Showing posts with label ਕਾਲੀਚਰਣ ਪ੍ਰੇਮੀ. Show all posts
Showing posts with label ਕਾਲੀਚਰਣ ਪ੍ਰੇਮੀ. Show all posts

Tuesday, May 14, 2013

ਹਿੰਦੀ/ ਹਾਥੀ ਦਾ ਬੱਚਾ



ਕਾਲੀ ਚਰਨ ਪ੍ਰੇਮੀ


ਕਦੋਂ? ਕਿਵੇਂ? ਉਸ ਬੱਚੇ ਦੀਆਂ ਲੱਤਾਂ ਨੂੰ ਕੁਚਲਦੀ ਹੋਈ ਇਕ ਕਾਰ ਹਵਾ ਹੋ ਗਈ, ਇਹ ਉਸ ਬੱਚੇ ਦੀ ਦਰਦਨਾਕ ਚੀਕ ਤੋਂ ਹੀ ਪਤਾ ਲੱਗਾ। ਇੱਕਦਮ ਉੱਥੇ ਭੀੜ ਜੁਟ ਗਈ। ਦਰੋਗਾ ਜੀ ਵੀ ਆਪਣੇ ਡੰਡੇ ਨਾਲ, ‘ਚਲੋ, ਪਾਸੇ ਹਟੋ’ ਕਹਿਦੇ ਆ ਧਮਕੇ।
ਆਪਣੀਆਂ ਮੁੱਛਾਂ ਨੂੰ ਵੱਟ ਦਿੰਦੇ ਹੋਏ ਬੋਲੇ, “ਇਹ ਕਿਸਦਾ ਬੱਚਾ ਐ?”
ਬੱਚਾ ਬੇਹੋਸ਼ ਸੀ। ਦਰੋਗਾ ਜੀ ਨੇ ਉਸ ਬੱਚੇ ਨੂੰ ਧਿਆਨ ਨਾਲ ਦੇਖਿਆ। ਫਿਰ ਚਾਰੇ ਪਾਸੇ ਟਹਿਲਦੇ ਹੋਏ ਇੱਕ ਚੱਕਰ ਲਾਇਆ। ਬੱਚੇ ਨੇ ਮੈਲੀ ਜਿਹੀ ਕਮੀਜ਼ ਪਾਈ ਹੋਈ ਸੀ। ਸਿਰ ਦੇ ਵਾਲ ਰੁੱਖੇ ਸਨ। ਉਹਨੇ ਮਨ ਹੀ ਮਨ ਅੰਦਾਜ਼ਾ ਲਾਇਆ–‘ਸਾਲਾ ਕਿਸੇ ਨੀਵੀਂ ਜਾਤ ਦਾ ਪਿੱਲਾ ਹੈ। ਹਰਾਮੀ ਦੇਖਕੇ ਨਹੀਂ ਚਲਦੇ। ਮਾਂ-ਪਿਉ ਪੈਦਾ ਕਰਕੇ ਸੜਕ ’ਤੇ ਛੱਡ ਜਾਂਦੇ ਹਨ। ਅਸੀਂ ਲੋਕ ਖਾਮਖਾਹ ਪਰੇਸ਼ਾਨ ਹੁੰਦੇ ਹਾਂ।’
ਤਦੇ ਭੀੜ ਵਿੱਚੋਂ ਬੱਚੇ ਨੂੰ ਪਛਾਣਦਾ ਹੋਇਆ ਕੋਈ ਬੋਲਿਆ, “ਦਰੋਗਾ ਜੀ, ਇਹ ਤਾਂ ਸਾਡੇ ਪਿੰਡ ਦੇ ਸਰਪੰਚ ਦਾ ਮੁੰਡਾ ਹੈ।”
“ਅੱਛਾ!” ਦਰੋਗਾ ਜੀ ਮਨ ਹੀ ਮਨ ਖੁਸ਼ੀ ਨਾਲ ਮੁਸਕਰਾਏ–‘ਜੈ ਹੋਵੇ ਉੱਪਰ ਵਾਲੇ ਦੀ, ਇਹ ਤਾਂ ਹਾਥੀ ਦਾ ਬੱਚਾ ਹੈ।’
ਅਗਲੇ ਹੀ ਛਿਣ ਦਰੋਗਾ ਜੀ ਨੇ ਇੱਕ ਟੈਕਸੀ ਰੁਕਵਾਈ ਤੇ ਮੁੰਡੇ ਨੂੰ ਹਸਪਤਾਲ ਲਈ ਲਦਵਾ ਦਿੱਤਾ।
                                        -0-

Wednesday, November 14, 2012

ਹਿੰਦੀ/ ਦਹਿਸ਼ਤ



ਕਾਲੀ ਚਰਨ ਪ੍ਰੇਮੀ

ਅੱਜ ਪੁੱਨਿਆਂ ਹੈ।
ਅੰਗੂਰੀ ਹਰ ਪੁੱਨਿਆਂ ਨੂੰ ਵਰਤ ਰੱਖਦੀ ਹੈ। ਵਰਤ ਦੇ ਦਿਨ ਉਹ ਪਿੰਡ ਦੇ ਬਾਹਰ ਨੁੱਕੜ ਵਾਲੇ ਦੇਵਤਾ ਦੀ ਪੂਜਾ ਕਰਦੀ ਤੇ ਬੱਚਿਆਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਵੰਡਦੀ। ਕੁਟੀਆ ਵਾਲੇ ਸਾਧ ਨੇ ਦੱਸਿਆ ਹੈ ਕਿ ਅਜਿਹਾ ਕਰਨ ਨਾਲ ਉਸਦੇ ਸਾਰੇ ਦੁੱਖ-ਦਰਦ ਤੇ ਗਰੀਬੀ ਦੂਰ ਹੋ ਜਾਣਗੇ।
ਦੁਪਹਿਰੇ ਦੋ ਵਜੇ ਕੜਕਦੀ ਧੁੱਪ ਵਿੱਚ ਉਹ ਨਿੱਕੇ ਨਨਕੂ ਨੂੰ ਨਾਲ ਲੈ ਕੇ ਦੇਵਤਾ ਦੀ ਮੜ੍ਹੀ ਉੱਤੇ ਪਹੁੰਚੀ। ਉਸਨੇ ਘਿਓ ਦਾ ਦੀਵਾ ਜਗਾਇਆ। ਅਗਰਬੱਤੀ ਸੁਲਗਾਈ। ਆਲੇਨੁਮਾ ਦੇਵਤਾ ਦੇ ਚਾਰੇ ਪਾਸੇ ਧਾਗਾ ਲਪੇਟਿਆ। ਫਿਰ ਕੁਝ ਬੁੜਬੁੜਾਉਂਦੇ ਹੋਏ ਉਸਨੇ ਗੜਵੀ ਵਿੱਚੋਂ ਧਾਰ ਬੰਨ੍ਹਕੇ ਤਾਜਾ ਪਾਣੀ ਮੜ੍ਹੀ ਉੱਤੇ ਚੜ੍ਹਾਇਆ।
ਨਨਕੂ ਦੀਆਂ ਅੱਖਾਂ ਵਿੱਚ ਜਗਿਆਸਾ ਸੀ। ਉਹ ਖੜ੍ਹਾ ਬੁੱਲ੍ਹ ਬਿਚਕਾ ਰਿਹਾ ਸੀ। ਤਦੇ ਨਨਕੂ ਨੂੰ  ਇੱਕ ਸ਼ਰਾਰਤ ਸੁੱਝੀ। ਉਹ ਇੱਕਦਮ ਦੇਵਤਾ ਦੀ ਮੜ੍ਹੀ ਉੱਤੇ, ਉਸਨੂੰ  ਕੁਰਸੀ ਬਣਾ ਬੈਠ ਗਿਆ।
ਅੰਗੂਰੀ ਅੱਗ-ਬਬੂਲਾ ਹੋ ਗਈ, “ਬੇਸ਼ਰਮ, ਦੇਵਤਾ ਉੱਤੋਂ ਉੱਠ ਜਾ…ਕੁਝ ਤਾਂ ਡਰ ਦੇਵਤਾਂ ਤੋਂ…ਬੇਹਯਾ।”
ਨਨਕੂ ਨਹੀਂ ਉੱਠਿਆ, ਸਗੋਂ ਉਹਨੂੰ ਚਿੜਾਉਣ ਲੱਗਾ। ਅੰਗੂਰੀ ਆਪੇ ਤੋਂ ਬਾਹਰ ਹੋ ਗਈ, “ਨਾਸਪਿੱਟੇ! ਉੱਠ ਜਾ ਇਹਦੇ ਉੱਤੋਂ…ਠਕੁਰਾਣੀ ਨੇ ਦੇਖ ਲਿਆ ਤਾਂ ਬੜੀ ਭੈੜੀ ਕਰੂਗੀ…।”
ਠਕੁਰਾਣੀ ਦਾ ਨਾਂ ਸੁਣਦੇ ਹੀ ਨਨਕੂ ਵਿੱਚ ਦਹਿਸ਼ਤ ਭਰ ਗਈ। ਉਸਨੂੰ ਆਪਣੇ ਬਾਪੂ ਦੀ ਪਿਟਾਈ ਯਾਦ  ਆ ਗਈ। ਉਹ ਤੁਰੰਤ ਉੱਠਿਆ ਤੇ ਹੇਠਾਂ ਛਲਾਂਗ ਮਾਰ ਦਿੱਤੀ।
                                     -0-

Sunday, September 2, 2012

ਹਿੰਦੀ/ ਤਵਾ


ਕਾਲੀ ਚਰਨ ਪ੍ਰੇਮੀ

  ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਵਪਾਰ ਮੇਲੇ ਦੀ ਭੀੜ ਦੇਖ ਕੇ ਮੈਂ ਹੈਰਾਨ ਰਹਿ ਗਿਆ। ਕਿਸੇ ਤਰ੍ਹਾਂ ਪ੍ਰਵੇਸ਼ ਟਿਕਟ ਲੈ ਕੇ ਅੰਦਰ ਦਾਖਲ ਹੋਇਆ। ਹਾਲ ਨੰਬਰ ਛੇ ਵਿੱਚ ਪਹੁੰਚ ਕੇ ਮੇਰੇ ਕਦਮ ਰੁਕ ਗਏ। ‘ਕੀ ਖਰੀਦਾਂ?’–ਇਸ ਸਬੰਧੀ ਮੇਰੇ ਮਨ ਵਿੱਚ ਕੋਈ ਦੁਚਿੱਤੀ ਨਹੀਂ ਸੀ। ਕਮੀਆਂ ਨੇ ਇੰਨਾ ਤੰਗਹਾਲ ਬਣਾ ਦਿੱਤਾ ਕਿ ‘ਸ਼ਾਪਿੰਗ’ ਵਰਗੇ ਸ਼ਬਦ ਮੇਰੇ ਸ਼ਬਦਕੋਸ਼ ਤੋਂ ਬਾਹਰ ਹੀ ਰਹੇ ਹਨ।
ਵਿਆਹ ਤੋਂ ਮਗਰੋਂ ਮੈਂ ਆਪਣੀ ਪਤਨੀ ਨੂੰ ਕੋਈ ਸੁੱਖ ਨਹੀਂ ਦੇ ਸਕਿਆ। ਸਿਵਾ ਗਰੀਬੀ ਵਿੱਚ ਰਹਿਕੇ ਜੀਵਨ ਬਤੀਤ ਕਰਨ ਦੇ ਉਪਦੇਸ਼ਾਂ ਦੇ। ਸਾਡੇ ਦੋਹਾਂ ਦੀ ਬਹਿਸ ਵਿੱਚ ਸਾਰੇ ਵਿਸ਼ੇ ਆਰਥਿਕ ਹੀ ਰਹੇ ਹਨ। ਮੈਂ ਇੱਕ ਤੋਂ ਬਾਦ ਇੱਕ ਕਈ ਸਟਾਲਾਂ ਉੱਤੇ ਘੁਮਦਾ ਹੋਇਆ ਆਖਰ ਰੁਕ ਗਿਆ। ਇੱਕ ਨਾਨ-ਸਟਿੱਕ ਤਵੇ ਨੂੰ ਉਲਟਾ-ਪਲਟਾ ਕੇ ਦੇਖਣ ਲੱਗਾ। ਧਿਆਨ ਆਇਆ, ਅੰਜਲੀ ਅਜੇ ਤੱਕ ਉਸੇ ਲੋਹੇ ਦੇ ਬਿਨਾ ਹੈਂਡਲ ਵਾਲੇ ਘਸੇ-ਸੜੇ ਤਵੇ  ਉੱਤੇ ਰੋਟੀਆਂ ਸੇਕਦੀ ਹੈ। ਰੋਟੀਆਂ ਪਕਾਉਂਦੇ ਹੋਏ ਕਈ ਵਾਰ ਉਸਦੀਆਂ ਉਂਗਲਾਂ ਸੜ ਜਾਂਦੀਆਂ ਹਨ। ਪਰਾਉਂਠੇ ਸਿਆਹ ਕਾਲੇ ਹੋ ਜਾਂਦੇ ਹਨ। ਅੰਜਲੀ ਅਕਸਰ ਮੈਨੂੰ ਤਵਾ ਬਦਲਣ ਲਈ ਕਹਿੰਦੀ ਰਹਿੰਦੀ ਹੈ। ਮੈਂ ਅੰਜਲੀ ਦੀ ਪੀੜ ਨੂੰ ਸਮਝਣ ਦੀ ਬਜਾਏ ਝੁੱਗੀ-ਝੋਂਪੜੀ ਵਿੱਚ ਰਹਿਣ ਵਾਲਿਆਂ ਦੀ ਕਠੋਰ ਜ਼ਿੰਦਗੀ ਨਾਲ ਤੁਲਣਾ ਕਰਕੇ ਉਪਦੇਸ਼ ਦੇਣ ਲਗਦਾ ਹਾਂ।
ਇਸ ਵਾਰ ਇੱਕ ਤਵਾ ਖਰੀਦ ਹੀ ਲਿਆ ਜਾਵੇ। ਅੰਜਲੀ ਲਈ ਇਹ ਇੱਕ ਸਰਪ੍ਰਾਈਜ ਰਹੇਗਾ। ਇਹੀ ਸੋਚ ਕੇ ਮੈਂ ਤਿਨ-ਚਾਰ ਕੰਪਨੀਆਂ ਦੇ ਤਵੇ ਦੇਖੇ। ਇੱਕ ਜੋ ਮੈਂਨੂੰ ਚੰਗਾ ਲੱਗਾ, ਉਸਦਾ ਭਾਅ ਪੁੱਛਿਆ, “ਇਹ ਕਿੰਨੇ ਦਾ ਹੈ?”
“ਤਿੰਨ ਸੌ ਪੰਜਾਹ ਦਾ।”
ਮੁੱਲ ਸੁਣਕੇ ਇੱਕ ਵਾਰ ਮੈਂ ਸਹਿਮ ਗਿਆ। ਪਰੰਤੂ ਤਵੇ ਦੀਆਂ ਖੂਬੀਆਂ ਮੈਂਨੂੰ ਆਕ੍ਰਸ਼ਿਤ ਕਰ ਰਹੀਆਂ ਸਨ।
“ਇਹ ਹੈਂਡਲ ਵਾਲਾ ਹੈ, ਨਾਨ-ਸਟਿੱਕ ਹੈ। ਇਸਦੀ ਦੋ ਸਾਲ ਦੀ ਗਰੰਟੀ ਹੈ…ਇਸ ਤੇ ਪਰਾਂਠੇ ਨਹੀਂ ਸੜਦੇ…ਇਹ ਘਿਓ ਤੇ ਤੇਲ ਦੀ ਬੱਚਤ ਕਰਦਾ ਹੈ…ਤੇ ਇਸਦੇ ਨਾਲ ਇੱਕ ਛਤਰੀ ਫ੍ਰੀ ਹੈ…।” ਸਟਾਲ ਵਾਲੇ ਨੇ ਲਗਾਤਾਰ ਤਵੇ ਦੀਆਂ ਕਈ ਖੂਬੀਆਂ ਦਾ ਜਿਕਰ ਕੀਤਾ।
ਸ਼ਾਮੀਂ ਜਦੋਂ ਘਰ ਪਹੁੰਚਿਆ ਤਾਂ ਅੰਜਲੀ ਨਵਾਂ ਤਵਾ ਦੇਖ ਕੇ ਖਿੜ ਉੱਠੀ। ਪਹਿਲੀ ਵਾਰ ਮੈਂ ਅੰਜਲੀ ਦੇ ਚਿਹਰੇ ਉੱਤੇ ਇੰਨੀ ਖੁਸ਼ੀ ਦੇਖੀ ਸੀ। ਅੰਜਲੀ ਨੇ ਉਹ ਤਵਾ ਸੰਭਾਲ ਕੇ ਰੱਖ ਲਿਆ।
ਲਗਭਗ ਦੋ ਹਫ਼ਤੇ ਬਾਦ, ਜਦੋਂ ਮੈਂ ਅੰਜਲੀ ਨੂੰ ਉਹੀ ਪੁਰਾਣਾ ਤਵਾ ਵਰਤਦਿਆਂ ਦੇਖਿਆ ਤਾਂ ਜਗਿਆਸਾ ਵੱਜੋਂ ਪੁੱਛਿਆ, “ਕਿਉਂ ਬਈ, ਉਸ ਨਵੇਂ ਤਵੇ ਨੂੰ ਕੀ ਹੋਇਆ?”
“ਮੈਂ ਉਹ ਪੈਕ ਕਰਕੇ ਸੰਦੂਕ ’ਚ ਰੱਖ ਦਿੱਤਾ।”
“ਕਿਉਂ ਭਲਾ?”
“ਸੁਰਭੀ ਬੇਟੀ ਦੇ ਦਾਜ ’ਚ ਕੰਮ ਆਊਗਾ।”
“ਹੁਣੇ ਤੋਂ?” ਮੈਂ ਹੈਰਾਨ ਹੁੰਦਿਆਂ ਕਿਹਾ, “ਅਜੇ ਤਾਂ ਉਹ ਸੱਤ-ਅੱਠ ਸਾਲ ਦੀ ਬੱਚੀ ਐ!”
“ਤੁਸੀਂ ਸਮਝਦੇ ਕਿਉਂ ਨਹੀਂ,” ਅੰਜਲੀ ਮੈਂਨੂੰ ਸਮਝਾਉਣ ਲੱਗੀ, “ਹੁਣੇ ਤੋਂ ਥੋੜ੍ਹਾ-ਥੋੜ੍ਹਾ ਜੋੜਾਂਗੇ ਤਦ ਹੀ ਦਾਜ ਪੂਰਾ ਹੋਵੇਗਾ। ਪਤਾ ਨਹੀਂ, ਅੱਜਕਲ ਕੁੜੀ ਵਾਲਿਆਂ ਨੂੰ ਕਿੰਨਾ ਕੁਝ ਦੇਣਾ ਪੈਂਦਾ ਹੈ। ਅੱਗੇ ਸਮਾਂ ਹੋਰ ਵੀ ਖਰਾਬ ਆਉਣ ਵਾਲਾ ਹੈ।”
ਤੇ ਅੰਜਲੀ ਦੀ ਗੱਲ ਸੁਣਕੇ ਉਸ ਰਾਤ ਮੈਂ ਠੀਕ ਤਰ੍ਹਾਂ ਸੌਂ ਨਹੀਂ ਸਕਿਆ।
                                          -0-

Sunday, July 8, 2012

ਹਿੰਦੀ/ ਪੈਦਾਇਸ਼ੀ ਦੀਵਾਰ


ਕਾਲੀਚਰਨ ਪ੍ਰੇਮੀ

ਠਾਕਰ ਸਾਹਬ ਦੇ ਘਰ ਔਰਤਾਂ ਦਾ ਜਮਘਟ ਸੀ। ਢੋਲਕੀ ਦੀ ਥਾਪ ਤੇ ਲੋਕਗੀਤ ਗੂੰਜ ਰਹੇ ਸਨ। ਠਾਕਰ ਸਾਹਬ ਦੇ ਘਰ ਪਹਿਲੀ ਵਾਰ ਲੜਕਾ ਪੈਦਾ ਹੋਇਆ ਸੀ। ਇਸਲਈ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਘਰ ਕੋਲੋਂ ਲੰਘਦੀ ਗੰਗਾਦੇਵੀ ਨੇ ਇਹ ਸਭ ਦੇਖਿਆ ਤਾਂ ਦਰਵਾਜੇ ਅੰਦਰ ਘੁਸਦੇ ਹੋਏ ਪੁੱਛਿਆ, “ਨੀ ਚਮੇਲੀਏ! ਕੀ ਹੋਇਆ ਠੁਕਰਾਇਨ ਦੇ?”
“ਕੁੰਵਰ ਸਾਬ ਆਏ ਨੇ,” ਚਮੇਲੀ ਖੁਸ਼ ਹੁੰਦੀ ਬੋਲੀ, “ਬਹੁਤ ਸੋਹਣੀ ਸ਼ਕਲ-ਸੂਰਤ ਐ…ਬਿਲਕੁਲ ਠਾਕਰ ਸਾਬ ਤੇ ਗਏ ਨੇ…ਸਪੂਤ ਐ, ਇਕਦਮ ਸਪੂਤ…!”
ਅਚਾਨਕ ਗੰਗਾਦੇਵੀ ਨੂੰ ਧਿਆਨ ਆਇਆ।
“ਨੀ ਹੋਰ ਕੁਝ ਸੁਣਿਐ…ਹਰੀਏ ਚਮਿਆਰ ਦੀ ਬਹੂ ਦੇ ਮੁੰਡਾ ਹੋਇਆ ਕਿ ਕੁੜੀ?”
“ਹੋਣਾ ਕੀ ਐ, ਕਾਲੀਆ ਹੋਇਐ,” ਹੱਥ ਨਚਾਉਂਦੇ ਹੋਏ ਚਮੇਲੀ ਬੋਲੀ, “ਉਸ ਕਰਮਜਲੇ ਕਰਕੇ ਹਰੀਆ ਉੱਡਿਆ ਫਿਰਦੈ।”
ਹੁਣ ਉਹ ਦੋਨੋਂ ਮੂੰਹ ਬਣਾ ਰਹੀਆਂ ਸਨ।
                                         -0-