Showing posts with label ਸੂਰਯਕਾਂਤ ਨਾਗਰ. Show all posts
Showing posts with label ਸੂਰਯਕਾਂਤ ਨਾਗਰ. Show all posts

Wednesday, September 11, 2013

ਹਿੰਦੀ/ ਨਜ਼ਰੀਆ



ਸੂਰਯਕਾਂਤ ਨਾਗਰ

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਸਾਲਾ ਬੱਚਾ ਖਚਾਖਚ ਭਰੇ ਸਿਨਮਾ ਹਾਲ ਦੀ ਬਾਲਕਨੀ ਦੀ ਰੇਲਿੰਗ ਉੱਤੇ ਝੁਕ ਕੇ ਹੇਠਾਂ ਦੇਖ ਰਿਹਾ ਸੀ।
“ਇਸ ਤਰ੍ਹਾਂ ਨਾ ਝੁਕ ਬੇਟੇ, ਥੱਲੇ ਡਿੱਗ ਪਏਂਗਾ।” ਪਿਤਾ ਨੇ ਪੁੱਤਰ ਨੂੰ ਸਮਝਾਇਆ। ਪਰ ਮੁੰਡਾ ਨਹੀਂ ਮੰਨਿਆਂ। ਹੇਠਾਂ ਹਾਲ ਵਿਚ ਬੈਠੇ ਦਰਸ਼ਕਾਂ ਵੱਲ ਹੋਰ ਝੁਕ ਕੇ ਦੇਖਣ ਲੱਗਾ।
“ਤੈਨੂੰ ਮਨ੍ਹਾ ਕੀਤਾ ਐ ਨਾ…ਹੇਠਾਂ ਡਿੱਗ ਗਿਆ ਤਾਂ ਸੱਟ ਵੱਜ ਜੂਗੀ।” ਪਿਤਾ ਨੇ ਥੋੜਾ ਭੜਕ ਕੇ ਕਿਹਾ।
“ਹੇਠਾਂ ਬੈਠੇ ਲੋਕਾਂ ਤੇ ਡਿੱਗੂੰਗਾ ਤਾਂ ਉਨ੍ਹਾਂ ਦੇ ਵੀ ਸੱਟ ਲੱਗੂਗੀ ਨਾ ਪਾਪਾ?”
“ਕਹਿ ਰਿਹਾ ਹਾਂ ਕਿ ਡਿੱਗ ਪਿਆ ਤਾਂ ਤੈਨੂੰ ਸੱਟ ਵੱਜ ਜੂਗੀ, ਲਹੂਲੁਹਾਨ ਹੋਜੇਂਗਾ।”
“ਨਹੀਂ ਪਾਪਾ, ਪਹਿਲਾਂ ਇਹ ਦੱਸੋ ਕਿ ਜੇਕਰ ਮੈਂ ਜ਼ੋਰ ਨਾਲ ਉਨ੍ਹਾਂ ਲੋਕਾਂ ’ਤੇ ਡਿੱਗਿਆ ਤਾਂ ਉਨ੍ਹਾਂ ਨੂੰ ਸੱਟ ਵੱਜੂਗੀ ਜਾਂ ਨਹੀਂ?”
 “ਫਿਰ ਉਹੀ ਗੱਲ!” ਪਿਤਾ ਖਿਝ ਜਿਹਾ ਗਿਆ।
“ਪਾਪਾ, ਦੱਸੋ ਨਾ ਕਿ ਮੇਰੇ ਡਿੱਗਣ ਨਾਲ ਹੇਠਾਂ ਬੈਠੇ ਲੋਕ ਵੀ ਜ਼ਖਮੀ ਹੋ ਸਕਦੇ ਹਨ ਜਾਂ ਨਹੀਂ?” ਬੱਚੇ ਨੇ ਜਿੱਦ ਕੀਤੀ।
ਪਿਤਾ ਨੇ ਗੁੱਸੇ ਵਿਚ ਆ ਕੇ ਬੱਚੇ ਦੇ ਚਪੇੜ ਮਾਰੀ ਤੇ ਉਸਨੂੰ ਆਪਣੇ ਵੱਲ ਖਿੱਚਦੇ ਹੋਏ ਕਿਹਾ, “ਸਾਲਾ ਦੂਜਿਆਂ ਦੀ ਚਿੰਤਾ ਕਰਦੈ!”
                                         -0-

Saturday, August 27, 2011

ਹਿੰਦੀ/ ਤੀਜਾ ਪੁੱਤਰ


                        
ਸੂਰਯਕਾਂਤ ਨਾਗਰ

ਘਬਰਾਈ ਹੋਈ ਬਿਰਧ ਔਰਤ ਦਿਲ ਦੇ ਦੌਰੇ ਕਾਰਨ ਕਰਾਹ ਰਹੇ ਪਤੀ ਨੂੰ ਰਿਕਸ਼ੇ ਵਿਚ ਪਾ ਕੇ ਪ੍ਰਾਈਵੇਟ ਹਸਪਤਾਲ ਵਿਚ ਲੈ ਆਈ ਸੀ। ਸਟਰੈਚਰ ਉੱਪਰ ਲਿਟਾ ਕੇ ਜਦੋਂ ਪਤੀ ਨੂੰ ਡਾਕਟਰ ਸਾਹਮਣੇ ਲਿਆਂਦਾ ਗਿਆ ਤਾਂ ਨੌਜਵਾਨ ਡਾਕਟਰ ਨੇ ਕਿਹਾ, “ਮਾਂ ਜੀ, ਕੀ ਤੁਸੀਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰ ਦਿੱਤੀਆਂ ਹਨ?”
“ਜਿਵੇਂ ਹੀ ਇਨ੍ਹਾਂ ਦੀ ਤਬੀਅਤ ਖਰਾਬ ਹੋਈ, ਇਨ੍ਹਾਂ ਨੂੰ ਲੈ ਕੇ ਮੈਂ ਇੱਥੇ ਚਲੀ ਆਈ। ਸਵੇਰੇ ਬੈਂਕ ਖੁਲ੍ਹਦੇ ਹੀ ਪੈਸੇ ਜਮਾ ਕਰਵਾ ਦਿਆਂਗੀ।” ਹਸਪਤਾਲ ਦੇ ਪਿਛਲੇ ਅਨੁਭਵਾਂ ਦੀ ਮਾਰੀ ਬਿਰਧ ਔਰਤ ਨੇ ਕਿਹਾ।
“ਕੀ ਤੁਸੀਂ ਇੱਕਲੇ ਹੋ?” ਮਰੀਜ ਦੀ ਗੰਭੀਰ ਹਾਲਤ ਦੇਖ ਡਾਕਟਰ ਨੇ ਪੁੱਛਿਆ।
“ਦੋ ਬੇਟੇ ਨੇ, ਪਰ ਦੋਨੋਂ ਬਹੁਤ ਦੂਰ ਨੇ। ਫੋਨ ਕਰਵਾਊਂਗੀ ਤਾਂ ਵੀ ਉਨ੍ਹਾਂ ਨੂੰ ਪਹੁੰਚਣ ’ਚ ਪੰਦਰਾਂ-ਵੀਹ ਘੰਟੇ ਲੱਗ ਜਾਣਗੇ। ਪਤਾ ਨਹੀਂ ਤਦ ਤੱਕ ਕੀ ਬਣੇਗਾ।” ਬਦਹਵਾਸ ਬੁੱਢੀ ਦੀਆਂ ਅੱਖਾਂ ਵਗਣ ਲੱਗੀਆਂ ਸਨ।
“ਘਬਰਾਓ ਨਾ ਮਾਂ ਜੀ, ਤੁਹਾਡਾ ਤੀਜਾ ਪੁੱਤਰ ਇੱਥੇ ਮੌਜੂਦ ਹੈ।” ਡਾਕਟਰ ਨੇ ਬਿਰਧ ਔਰਤ ਦੇ ਮੋਢਿਆਂ ਉੱਤੇ ਹੱਥ ਰੱਖਕੇ ਕਿਹਾ ਤਾਂ ਉਹਦੀਆਂ ਅੱਖਾਂ ਫਿਰ ਤੋਂ ਛਲਕ ਪਈਆਂ।
ਰੋਗੀ ਨੂੰ ਲੱਗਾ ਅਪਣੱਤ ਭਰੀ ਛੂਹ ਨੇ ਉਹਦੀ ਪੀਡ਼ ਦੂਰ ਕਰ ਦਿੱਤੀ ਹੈ।
                                               -0-