Showing posts with label ਰੰਗਨਾਥ ਦਿਵਾਕਰ. Show all posts
Showing posts with label ਰੰਗਨਾਥ ਦਿਵਾਕਰ. Show all posts

Friday, May 2, 2014

ਹਿੰਦੀ/ ਗੁਰੂ ਦੱਛਣਾ



ਰੰਗਨਾਥ ਦਿਵਾਕਰ

ਪਿੰਡ ਮਹਿਰੈਲ ਦਾ ਮਿਡਲ ਸਕੂਲ। ਇਕ ਕਾਲੇ-ਕਲੂਟੇ ਵਿਦਿਆਰਥੀ ਨੂੰ ਇਕ ਅਧਿਆਪਕ ਲਗਾਤਾਰ ਮਾਰੀ ਜਾ ਰਿਹਾ ਸੀ। ਮੁੰਡੇ ਨੂੰ ਜ਼ੋਰ-ਜ਼ੋਰ ਨਾਲ ਚਿੱਲਾਉਂਦੇ ਦੇਖਕੇ ਇਕ ਅਧਿਆਪਕ ਨੇ ਉਹਨਾਂ ਨੂੰ ਰੋਕਿਆ, “ਬਹੁਤ ਹੋ ਗਿਆ ਝਾ ਜੀ! ਹੁਣ ਛੱਡ ਦਿਓ, ਨਹੀਂ ਤਾਂ ਕੱਲ੍ਹ ਤੋਂ ਸਕੂਲ ਆਉਣਾ ਈ ਬੰਦ ਕਰ ਦੂਗਾ।”
“ਓਏ, ਇਹ ਬਦਮਾਸ਼ ਕਿੱਥੇ ਛੱਡਦਾ ਐ ਸਕੂਲ?” ਤੇ ਮੁੰਡੇ ਦੇ ਅੱਠ-ਦੱਸ ਡੰਡੇ ਮਾਰ ਕੇ ਹੱਸੇ।
ਉਸੇ ਸਮੇਂ ਸਕੂਲ ਵਿਚ ਇਕ ਜੀਪ ਆ ਕੇ ਰੁਕੀ। ਝਾ ਜੀ ਨੇ ਹੌਲੇ ਜਿਹੇ ਡੰਡਾ ਪਾਸੇ ਕਰ ਦਿੱਤਾ। ਇਕ ਅਧਿਆਪਕ ਨੇ ਆਉਣ ਵਾਲੇ ਨੂੰ ਪਛਾਣ ਲਿਆ–ਜ਼ਿਲਾ ਸਿੱਖਿਆ ਅਫਸਰ। ਇਕ ਦਿਨ ਪਹਿਲਾਂ ਹੀ ਤਾਂ ਮਧੁਬਨੀ ਵਿਚ ਚਾਰਜ ਲਿਆ ਸੀ।
ਜ਼ਿਲਾ ਸਿੱਖਿਆ ਅਫਸਰ ਦੀ ਨਿਗ੍ਹਾ ਉਸ ਕਰਾਹ ਰਹੇ ਬੱਚੇ ਉੱਤੇ ਪਈ। ਇਕ ਛਿਣ ਠਿਠਕ ਕੇ ਉਹ ਮੁਸਕਰਾਉਣ ਲੱਗੇ ਤੇ ਬੋਲੇ, “ਆਓ, ਮੈਂ ਤੁਹਾਨੂੰ ਸਾਰਿਆਂ ਨੂੰ ਆਪਣਾ ਦਿਵ-ਗਿਆਨ ਦਿਖਾਉਂਦਾ ਹਾਂ।”
ਸੁਆਗਤ-ਸਤਿਕਾਰ ਨੂੰ ਨਕਾਰਦੇ ਹੋਏ ਜ਼ਿਲਾ ਸਿੱਖਿਆ ਅਫਸਰ ਉਸ ਕਰਾਹ ਰਹੇ ਬੱਚੇ ਕੋਲ ਪਹੁੰਚੇ। ਫਿਰ ਬੋਲੇ, “ਮੇਰਾ ਦਿਵ-ਗਿਆਨ ਕਹਿੰਦਾ ਹੈ ਕਿ ਇਹ ਮੁੰਡਾ ਨਿਸ਼ਚਿਤ ਰੂਪ ਨਾਲ ਦਲਿਤ ਹੈ। ਇਹਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮਾਰ ਪੈ ਰਹੀ ਹੈ। ਇਹਨੂੰ ਮਾਰਨ ਵਾਲੇ ਅਧਿਆਪਕ ਝਾ ਜੀ ਹੋਣਗੇ, ਜਿਹੜੇ ਲਗਭਗ ਵੀਹ ਸਾਲਾਂ ਤੋਂ ਇੱਥੇ ਪੜ੍ਹਾ ਰਹੇ ਹਨ। ਮੈਂ ਚਾਹਾਂ ਤਾਂ ਇੰਨੇ ਅਧਿਆਪਕਾਂ ’ਚੋਂ ਝਾ ਜੀ ਕਿਹੜੇ ਹਨ, ਇਹ ਵੀ ਦੱਸ ਸਕਦਾ ਹਾਂ।”
ਸਾਰਾ ਸਕੂਲ ਇਕਦਮ ਸ਼ਾਂਤ ਹੋ ਗਿਆ। ਅਧਿਆਪਕਾ ਹੈਰਾਨ ਸਨ। ਕੁਝ ਦੇਰ ਬਾਦ ਉਹਨਾਂ ਨੇ ਝਾ ਜੀ ਨੂੰ ਪਛਾਣਦੇ ਹੋਏ ਕਿਹਾ, “ਕਿਉਂ ਝਾ ਜੀ? ਅਚੰਭਾ ਹੋ ਰਿਹਾ ਹੈ ਨਾ ਮੇਰੇ ਦਿਵ-ਗਿਆਨ ’ਤੇ?…ਮੈਨੂੰ ਇਹ ਦਿਵ-ਗਿਆਨ ਤੁਹਾਡੇ ਡੰਡੇ ਨੇ ਈ ਦਿੱਤਾ ਐ। ਕਿਸੇ ਦਲਿਤ  ਨੂੰ ਮਿਡਲ ਪਾਸ ਨਾ ਕਰਨ ਦੇਣ ਦੇ ਤੁਹਾਡੇ ਸੰਕਲਪ ਨੂੰ ਤੋੜ ਕੇ ਗੁਰੂ ਦੱਛਣਾ ਚੁਕਾਉਣ ਲਈ ਮੈਂ ਤੁਹਾਡੇ ਸਾਹਮਣੇ ਖੜਾ ਹਾਂ। ਨਹੀਂ ਪਛਾਣਿਆ ਮੈਨੂੰ? ਮੈਂ ਸ਼ਿਵਚਰਣ ਰਾਮ…ਤੁਹਾਡਾ ਸਿਬੁਆ…।”
ਸਕੂਲ ਤਾਂ ਜਿਵੇਂ ਜੜ੍ਹ ਹੋ ਗਿਆ। ਝਾ ਜੀ ਪਸੀਨੋ-ਪਸੀਨੀ ਹੋ ਗਏ। ਜ਼ਿਲਾ ਸਿੱਖਿਆ ਅਫਸਰ ਨੇ ਕਾਗਜ਼ ਉੱਤੇ ਕੁਝ ਲਿਖਿਆ ਤੇ ਚਪਰਾਸੀ ਨੂੰ ਦੇ ਦਿੱਤਾ। ਪ੍ਰਾਪਤੀ ਰਸੀਦ ਉੱਤੇ ਹਸਤਾਖਰ ਕਰਦਿਆਂ ਝਾ ਜੀ ਦਾ ਹੱਥ ਕੰਬ ਰਿਹਾ ਸੀ।
                                        -0-