Showing posts with label ਅਨਿਲ ਸ਼ੂਰ ਆਜ਼ਾਦ. Show all posts
Showing posts with label ਅਨਿਲ ਸ਼ੂਰ ਆਜ਼ਾਦ. Show all posts

Tuesday, October 29, 2013

ਹਿੰਦੀ / ਦਸ ਰੁਪਏ



ਅਨਿਲ ਸ਼ੂਰ ਆਜ਼ਾਦ

ਮੈਟ੍ਰਿਕ ਦੀ ਪ੍ਰੀਖਿਆ ਦਾ ਵਿਗਿਆਨ ਦਾ ਕੱਲ੍ਹ ਨੂੰ ਪ੍ਰੈਕਟੀਕਲ ਹੋਣਾ ਹੈ। ਪ੍ਰੀਖਿਅਕ ਅੱਜ ਸ਼ਾਮ ਤੱਕ ਸਕੂਲ ਪਹੁੰਚਣ ਨਾਲੇ ਸਨ। ਉਹਨਾਂ ਦੇ ਠਹਿਰਣ ਅਤੇ ਖਾਣ-ਪੀਣ ਆਦਿ ਦੇ ਇੰਤਜਾਮ ਲਈ ਵਿਦਿਆਰਥੀਆਂ ਤੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ। ਤਦੇ ਮਨੀਟਰ ਨੇ ਆ ਕੇ ਦੱਸਿਆ ਕਿ ਅਬਦੁਲ ਪੈਸੇ ਨਹੀਂ ਦੇ ਰਿਹਾ।
“ਪ੍ਰੀਖਿਅਕ ਦੇ ਰਹਿਣ-ਠਹਿਰਣ ਦਾ ਖਰਚ ਸਰਕਾਰ ਦੰਦੀ ਹੈ। ਮੇਰੇ ਅੱਬਾ ਕਹਿੰਦੇ ਹਨ ਕਿ ਅਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ।” ਅਧਿਆਪਕ ਦੇ ਪੁੱਛਣ ਤੇ ਅਬਦੁਲ ਨੇ ਸਾਫ ਨਾਂਹ ਕਰ ਦਿੱਤੀ।
ਇੰਨਾ ਸੁਣਦੇ ਹੀ ਅਧਿਆਪਕ ਤਿਲਮਿਲਾ ਗਏ। ਮੁਫ਼ਤ ਵਿਚ ਮਿਲਣ ਵਾਲੇ ਸਮੋਸੇ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਉਹਨਾਂ ਨੂੰ ਹੱਥੋਂ ਨਿਕਲਦੇ  ਲੱਗੇ। ਉਹਨਾਂ ਨੇ ਡਰਾਵਾ ਦਿੱਤਾ, “ਮੂਰਖਾ! ਪ੍ਰੀਖਿਅਕ ਖੁਸ਼ ਹੋਏ ਤਾਂ ਸਾਰਿਆਂ ਨੂੰ ਬਹੁਤ ਚੰਗੇ ਨੰਬਰ ਦੇਣਗੇ। ਇਸ ਨਾਲ ਤੁਹਾਡੇ ਸਾਰਿਆਂ ਦਾ ਭਵਿੱਖ ਰੋਸ਼ਨ ਹੋ ਜਾਵੇਗਾ। ਪਰ ਜੇਕਰ ਉਹ ਨਰਾਜ਼ ਹੋ ਗਏ ਤਾਂ ਸਭ ਨੂੰ ਫੇਲ ਕਰ ਦੇਣਗੇ।”
ਅਧਿਆਪਕ ਦਾ ਤੀਰ ਨਿਸ਼ਾਨੇ ਉੱਤੇ ਲੱਗਾ। ਅਬਦੁਲ ਨੂੰ ਪਤਾ ਸੀ ਕਿ ਸਾਰੇ ਸਾਲ ਲਬਾਰਟਰੀ ਉੱਤੇ ਕਬਜ਼ਾ ਕਰੀ ਰੱਖਣ ਤੇ ਸੈਂਕੜੇ ਰੁਪਏ ਕਮੀਸ਼ਨ ਦੇ ਖਾ ਜਾਣ ਦੇ ਬਾਵਜੂਦ, ਮਾਸਟਰ ਜੀ ਨੇ ਇਕ ਵੀ ਪ੍ਰਯੋਗ ਨਹੀਂ ਕਰਵਾਇਆ ਸੀ। ਜੇਕਰ ਪ੍ਰੀਖਿਅਕ ਨਰਾਜ਼ ਹੋ ਗਏ ਤੇ ਉਹਨਾਂ ਨੂੰ ਔਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਇਕ ਵੀ ਵਿਦਿਆਰਥੀ ਦਾ ਪਾਸ ਹੋਣਾ ਮੁਸ਼ਕਲ ਹੈ।
ਗਰੀਬ ਪਿਤਾ ਦੇ ਹੁਸ਼ਿਆਰ ਪੁੱਤਰ ਅਬਦੁਲ ਨੇ ਬੁਝੇ ਮਨ ਨਾਲ ਦਸ ਰੁਪਏ ਦੀ ਰੇਜ਼ਗਾਰੀ–ਰੁਪਏ, ਧੇਲੀਆਂ ਤੇ ਚੁਆਨੀਆਂ ਆਪਣੀ ਟਾਕੀਆਂ ਲੱਗੀ ਪੈਂਟ ਦੀ ਜੇਬ ਵਿਚੋਂ ਕੱਢ ਕੇ ਅਧਿਆਪਕ ਅੱਗੇ ਮੇਜ ਉੱਤੇ ਰੱਖ ਦਿੱਤੀ।
ਇਹ ਰੇਜ਼ਗਾਰੀ ਉਹ ਆਪਣੀ ਵਰ੍ਹਿਆਂ ਪੁਰਾਣੀ ਗੁੱਲਕ ਤੋੜ ਕੇ ਲਿਆਇਆ ਸੀ। ਇਸਦੇ ਨਾਲ ਹੀ ਉਹਦੀ ਬੇਬਸੀ ਅੱਖਾਂ ਵਿਚ ਮੋਤੀ ਬਣਕੇ ਉਭਰ ਆਈ।
                                          -0-

Monday, December 21, 2009

ਹਿੰਦੀ / ਕਲੰਕ/ ਅਨਿਲ ਸ਼ੂਰ ਆਜ਼ਾਦ

“ਮੇ ਆਈ ਕਮ ਇਨ, ਸਰ!”
ਮਾਥੁਰ ਸਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ।
“ਸਰ, ਉਹ ਅਟੈਂਡੈਂਸ…!” ਹਕਲਾਉਂਦੇ ਹੋਏ ਅਜੈ ਨੇ ਬੇਨਤੀ ਕੀਤੀ।
“ਵ੍ਹਾਟ ਨਾਨਸੈਂਸ!…ਸਾਰਾ ਸਾਲ ਮਟਰਗਸ਼ਤੀ ਕਰਦੇ ਓ, ਹੁਣ ਉਹਦੀ ਸਜ਼ਾ ਵੀ ਭੁਗਤੋ।”
ਸਰ ਦੇ ਵਿਗੜੇ ਤੇਵਰ ਦੇਖ ਕੇ ਅਜੈ ਵਾਪਸ ਚਲਾ ਗਿਆ।
ਥੋੜੀ ਦੇਰ ਬਾਦ ਉਹ ਫਿਰ ਆਇਆ, “ ਮੇ ਆਈ ਕਮ ਇਨ, ਸਰ!”
“ਤੂੰ ਫਿਰ ਆ ਗਿਆ…” ਉਹਨੂੰ ਦੇਖਦੇ ਹੀ ਪ੍ਰੋਫੈਸਰ ਮਾਥੁਰ ਫਿਰ ਭੜਕ ਪਏ।
“ਗੱਲ ਦਰਅਸਲ ਇਹ ਹੈ ਸਰ…ਮੈਂ ਤੁਹਾਡੇ ਕੋਲ ਟਿਊਸ਼ਨ…”
“ਹਾਂ-ਹਾਂ, ਕਿਉਂ ਨਹੀਂ ਬੇਟੇ, ਆ ਬੈਠ…” ਮਾਥੁਰ ਸਰ ਦੀ ਆਵਾਜ਼ ਵਿਚ ਮਿਸ਼ਰੀ ਘੁਲਣ ਲੱਗੀ ਸੀ।
“ਪਰ ਸਰ!…ਉਹ ਮੇਰੀ ਅਟੈਂਡੈਂਸ…” ਲੋਹਾ ਗਰਮ ਦੇਖ ਕੇ ਅਜੈ ਨੇ ਵਾਰ ਕੀਤਾ।
“ ਓ, ਡੋਂਟ ਵਰੀ ਮਾਈ ਬੁਆਏ…ਆਖਰ ਮੈਂ ਕਿਸ ਮਰਜ਼ ਦੀ ਦਵਾ ਹਾਂ। ਹੀਂ…ਹੀਂ…ਹੀਂ…।”
“ਵੈਰੀ ਵੈਰੀ ਥੈਂਕਯੂ ਸਰ!” ਇੰਜ ਸਰ ਪ੍ਰਤੀ ਧੰਨਵਾਦ ਪ੍ਰਗਟਾਉਂਦਾ ਹੋਇਆ ਅਮੀਰ ਬਾਪ ਦਾ ਵਿਗੜਿਆ ਮੁੰਡਾ ਅਜੈ, ਕਲਾਸ ਤੋਂ ਬਾਹਰ ਨਿਕਲ ਗਿਆ।
-0-