Showing posts with label ਵਿਕਰਮ ਸੋਨੀ. Show all posts
Showing posts with label ਵਿਕਰਮ ਸੋਨੀ. Show all posts

Monday, July 13, 2015

ਹਿੰਦੀ/ ਜੰਗਲੀ ਸੂਰ



ਵਿਕਰਮ ਸੋਨੀ
ਜੰਗਲ ਪਾਣੀ ਤੋਂ ਵਾਪਿਸ ਹੋ ਕੇ ਪੰਡਿਤ ਰਾਮ ਦਿਆਲ ਅਤੇ ਰਘੁਨਾਥ ਚੌਬੇ ਮੁੜ ਰਹੇ ਸਨ ਕਿ ਰਾਹ ਵਿਚ ਹੀ ਡਾਕੀਆ ਚਿੱਠੀ ਫੜਾ ਕੇ ਚਲਾ ਗਿਆ। ਹੱਥ ਵਿਚ ਚਿੱਠੀ ਫੜੀ ਦੋਵੇਂ ਇਕ ਦੂਜੇ ਦਾ ਮੂੰਹ ਦੇਖਣ ਲੱਗੇ। ਚੌਬੇ ਬੋਲਿਆ, “ਪੰਡਤ ਜੀ, ਚਲੋ ਚੱਪਣੀ ’ਚ ਨੱਕ ਡੁਬੋ ਕੇ ਮਰ ਜਾਈਏ। ਅਸੀਂ ਕਹਾਉਂਦੇ ਆਂ ਪੰਡਤ, ਪਰ ਕਾਗਜ਼ ਦਾ ਚਿਹਰਾ ਤੱਕ ਨਹੀਂ ਪੜ੍ਹ ਸਕਦੇ। ਫਿੱਟੇ ਲਾਹਨਤ ਐ ਸਾਡੀ ਪੰਡਤਾਈ ਦੇ।”
“ਪਤਾ ਨਹੀਂ ਪੁੱਤਰ ਦੀ ਚਿੱਠੀ ਐ, ਬਹੂ ਦੀ ਐ, ਕੁੜਮਾਂ ਦੀ ਐ ਜਾਂ ਰਿਸ਼ਤੇਦਾਰੀ ’ਚੋਂ? ਡਾਕੀਆ ਵੀ ਸਹੁਰਾ ਕਾਰਡ ਫੜਾ ਕੇ ਚਲਾ ਗਿਆ, ਹੁਣ ਕਿਸ ਤੋਂ ਪੜ੍ਹਾਈਏ?”
ਤਦੇ ਸ਼ਹਿਰ ਵੱਲੋਂ ਬਿੱਸੂ ਚਮਿਆਰ ਦਾ ਮੁੰਡਾ ਝੋਲਾ ਟੰਗੀ ਆਉਂਦਾ ਦਿਸਿਆ। ਪੰਡਿਤ ਰਾਮ ਦਿਆਲ ਨੇ ਉਹਨੂੰ ਨੇੜੇ ਬੁਲਾ ਕੇ ਪੁੱਛਿਆ, “ਪੁੱਤਰ, ਤੂੰ ਸ਼ਹਿਰ ’ਚ ਪੜ੍ਹਦਾ ਐ ਨਾ? ਲੈ ਇਹ ਕਾਰਡ ਪੜ੍ਹ ਦੇ।”
ਬਿੱਸੂ ਦੇ ਪੁੱਤਰ ਨੇ ਚਿੱਠੀ ਪੜ੍ਹਕੇ ਸੁਣਾ ਦਿੱਤੀ। ਰਾਮ ਦਿਆਲ ਖੁਸ਼ੀ ਵਿਚ ਬੁੜਕ ਪਿਆ। ਉਸਦਾ ਬੇਟਾ ਮੈਟ੍ਰਿਕ ਪਾਸ ਕਰਕੇ ਅਗਲੇ ਦਿਨ ਪਿੰਡ ਆ ਰਿਹਾ ਸੀ। ਹੁਣ ਉਹਨਾਂ ਦੇ ਘਰ ਵੀ ਕੋਈ ਪੜ੍ਹਿਆ-ਲਿਖਿਆ ਹੋਵੇਗਾ। ਚਿੱਠੀ ਫੜਾ ਕੇ ਬਿੱਸੂ ਚਮਿਆਰ ਦਾ ਮੁੰਡਾ ਅਜੇ ਵੀਹ ਕੁ ਕਦਮ ਹੀ ਅੱਗੇ ਵਧਿਆ ਹੋਵੇਗਾ ਕਿ ਚੌਬੇ ਆਪਣੀ ਗੜਵੀ ਹੱਥ ਉੱਪਰ ਮਾਰਦਾ ਹੋਇਆ ਬੋਲਿਆ, “ਪੰਡਤ ਜੀ, ਫਿੱਟੇ ਲਾਹਨਤ ਐ ਸਾਡੀ ਕੌਮ ਦੇ। ਪੰਡਤਾਂ ਦੀ ਚਿੱਠੀ ਚਮਿਆਰ ਪੜ੍ਹੇ! ਇਹਦੀ ਏਨੀ ਹਿੰਮਤ…”
ਅਤੇ ਦੋਹਾਂ ਨੇ ਬਿੱਸੂ ਚਮਿਆਰ ਦੇ ਮੁੰਡੇ ਨੂੰ ਗੜਵੀਆਂ ਨਾਲ ਮਾਰ ਮਾਰ ਕੇ ਉੱਥੇ ਹੀ ਖਤਮ ਕਰ ਦਿੱਤਾ।
                                       -0-



Monday, October 13, 2014

ਹਿੰਦੀ/ ਅੰਤਹੀਨ ਸਿਲਸਿਲਾ



ਵਿਕਰਮ ਸੋਨੀ

ਦਸਾਂ ਵਰ੍ਹਿਆਂ ਦੇ ਨੇਤਰਾਮ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ, ਤਦੇ ਉਹ ਭੁੱਬਾਂ ਮਾਰ-ਮਾਰ ਰੋ ਪਿਆ। ਜਿਹੜੇ ਲੋਕ ਅਜੇ ਤਕ ਉਸਨੂੰ ਪੱਥਰ ਦੇ ਕਾਲਜੇ ਵਾਲਾ ਪੁੱਤਰ ਕਹਿ ਰਹੇ ਸਨ, ਉਹ ਸਾਰੇ ਖੁਸ਼ ਹੋ ਗਏ।
ਚਿਤਾ ਨੂੰ ਅਗਨੀ ਦੇਣ ਤੋਂ ਪਹਿਲਾਂ ਨੇਤਰਾਮ ਨੂੰ ਭੀੜ ਦੇ ਸਾਹਮਣੇ ਖੜਾ ਕੀਤਾ ਗਿਆ। ਤਦ ਪਿੰਡ ਦੇ ਬੈਗੇ ਪੁਜਾਰੀ ਨੇ ਉਸ ਨੂੰ ਬੁਲਾਇਆ, “ਨੇਤਰਾਮ…”
ਤੇ ਨਾਲ ਹੀ ਉਹਦੇ ਸਾਹਮਣੇ ਉਸਦੇ ਪਿਉ ਦੀਆਂ ਪੁਰਾਣੀਆਂ ਜੁੱਤੀਆਂ  ਰੱਖ ਦਿੱਤੀਆਂ ਗਈਆਂ।
“ਨੇਤਰਾਮ, ਆਪਣੇ ਪਿਓ ਦੀਆਂ ਜੁੱਤੀਆਂ ਪਾ ਲੈ, ਪੁੱਤਰ।”
“ਪਰ ਇਹ ਤਾਂ ਮੇਰੇ ਪੈਰਾਂ ਨਾਲੋਂ ਵੱਡੀਆਂ ਨੇ।”
“ਤਾਂ ਕੀ ਹੋਇਆ, ਪਾ ਲੈ।” ਭੀੜ ਵਿੱਚੋਂ ਤਿੰਨ-ਚਾਰ ਆਦਮੀਆਂ ਨੇ ਕਿਹਾ।
ਨੇਤਰਾਮ ਨੇ ਜੁੱਤੀਆਂ ਪਾ ਲਈਆਂ ਤਾਂ ਬੈਗੇ ਪੁਜਾਰੀ ਨੇ ਕਿਹਾ, “ਹੁਣ ਬੋਲ– ਮੈਂ ਆਪਣੇ ਪਿਓ ਦੀਆਂ ਜੁੱਤੀਆਂ ਪਾ ਲਈਆਂ ਹਨ।”
ਨੇਤਰਾਮ ਚੁੱਪ ਰਿਹਾ।
ਪਹਿਲੀ ਵਾਰ, ਦੂਜੀ ਵਾਰ ਉਹ ਚੁੱਪ ਰਿਹਾ, ਪਰ ਤੀਜੀ ਵਾਰ ਉਹਨੂੰ ਬੋਲਣਾ ਹੀ ਪਿਆ, “ਮੈਂ ਆਪਣੇ ਪਿਓ ਦੀਆਂ ਜੁੱਤੀਆਂ ਪਾ ਲਈਆਂ ਹਨ।” ਤੇ ਉਹ ਇਕ ਵਾਰ ਫਿਰ ਰੋ ਪਿਆ।
ਹੁਣ ਕੱਲ੍ਹ ਤੋਂ ਉਸਨੂੰ ਪਿਤਾ ਦੀ ਥਾਂ ਪਟੇਲ ਦੀ ਉਦੋਂ ਤਕ ਮਜ਼ਦੂਰੀ ਕਰਨੀ ਪਵੇਗੀ, ਜਦੋਂ ਤਕ ਕਿ ਉਸਦੀ ਓਲਾਦ ਦੇ ਪੈਰ ਉਸਦੀਆਂ ਜੁੱਤੀਆਂ ਦੇ ਮੇਚ ਦੇ ਨਾ ਹੋ ਜਾਣ।
                                     -0-

Sunday, December 4, 2011

ਹਿੰਦੀ/ ਮੁਆਵਜਾ


ਵਿਕਰਮ ਸੋਨੀ
ਉਹ ਬੋਝਲ ਕਦਮਾਂ ਨਾਲ ਹਸਪਤਾਲ ਦੀਆਂ ਪੌੜੀਆਂ ਉਤਰ ਰਿਹਾ ਸੀ। ਉਹਦੇ ਪਿੱਛੇ ਪਿੱਛੇ ਉਹਦੀ ਪਤਨੀ ਸੁਬਕਦੀ ਹੋਈ ਤੁਰੀ ਆ ਰਹੀ ਸੀ। ਦੋਹਾਂ ਹੱਥਾਂ ਦੇ ਸਮਾਨਅੰਤਰ ਫੈਲਾਅ ਉੱਤੇ ਉਹਦੇ ਸੱਤ ਕੁ ਸਾਲ ਦੇ ਬੱਚੇ ਦੀ ਲਾਸ਼ ਬੇਕਫ਼ਨ ਪਸਰੀ ਹੋਈ ਸੀ। ਬਾਹਰ ਹੁਣ ਵੀ ਵਰਖਾ ਹੋ ਰਹੀ ਸੀ।
ਪਿਛਲੇ ਕਈ ਦਿਨਾਂ ਤੋਂ ਮੀਂਹ ਰੁਕਿਆ ਨਹੀਂ ਸੀ। ਤੇ ਉਹ ਸੀ ਦਿਹਾੜੀਆ ਮਜ਼ਦੂਰ। ਚੌਥੇ ਦਿਨ ਦੇ ਢਲਦੇ ਢਲਦੇ ਬੱਚਾ ਭੁੱਖ ਤੇ ਤੇਜ਼ ਬੁਖਾਰ ਨਾਲ ਬਿਲਬਿਲਾਉਣ ਲੱਗਾ ਸੀ। ਘਰ ਵਿਚ ਬਚਿਆ ਖੁਚਿਆ ਜੋ ਵੀ ਸੀ, ਦਾਣਾ ਦਾਣਾ ਖਾ ਲਿਆ ਗਿਆ ਸੀ। ਬੱਚੇ ਨੂੰ ਪੋਲੀਥੀਨ ਦੇ ਛੱਪਰ ਹੇਠ ਬਹੁਤਾ ਸਮਾਂ ਨਹੀਂ ਰੱਖਿਆ ਜਾ ਸਕਦਾ ਸੀ। ਪੁਰਾਣੇ ਕਪੜਿਆਂ ਦੀ ਚਾਦਰ ਵਿਚ ਬੱਚੇ ਨੂੰ ਲਪੇਟ ਸਵੇਰੇ ਹੀ ਉਹ ਸਰਕਾਰੀ ਹਸਪਤਾਲ ਜਾ ਪਹੁੰਚਿਆ। ਬੱਚੇ ਨੂੰ ਭਰਤੀ ਕਰ ਲਿਆ ਗਿਆ । ਉਹਦੇ ਹੱਥ ਵਿਚ ਦਵਾਈ ਦੀ ਪਰਚੀ ਤੇ ਦੁੱਧ-ਫ਼ਲ ਦੀਆਂ ਹਦਾਇਤਾਂ ਦਿੱਤੀਆਂ ਹੀ ਗਈਆਂ ਸਨ ਕਿ ਬੱਚੇ ਨੇ ਦਮ ਤੋਡ਼ ਦਿੱਤਾ। ਡਾਕਟਰ ਨੇ ਲਾਸ਼ ਛੇਤੀ ਲੈ ਜਾਣ ਦੀ ਕਹਿੰਦੇ ਹੋਏ ਸਲਾਹ ਦਿੱਤੀ, “ਕੋਲ ਹੀ ਸਰਕਾਰੀ ਰਾਹਤ ਕੈਂਪ ਹੈ। ਉੱਥੇ ਚਲੇ ਜਾਓ। ਬਰਸਾਤ ’ਚ ਹੋਏ ਨੁਕਸਾਨ ਦਾ ਮੁਆਵਜਾ ਮਿਲਜੂਗਾ। ਤੇ ਤੁਸੀਂ ਦੋਨੋਂ ਵੀ ਸੁਰੱਖਿਅਤ ਰਹੋਗੇ।”
ਉਹ ਬੱਚੇ ਨੂੰ ਚੁੱਕ ਹੀ ਰਿਹਾ ਸੀ ਕਿ ਨਰਸ ਨੇ ਕੁੜ੍ਹਦੇ ਹਏ ਕਿਹਾ, “ਬੱਚਾ ਬਰਸਾਤੀ ਪਾਣੀ ਵਿਚ ਡੁੱਬ ਕੇ ਮਰਦਾ ਤਾਂ ਮੁਆਵਜਾ ਮਿਲਦਾ। ਇਹ ਤਾਂ ਭੁੱਖ ਨਾਲ ਮਰਿਆ ਹੈ।”
ਆਖਰੀ ਪੌੜੀ ਉੱਤੇ ਪਹੁੰਚਦੇ ਪਹੁੰਚਦੇ ਉਹਦੀ ਪਤਨੀ ਦੇ ਖਾਲੀ ਪੇਟ ਵਿਚ ਜ਼ੋਰਦਾਰ ਮਰੋਡ਼ ਉੱਠਿਆ। ਰੋਣ ਕਾਰਨ ਇਕ ਇਕ ਨਸ ਵਿਚ ਖਿੱਚ ਜਿਹੀ ਪੈ ਰਹੀ ਸੀ। ਉਹਨੇ ਪਤਨੀ ਨੂੰ ਦਿਲਾਸਾ ਦਿੱਤਾ ਤੇ ਦੋਨੋਂ ਭਿੱਜਦੇ ਹੋਏ ਹੀ ਗੋਡੇ ਗੋਡੇ ਪਾਣੀ ਵਿਚ ਤੁਰ ਪਏ। ਸਡ਼ਕ ਖਾਲੀ ਪਈ ਸੀ। ਸਾਹਮਣਿਉਂ ਇਕ ਬੱਸ ਆਦਮੀਆਂ, ਔਰਤਾਂ ਤੇ ਬੱਚਿਆਂ ਨਾਲ ਠਸਾਠਸ ਭਰੀ ਆ ਰਹੀ ਸੀ। ਉਹਨੇ ਬੱਸ ਨੂੰ ਰੋਕਣਾ ਚਾਹਿਆ, ਪਰ ਉਦੋਂ ਹੀ ਬੱਸ ਲਡ਼ਖੜਾਈ ਤੇ ਖੱਬੇ ਪਾਸੇ ਕੰਧ ਨਾਲ ਟਕਰਾ ਕੇ ਅੱਧ-ਉਲਟੀ ਹੋ ਕੇ ਰੁਕ ਗਈ। ਕਈ ਜਿਸਮ ਹੇਠਾਂ ਪਾਣੀ ਵਿਚ ਡਿੱਗ ਕੇ ਛਟਪਟਾਉਣ ਲੱਗੇ। ਕੋਹਰਾਮ ਮੱਚ ਗਿਆ। ਉਹ ਬੱਚੇ ਦੀ ਲਾਸ਼ ਨੂੰ ਸਿੱਟ ਕੇ ਛਟਪਟਾ ਰਹੇ ਲੋਕਾਂ ਵਿਚ ਖੜਾ ਹੋ ਕੇ ਚਿੱਲਾਉਣ ਲੱਗਾ, “ਹਾਏ ਮੇਰਾ ਬੱਚਾ, ਹਾਏ ਮੇਰੀ ਔਰਤ!”
ਉਹਦੀ ਨਿਗ੍ਹਾ ਪਿੱਛੇ ਆ ਰਹੀ ਪਤਨੀ ਨੂੰ ਲੱਭ ਰਹੀ ਸੀ ਤੇ ਉਹਦੀ ਪਤਨੀ ਆਪਣੇ ਹੀ ਨੇੜੇ ਤੈਰਦੀ ਬੱਚੇ ਦੀ ਲਾਸ਼ ਤੋਂ ਪਰੇ ਹਿਲੋਰੇ ਖਾਂਦੀ ਡਬਲ ਰੋਟੀ ਤੇ ਝਪਟਣ ਦੀ ਕੋਸ਼ਿਸ਼ ਕਰ ਰਹੀ ਸੀ।
                                         -0-