨੁਦਾਨ ਦਿੰਦੇ ਸਮੇਂ ਸਾਨੂੰ ਵਿਰੋਧੀ ਧਿਰ, ਮੀਡੀਆ ਤੇ ਤਰਕਸ਼ੀਲਾਂ ਆਦਿ ਨੂੰ ਵੀ ਵਿਸ਼ਵਾਸ ਵਿਚ ਲੈਣਾ ਪਵੇਗਾ। ਅਸੀਂ ਛੇਤੀ ਹੀ ਨਿਰਣਾ ਲੈ ਲਵਾਂਗੇ। ਉਦੋਂ ਤਕ ਤੁਸੀਂ ਸਰਕਟ ਹਾਊਸ ਵਿਚ ਆਰਾਮ ਕਰੋ।”
ਸਰਕਾਰ ਨੇ ਜਾਸੂਸਾਂ ਤੋਂ ਇਸ ਕਮਾਲ ਦੀ ਜਾਂਚ ਕਰਵਾਈ। ਜਾਸੂਸਾਂ ਨੇ ਆਪਣੀ ਰਿਪੋਰਟ ਵਿਚ ਕਿਹਾ–‘ਇਸ ਵਿਚ ਕੋਈ ਕਮਾਲ ਨਹੀਂ ਹੈ। ਬਿਨਾਂ ਬਾਲਣ ਦੇ ਚਾਉਲ ਨਹੀਂ ਪੱਕ ਸਕਦੇ। ਜਾਦੂਗਰ ਦਾ ਕਟੋਰਾ ਨੇਤਾ ਦੇ ਸਿਰ ਉੱਪਰ ਰੱਖਿਆ ਸੀ। ਸਾਨੂੰ ਲਗਦਾ ਹੈ ਕਿ ਇਹ ਸਭ ਗੋਬਰ-ਗੈਸ ਪਲਾਂਟ ਦਾ ਕਮਾਲ ਹੈ। ਜਾਦੂਗਰ ਨੂੰ ਕਹੋ ਕਿ ਉਹ ਇਕ ਆਮ ਆਦਮੀ ਦੇ ਸਿਰ ਉੱਤੇ ਕਟੋਰਾ ਰੱਖ ਕੇ ਚਾਉਲ ਪਕਾ ਕੇ ਵਿਖਾਵੇ।’
ਇਸ ਰਿਪੋਰਟ ਦੇ ਆਉਂਦੇ ਹੀ ਜਾਦੂਗਰ ਸਰਕਟ ਹਾਊਸ ਵਿੱਚੋਂ ਗਾਇਬ ਹੋ ਗਿਆ।
                                       -0-

Friday, March 11, 2011

ਫ਼ੈਸਲਾ


           
         ਘਨਸ਼ਿਆਮ ਅਗਰਵਾਲ

ਇਹ ਨੇਤਾ ਹੈ।
ਇਹਨੇ ਦੰਗੇ ਬੀਜੇ।
ਇਹਨੂੰ ਦਸ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ।
ਇਹ ਧਰਮ-ਗੁਰੂ ਹੈ।
ਇਹਨੇ ਦੰਗੇ ਫੈਲਾਏ।
ਇਹਨੂੰ ਵੀਹ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ।
ਇਹ ਲੇਖਕ ਹੈ।
ਇਹਦੇ ਹੁੰਦੇ ਹੋਏ ਦੰਗਿਆਂ ਦਾ ਮਾਹੌਲ ਬਣਿਆ।
ਇਹਨੂੰ ਸੌ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ।
                    -0-