Showing posts with label ਬਲਰਾਮ ਅਗਰਵਾਲ. Show all posts
Showing posts with label ਬਲਰਾਮ ਅਗਰਵਾਲ. Show all posts

Sunday, September 20, 2015

ਹਿੰਦੀ/ ਦੂਜਾ ਪੱਖ



ਬਲਰਾਮ ਅਗਰਵਾਲ

ਦੂਜਾ ਪੈੱਗ ਚੜ੍ਹਾ ਕੇ ਜਿਵੇਂ ਹੀ ਮੈਂ ਗਿਲਾਸ  ਥੱਲੇ ਰੱਖਿਆ, ਸਾਹਮਣੇ ਬੈਠੇ ਨੌਜਵਾਨ ਉੱਤੇ ਮੇਰੀਆਂ ਨਜ਼ਰਾਂ ਟਿਕ ਗਈਆਂ। ਉਹਨੇ ਵੀ ਮੇਰੇ ਨਾਲ ਹੀ ਆਪਣਾ ਗਿਲਾਸ ਬੁੱਲ੍ਹਾਂ ਤੋਂ ਹਟਾਇਆ ਸੀ। ਮੇਰੀ ਮੇਜ ਉੱਪਰ ਆ ਬੈਠਣ ਤੇ ਪੀਣਾ ਸ਼ੁਰੂ ਕਰ ਦੇਣ ਦੀ ਗੁਸਤਾਖੀ ਉੱਤੇ ਮੈਨੂੰ ਗੁੱਸਾ ਆਇਆ। ਪਰ ‘ਬੋਤਲ ਜਦੋਂ ਵਿਚਕਾਰ ਪਈ ਹੋਵੇ ਤਾਂ ਕੋਈ ਵੀ  ਛੋਟਾ, ਵੱਡਾ ਜਾਂ ਗੁਸਤਾਖ ਨਹੀਂ ਹੁੰਦਾ’—ਆਪਣੇ ਇਕ ਹਮਪਿਆਲਾ ਦੀ ਇਹ ਗੱਲ ਮੈਨੂੰ ਯਾਦ ਆ ਗਈ। ਇਸ ਦੌਰਾਨ ਜਦੋਂ ਵੀ ਮੈਂ ਉਸ ਵੱਲ ਦੇਖਿਆ, ਉਹ ਮੇਨੂੰ ਘੂਰਦਾ ਹੋਇਆ ਹੀ ਨਜ਼ਰ ਆਇਆ।
“ਜੇਕਰ ਮੈਂ ਤੈਨੂੰ ਇਸ ਕਦਰ ਬੇਹਿਸਾਬ ਪੀਣ ਦੀ ਵਜ੍ਹਾ ਪੁੱਛਾਂ ਤਾਂ ਤੂੰ ਬੁਰਾ ਤਾਂ ਨਹੀਂ ਮੰਨੇਗਾ ਦੋਸਤ!” ਮੈਂ ਉਸਨੂੰ ਕਿਹਾ।
“ਗਰੀਬੀ…ਮਹਿੰਗਾਈ…ਚਾਹੁੰਦੇ ਹੋਏ ਵੀ ਭ੍ਰਿਸ਼ਟ ਤੇ ਬੇਪਰਵਾਹ ਸਿਸਟਮ ਨੂੰ ਨਾ ਬਦਲ ਪਾਉਣ ਦਾ ਨਪੁੰਸਕ-ਆਕ੍ਰੋਸ਼…ਕੋਈ ਵੀ ਆਮ ਵਜ੍ਹਾ ਸਮਝ ਲਓ।” ਉਹ ਬੋਲਿਆ, “ਤੂਂ ਸੁਣਾ।”
“ਮੈਂ!” ਮੈਂ ਝਿਜਕਿਆ। ਇਸ ਵਿਚਕਾਰ ਦੋ ‘ਨੀਟ’ ਗਟਕ ਚੁੱਕਿਆ ਉਹ ਡਰਾਉਨਾ ਜਿਹਾ ਹੋ ਗਿਆ। ਅੱਖਾਂ ਬਾਹਰ ਵੱਲ਼ ਉਬਲ ਆਈਆਂ ਸਨ ਤੇ ਉਹਨਾਂ ਦਾ ਬਾਰੀਕ ਤੋਂ ਬਾਰੀਕ ਰੇਸ਼ਾ ਵੀ ਇਸ ਕਦਰ ਸੁਰਖ ਹੋ ਉੱਠਿਆ ਸੀ ਕਿ ਇਕ-ਇਕ ਨੂੰ ਆਸਾਨੀ ਨਾਲ ਗਿਣਿਆ ਜਾ ਸਕਦਾ ਸੀ। ਮੈਨੂੰ ਲੱਗਾ ਕਿ ਕੁਝ ਹੀ ਛਿਣਾਂ ਵਿਚ ਉਹ ਬੇਹੋਸ਼ ਹੋ ਕੇ ਮੇਜ ਉੱਪਰ ਵਿਛ ਜਾਵੇਗਾ।
“ਹੈ ਕੁਝ ਦੱਸਣ ਦਾ ਮੂਡ?” ਉਹ ਫਿਰ ਬੋਲਿਆ। ਅਚਾਨਕ ਕੌੜੀ ਡਕਾਰ ਦਾ ਕੋਈ ਹਿੱਸਾ ਸ਼ਾਇਦ ਉਸਦੇ ਦਿਮਾਗ ਨਾਲ ਜਾ ਟਕਰਾਇਆ। ਉਸਦਾ ਸਿਰ ਪੂਰੀ ਤਰ੍ਹਾਂ ਨਾਲ ਝਣਝਣਾ ਉੱਠਿਆ। ਹੱਥ ਖੜ੍ਹਾ ਕਰਕੇ ਉਸਨੇ ਸਰੂਰ ਦੇ ਉਸ ਦੌਰ ਦੇ ਗੁਜਰ ਜਾਣ ਤੱਕ ਮੈਨੂੰ ਚੁੱਪ ਬੈਠਣ ਦਾ ਇਸ਼ਾਰਾ ਕੀਤਾ ਅਤੇ ਸਿਰ ਫੜ ਕੇ ਅੱਖਾਂ ਬੰਦ ਕਰ ਬੈਠਾ ਰਿਹਾ। ਨਸ਼ਾ ਉਸ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਵਿਚ ਸੀ ਤੇ ਉਹ ਨਸ਼ੇ ਉੱਤੇ, ਪਰ ਗਜਬ ਦੀ ‘ਕੈਪੇਸਿਟੀ’ਸੀ ਬੰਦੇ  ਦੀ। ਸਰੂਰ ਦੇ ਇਸ ਝਟਕੇ ਨੂੰ ਬਰਦਾਸ਼ਤ ਕਰਕੇ ਕੁਝ ਹੀ ਦੇਰ ਵਿਚ ਉਹ ਸਿੱਧਾ ਹੋ ਕੇ ਬੈਠ ਗਿਆ। ਕੋਈ ਵੀ ਬਹਾਦਰ ਸਿਪਾਹੀ ਵਿਰੋਧੀ ਅੱਗੇ ਸੌਖਿਆਂ ਹਾਰ ਨਹੀਂ ਮੰਨਦਾ।
“ਮੈਂ…ਇਕ ਹਾਦਸਾ ਸੁਣਾਉਂਦਾ ਹਾਂ…।” ਸਿੱਧਾ ਹੋ ਬੈਠਦਿਆਂ ਉਸਨੇ ਸਵਾਲੀਆ ਨਿਗਾਹ ਮੇਰੇ ਉੱਪਰ ਪਾਈ ਤਾਂ ਮੈਂ ਬੋਲਣਾ ਸ਼ੁਰੂ ਕੀਤਾ, “ਪਰੰਤੂ ਉਸਦਾ ਸਬੰਧ ਮੇਰੇ ਪੀਣ ਨਾਲ ਨਹੀਂ ਹੈ…ਅਸੀਂ ਤਿੰਨ ਭਰਾ ਹਾਂ…ਤਿੰਨੋਂ ਸ਼ਾਦੀਸ਼ੁਦਾ…ਬਾਲ-ਬੱਚੇ ਵਾਲੇ…ਮਾਂ ਬਹੁਤ ਸਾਲ ਪਹਿਲਾਂ ਗੁਜਰ ਗਈ ਸੀ…ਤੇ ਪਿਓ ਬੁਢਾਪੇ ਤੇ ਕਮਜ਼ੋਰੀ ਦੀ ਵਜ੍ਹਾ ਨਾਲ ਮੰਜੇ ਤੇ ਪਿਐ…ਇਕ-ਇਕ ਪੈਸਾ ਕਰਕੇ…ਜੱਦੀ ਜਾਇਦਾਦ ਨੂੰ …ਉਸਨੇ ਪੰਜਾਹ-ਸੱਠ ਲੱਖ ਦੀ ਹੈਸੀਅਤ ਤੱਕ ਪੁਚਾਇਆ…ਪਰ …ਤਿੰਨਾਂ ’ਚੋਂ ਕੋਈ ਵੀ ਭਰਾ ਉਸ ਜਾਇਦਾਦ ਦਾ…ਆਪਣੀ ਮਰਜੀ ਨਾਲ…ਇਸਤੇਮਾਲ ਨਹੀਂ ਕਰ ਸਕਦਾ…।”
“ਕਿਉਂ?” ਮੈਂ ਮਹਿਸੂਸ ਕੀਤਾ ਕਿ ਉਹ ਮੁੜ ਨਸ਼ੇ ਨਾਲ ਲੜ ਰਿਹਾ ਹੈ। ਅੱਖਾਂ ਕੁਝ ਹੋਰ ਉਬਲ ਆਈਆਂ ਸਨ ਅਤੇ ਰੇਸ਼ੇ ਸੁਰਖ ਧਾਰੀਆਂ ਵਿਚ ਤਬਦੀਲ ਹੋ ਗਏ ਸਨ।
“ਬੁੱਢਾ ਸੋਚਦਾ ਹੈ ਕਿ…ਅਸੀਂ ਬੇਵਕੂਫ ਤੇ ਅੱਯਾਸ਼ ਹਾਂ…ਸ਼ਰਾਬ ਅਤੇ ਜੂਏ ਵਿਚ ਗਵਾ ਦਿਆਂਗੇ ਜਾਇਦਾਦ ਨੂੰ…।” ਮੈਂ ਕੁੜੱਤਣ ਨਾਲ ਬੋਲਿਆ…“ਪੈਸਾ ਕਮਾਉਣਾ…ਬਚਾਉਣਾ ਤੇ ਵਧਾਉਣਾ…ਪੁਰਖੇ ਵੀ ਇਹੀ ਕਰਦੇ ਰਹੇ…ਨਾ ਆਪ ਖਾਇਆ-ਪਾਇਆ…ਨਾ ਬੱਚਿਆਂ ਨੂੰ ਖਾਣ-ਪਾਣ ਦਿੱਤਾ…ਬਾਕੀ ਦੋਹੇਂ ਭਰਾ ਤਾਂ ਸੰਤੋਖੀ ਨਿਕਲੇ…ਲੱਤ ਮਾਰ ਕੇ ਚਲੇ ਗਏ ਸਾਲੀ ਪ੍ਰਾਪਰਟੀ ਨੂੰ…ਪਰ ਮੈਂ…ਮੈਂ ਇਸ ਹਰਾਮਜਾਦੇ ਦੇ ਮਰਨ ਦੀ ਉਡੀਕ ਕਰ ਰਿਹੈਂ…”
“ਤੂੰ…ਅ…ਅ!” ਮੇਰੀ ਕੁਟਿਲਤਾ ਤੇ ਉਹ ਇਕਦਮ ਆਪੇ ਤੋਂ ਬਾਹਰ ਹੋ ਗਿਆ, “ਪਿਓ ਨੂੰ ਗਾਲ੍ਹਾਂ ਕੱਢਦੈਂ…ਕੁੱਤੇ!…ਲਾਹਨਤ ਹੈ…ਲਾਹਨਤ ਹੈ ਤੇਰੇ ਜਿਹੀ ਨਿਕੰਮੀ ਔਲਾਦ ਦੇ…।”
ਗੁੱਸੇ ਨਾਲ ਉਹ ਮੇਰੇ ਵੱਲ ਝਪਟਿਆ। ਮੈਂ ਵੀ ਭਲਾ ਕਿਉਂ ਚੁੱਪ ਬੈਠਦਾ। ਫੁਰਤੀ ਨਾਲ ਉਸਨੂੰ ਹੇਠਾਂ ਡੇਗ ਕੇ ਉਸਦੀ ਛਾਤੀ ਉੱਤੇ ਚੜ੍ਹ ਬੈਠਾ ਤੇ ਇਕ, ਦੋ, ਤਿੰਨ…ਤੜਾਤੜ ਪਤਾ ਨਹੀਂ ਕਿੰਨੇ ਮੁੱਕੇ ਮੈਂ  ਉਸਦੇ ਮੂੰਹ ਉੱਤੇ ਜੜ ਦਿੱਤੇ। ਇਸ ਮਾਰਧਾੜ ਵਿਚ ਮੇਜ ਉੱਤੇ ਪਏ  ਬੋਤਲ, ਗਿਲਾਸ, ਪਲੇਟ ਸਭ ਹੇਠਾਂ ਡਿੱਗ ਕੇ ਟੁੱਟ-ਭੱਜ ਗਏ। ਨਸ਼ੇ ਨੂੰ ਨਾ ਝੱਲ ਸਕਣ ਕਰਕੇ ਆਖਰ ਮੈਂ ਬੇਹੋਸ਼ ਹੋ ਕੇ ਡਿੱਗ ਪਿਆ।
ਹੋਸ਼ ਆਇਆ ਤਾਂ ਆਪਣੇ ਆਪ ਨੂੰ ਬਿਸਤਰੇ ਵਿਚ ਪਾਇਆ। ਹੱਥਾਂ ਉੱਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਮੱਥੇ ਉੱਪਰ ਰੂੰ ਦੇ ਫੰਭੇ ਵਰਗਾ ਧੁੱਪ ਦਾ ਇਕ ਟੁਕੜਾ ਆ ਟਿਕਿਆ ਸੀ।
“ਹੁਣ ਕਿਵੇਂ ਹੋ?” ਅੱਖਾਂ ਖੋਲ੍ਹੀਆਂ ਤਾਂ ਸਿਰਹਾਣੇ ਬੈਠਕੇ ਮੇਰੇ ਵਾਲਾਂ ਵਿਚ ਆਪਣੀਆਂ ਉਂਗਲਾਂ ਫੇਰ ਰਹੀ ਪਤਨੀ ਨੇ ਪੁੱਛਿਆ।
“ਇਹ ਪੱਟੀਆਂ…?” ਦੋਨੋਂ ਹੱਥ ਉੱਪਰ ਚੁੱਕ ਕੇ ਉਸਨੂੰ ਦਿਖਾਉਂਦੇ ਹੋਏ ਮੈਂ ਪੁੱਛਿਆ।
“ਇਸੇ ਲਈ ਪੀਣ ਤੋਂ ਰੋਕਦੀ ਹਾਂ ਮੈਂ।” ਉਹ ਬੋਲੀ, “ਡਰੈਸਿੰਗ ਟੇਬਲ ਤੇ ਉਸਦਾ ਸ਼ੀਸ਼ਾ ਤੋੜ ਦਿੱਤਾ, ਉਹ ਤਾਂ ਕੋਈ ਗੱਲ ਨਹੀਂ, ਪਰ ਗਾਲ੍ਹਾਂ ਦਾ ਇਹ ਹਾਲ ਕਿ ਬੱਚਿਆਂ ਨੂੰ ਬਾਹਰ ਭਜਾਉਣਾ ਪਿਆ…ਰਾਤੀਂ ਹੀ ਪੱਟੀ ਨਾ ਹੁੰਦੀ ਤਾਂ ਸਵੇਰ ਤੱਕ ਪਤਾ ਨਹੀਂ ਕਿੰਨਾਂ ਖੂਨ ਵਗ ਜਾਣਾ ਸੀ।”
ਮੈਨੂੰ ਰਾਤ ਦਾ ਦ੍ਰਿਸ਼ ਯਾਦ ਹੋ ਆਇਆ। ਅੱਖਾਂ ਅਜੇ ਤੱਕ ਬੋਝਲ ਸਨ।
“ਵਾਸ਼ ਬੇਸਨ ਤੇ ਲਿਜਾ ਕੇ ਮੇਰਾ ਮੂੰਹ ਤੇ ਅੱਖਾਂ ਸਾਫ ਕਰਦੇ।” ਬਿਸਤਰ ਤੋਂ ਉਠਦਿਆਂ ਮੈਂ ਪਤਨੀ ਨੂੰ ਕਿਹਾ।
                                                 -0-

Friday, May 8, 2015

ਹਿੰਦੀ/ ਲਗਾਉ




ਬਲਰਾਮ ਅਗਰਵਾਲ
ਮਾਤਾ ਜੀ ਹੁੰਦਿਆਂ ਦੂਜਾ ਕੋਈ ਵੀ ਪਿਤਾ ਜੀ ਦੇ ਕਮਰੇ ਦੀ ਸਾਫ-ਸਫਾਈ ਨਹੀਂ ਕਰਦਾ ਸੀ। ਉਹਨਾਂ ਦੀ ਕਿਸ ਚੀਜ ਨੂੰ ਕਿੱਥੇ ਰੱਖਣਾ ਹੈ, ਉਹੀ ਜਾਣਦੀ ਸੀ। ਜਦੋਂ ਦੇ ਮਾਤਾ ਜੀ ਦਾ ਸਵਰਗਵਾਸ ਹੋਏ ਹਨ, ਰਮਾ ਹੀ ਉਹਨਾਂ ਦਾ ਕਮਰਾ ਬੁਹਾਰਦੀ ਹੈ।
ਇੱਧਰ ਇੱਕ ਗੱਲ ਨੇ ਰਮਾ ਦਾ ਧਿਆਨ ਆਪਣੇ ਵੱਲ ਆਕਰਸ਼ਤ ਕੀਤਾ ਹੋਇਆ ਹੈ। ਮਾਤਾ ਜੀ ਦਾ ਇੱਕ ਪਾਸੇ ਰੱਖ ਦਿੱਤਾ ਗਿਆ ਢਿੱਲਾ ਜਿਹਾ ਪੁਰਾਣਾ ਮਸਨਦ (ਗੋਲ ਸਿਰਹਾਣਾ) ਸਟੋਰ ਵਿੱਚੋਂ ਕੱਢ ਕੇ ਪਿਤਾ ਜੀ ਨੇ ਆਪਣੇ ਪਲੰਘ ਉੱਤੇ ਕੰਧ ਦੇ ਸਹਾਰੇ ਰੱਖ ਲਿਆ ਹੈ। ਆਪਣੇ ਕਮਰੇ ਵਿੱਚ ਹੁਣ ਉਹ ਕੁਰਸੀ ਉੱਤੇ ਘੱਟ, ਪਲੰਘ ਉੱਤੇ ਮਸਨਦ ਨਾਲ ਪਿੱਠ ਟਿਕਾ ਕੇ ਬੈਠੇ ਜ਼ਿਆਦਾ ਨਜ਼ਰ ਆਉਂਦੇ ਹਨ।
“ਪਿੱਠ ’ਚ ਦਰਦ ਐ ਤਾਂ ਤੁਹਾਡੇ ਲਈ ਮੂਵ ਮੰਗਵਾ ਦਿਆਂ ਬਾਊ ਜੀ?” ਰਮਾ ਨੇ ਮੌਕਾ ਪਾ ਕੇ ਇੱਕ ਸ਼ਾਮ ਉਹਨਾਂ ਨੂੰ ਪੁੱਛਿਆ।
“ਓ ਨਹੀਂ,” ਉਹ ਬੋਲੇ, “ਦਰਦ-ਦੁਰਦ ਕੁਝ ਨਹੀਂ…ਇਹ ਤਾਂ ਮੈਂ ਉਂਝ ਈ ਚੁੱਕ ਲਿਆਇਆ ਸਟੋਰ ’ਚੋਂ।”
“ਇਹਨਾਂ ਨੂੰ ਕਹਿਕੇ ਨਵਾਂ ਮਸਨਦ ਮੰਗਵਾ ਦਿਆਂ ਬਜ਼ਾਰੋਂ? ਉਹ ਜ਼ਿਆਦਾ ਅਰਾਮਦੇਹ ਰਹੂਗਾ।” ਉਸਨੇ ਮੁੜ ਪੁੱਛਿਆ।
“ਨਹੀਂ ਬਹੂ,” ਉਹ ਇਸ ਵਾਰ ਸਿੱਧੇ ਬੈਠਦੇ ਹੋਏ ਬੋਲੇ, “ਕਿਹਾ ਨਾ, ਚੰਗਾ-ਭਲਾ ਹਾਂ।”
ਉਸਤੋਂ ਬਾਦ ਰਮਾ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਹਾਂ, ਉਹਨੇ ਪਤੀ ਨੂੰ ਫੋਨ ਕਰਕੇ ‘ਮੂਵ’ ਦੀ ਇੱਕ ਛੋਟੀ ਟਿਊਬ ਲਿਆਉਣ ਲਈ ਜ਼ਰੂਰ ਕਹਿ ਦਿੱਤਾ।
ਰਵੀ ਟਿਊਬ ਲੈ ਆਇਆ।
“ਕਿਸ ਲਈ ਚਾਹੀਦੀ ਸੀ?” ਟਿਊਬ ਪਤਨੀ ਦੇ ਹੱਥ ਵਿੱਚ ਫੜਾਉਂਦੇ ਹੋਏ ਰਵੀ ਨੇ ਪੁੱਛਿਆ।
“ਬਾਊ ਜੀ ਦੀ ਕਮਰ ਵਿੱਚ ਦਰਦ ਹੈ ਸ਼ਾਇਦ।” ਉਹ ਬੋਲੀ, “ਉਹਨਾਂ ਦੀ ਮੇਜ ਉੱਤੇ ਰੱਖ ਆਉਂਦੀ ਹਾਂ। ਲੋੜ ਹੋਈ ਤਾਂ ਲਾ ਲੈਣਗੇ।” ਇੰਨਾ ਕਹਿ ਕੇ ਉਹ ਬਾਊ ਜੀ ਦੇ ਕਮਰੇ ਵੱਲ ਚਲੀ ਗਈ।
ਕਮਰੇ ਵਿੱਚ ਕਦਮ ਰੱਖਦੇ ਹੀ, ਬਾਹਰੋਂ ਆ ਰਹੀ ਹਲਕੀ ਰੋਸ਼ਨੀ ਵਿੱਚ ਉਸਨੇ ਦੇਖਿਆ, ਸਿਰਹਾਣੇ ਨਾਲ ਪਿੱਠ ਲਾਈ ਬਾਊ ਜੀ ਪਲੰਘ ਉੱਤੇ ਬੈਠੇ ਹਨ। ਮਸਨਦ ਉਹਨਾਂ ਦੀ ਗੋਦ ਵਿੱਚ ਹੈ। ਉਹਨਾਂ ਦੀਆਂ ਅੱਖਾਂ ਮੂੰਦੀਆਂ ਹੋਈਆਂ ਹਨ ਤੇ ਉਹਨਾਂ ਵਿੱਚੋਂ ਹੰਝੂਆਂ ਦੀ ਧਾਰ ਵਹਿ ਰਹੀ ਹੈ।
                                       -0-

Monday, October 20, 2014

ਹਿੰਦੀ/ਕੌਮ ਦੇ ਗੱਦਾਰ



ਬਲਰਾਮ ਅਗਰਵਾਲ (ਡਾ.)

ਕਰਫਿਊ ਨੂੰ ਅੱਜ ਦਸਵਾਂ ਦਿਨ ਸੀ।
ਇਸ ਦੌਰਾਨ ਦੁਕਾਨਾਂ ਤਾਂ ਕੀ, ਲੋਕ ਮਕਾਨਾਂ ਦੀਆਂ ਖਿੜਕੀਆਂ ਤਕ ਖੋਲ੍ਹਣ ਤੋਂ ਕਤਰਾਉਣ ਲੱਗੇ ਸਨ। ਅਫਵਾਹ ਸੀ ਕਿ ਰਿਜਰਵ ਪੁਲਿਸ ਦੇ ਆਦਮੀ ਖਿੜਕੀ ਦੀ ਦਰਾਰ ਵਿੱਚੋਂ ਵੀ ਗੋਲੀ ਮਾਰ ਦਿੰਦੇ ਹਨ।
ਬੱਚੇ ਤੇ ਬੁੱਢੇ ਤਾਂ ਦਰਕਿਨਾਰ, ਕੁੱਤੇ ਤੇ ਚੂਹੇ ਤਕ ਬਦਹਵਾਸ ਹੋ ਚੱਲੇ ਸਨ। ਨਾ ਕੁੱਤੇ ਦੇ ਝਪਟਣ ਵਿਚ ਤੇਜ਼ੀ ਰਹੀ ਸੀ, ਨਾ ਚੂਹੇ ਦੇ ਬਚ ਕੇ ਭੱਜ ਨਿਕਲਣ ਵਿਚ।
ਇਸ ਦੇ ਬਾਵਜੂਦ ਕੁਝ ਲੋਕ ਸਨ ਕਿ ਲੁਕ-ਛਿਪ ਕੇ ਹਮਲਿਆਂ ਦੀਆਂ ਯੋਜਨਾਵਾਂ ਵਿਚ ਮਸ਼ਗੂਲ ਰਹਿੰਦੇ। ਚਬੂਤਰਾ ਹੋਵੇ ਜਾਂ ਚੌਪਾਲ, ਉਹ ਕਿਸੇ ਨਾ ਕਿਸੇ ਬਹਾਨੇ ਆਪਣੇ ਚਾਰੇ ਪਾਸੇ ਗਰਮੀ ਬਣਾਈ ਰੱਖਦੇ।
“ਸੁਣੋ, ਅਗਲਾ ਹਮਲਾ ਭੰਗੀਵਾੜੇ ਦੀ ਗਲੀ ਨੰਬਰ ਚਾਰ ’ਚ ਹੋਵੇਗਾ।”
“ਮਰਵਾਉਣਾ ਐ ਕੀ? ਮੈਂ ਸੁਣਿਐ ਉਸ ਗਲੀ ’ਚ ਲੋਕਾਂ ਕੋਲ ਬਹੁਤ ਅਸਲਾ ਐ।”
“ਕੋਈ ਨਹੀਂ ਮਰੂਗਾ। ਹਮਲਾ ਦੁਪਹਿਰ ਬਾਦ ਕੀਤਾ ਜਾਵੇਗਾ। ਰਿਪੋਟ ਇਹ ਹੈ ਕਿ ਉਸ ਗਲੀ ਦੇ ਸਾਰੇ ਮਰਦ ਹਨੇਰੇ ਈ ਪਿਛਲੇ ਰਸਤੇ ਨਿਕਲ ਜਾਂਦੇ ਹਨ। ਸ਼ਹਿਰ ਦੇ ਦੂਜੇ ਇਲਾਕਿਆਂ ’ਚ ਦਿਹਾੜੀ-ਮਜ਼ਦੂਰੀ ਕਰਨ ਬਾਦ ਰਾਤ ਤਕ ਇਕ ਇਕ ਕਰ ਮੁੜਦੇ ਹਨ।”
“ਮੈਂ ਇਹ ਹਮਲਾ ਨਹੀਂ ਹੋਣ ਦੇਣੈ।” ਅਚਾਨਕ ਇਕ ਆਵਾਜ਼ ਹਵਾ ਵਿਚ ਗੂੰਜੀ।
ਸਾਰਿਆਂ ਦੀਆਂ ਨਿਗਾਹਾਂ ਉਸ ਹਮਲਾ ਵਿਰੋਧੀ ਵੱਲ ਘੁੰਮ ਗਈਆਂ। ਇਹ ਮਕਬੂਲ ਸੀ, ਭੰਗਾਵਾੜੇ ਦੀ ਗਲੀ ਨੰਬਰ ਚਾਰ ਵਿਚ ਰਹਿਣ ਵਾਲਾ ਇਕੱਲਾ ਮੁਸਲਮਾਨ।
“ਮਕਬੂਲ…ਕੁਝ ਸਮਝ ਸਕਬੂਲ। ਸਾਡੇ ਮੁਸਲਮਾਨਾਂ ਦੀ ਜਾਨ ਤੇ ਦੀਨ-ਈਮਾਨ ਖ਼ਤਰੇ ’ਚ ਐ।”
“ਹਾਂ, ਕਿਉਂਕਿ ਤੁਸੀਂ ਮੁਸਲਮਾਨਾਂ ’ਚ ਘਿਰੇ ਓ।” ਮਕਬੂਲ ਚੀਕਿਆ, “ਮੈਂ ਉੱਥੇ ਮਹਿਫ਼ੂਜ ਆਂ। ਉੱਥੇ ਨਾ ਮੇਰੀ ਜਾਨ ਨੂੰ ਖ਼ਤਰਾ ਐ, ਨਾ ਦੀਨ-ਈਮਾਨ ਨੂੰ। ਗੱਲਾਂ-ਗੱਲਾਂ ’ਚ ਉਸ ਗਲੀ ਦੇ ਮਰਦਾਂ ਬਾਰੇ ਜੋ ਦੱਸ ਦਿੱਤਾ, ਉਸ ਨੂੰ ਭੁੱਲ ਜਾਓ ਭਰਾ।” ਹੱਥ ਜੋੜ ਕੇ ਉਹ ਜਮਾ ਭੀੜ ਅੱਗੇ ਗਿੜਗਿੜਾਇਆ, “ਖੁਦਾ ਲਈ ਮੈਨੂੰ ਤੇ ਮੇਰੀ ਕੌਮ ਨੂੰ ਗੱਦਾਰ ਨਾ ਬਣਾਓ।”
“ਹਮਲਾ ਤਾਂ ਹੋਊਗਾ। ਮਕਬੂਲ, ਖੁਦਾ ਦੀ ਮਰਜ਼ੀ ਅਜਿਹੀ ਨਾ ਹੁੰਦੀ ਤਾਂ…ਕਰਫਿਊ ’ਚ ਵੀ ਤੂੰ ਉਸ ਗਲੀ ਤੋਂ ਇਸ ਗਲੀ ’ਚ ਕਿਵੇਂ ਆਉਂਦਾ?”
“ਮੈਂ ਸ਼ੋਰ ਮਚਾ ਦੂੰਗਾ…ਫੋਰਸ ਨੂੰ ਦੱਸ ਦੂੰਗਾ ਮੈਂ…।” ਮਕਬੂਲ ਚਿੰਘਾੜਿਆ।
“ਤੂੰ ਸ਼ੋਰ ਮਚਾਏਂਗਾ, ਫੋਰਸ ਬੁਲਾਏਂਗਾ…ਹੈ ਨਾ?” ਇਸ ਵਾਰ ਇਕ ਨੌਜਵਾਨ ਅੱਗੇ ਆਇਆ, “ਕੌਮ ਦੇ ਗੱਦਾਰ, ਸਾਲੇ ਕਮੀਨੇ ਕੁੱਤੇ।” ਤੇ ਉਸਨੇ ਕੱਸ ਕੇ ਇਕ ਥੱਪੜ ਉਹਦੀ ਕਨਪਟੀ ਉੱਤੇ ਜੜ ਦਿੱਤਾ।
“ਮਾਰੋ ਸਾਲੇ ਨੂੰ।”
“ਮਾਰੋ।”
“ਮਾਰੋ।”
“ਇਹ ਤਾਂ ਮਰ ਗਿਆ ਮੀਰ ਸਾਬ੍ਹ!” ਮਕਬੂਲ ਦੀ ਲਾਸ਼ ਨੂੰ ਪੈਰ ਦੇ ਪੰਜੇ ਨਾਲ ਸਿੱਧਾ ਕਰਦੇ ਹੋਏ ਨੌਜਵਾਨ ਬੋਲਿਆ “ਸਾਲਾ ਕਿੰਨਾ ਚੀਕਿਆ ਤੇ ਕਦੋਂ ਇਸਦਾ ਦਮ ਨਿਕਲ ਗਿਆ, ਮਾਰਕੁਟਾਈ ’ਚ, ਪਤਾ ਈ ਨਹੀਂ ਲੱਗਾ।”
“ਹਮਲੇ ਦੇ ਵਕਤ ਛੁਰਾ ਘੋਂਪ ਕੇ ਇਸ ਨੂੰ ਉੱਥੇ ਸੁੱਟ ਆਉਣਾ।” ਮੀਰ ਸਾਹਬ ਬੋਲੇ, “ਤਫਤੀਸ਼ ਹੋਊਗੀ ਤਾਂ ਕਹਿ ਦਿਆਂਗੇ…ਭੰਗੀਆਂ ਨੇ ਮਕਬੂਲ ਨੂੰ ਮਾਰ ਦਿੱਤਾ। ਇਸ ਖਬਰ ਨਾਲ ਨੌਜਵਾਨ ਭੜਕ ਗਏ ਤੇ ਹੋਸ਼ ਗੁਆ ਬੈਠੇ।…ਹੁਣ ਜਾਓ।”
                                        -0-