Showing posts with label ਪ੍ਰਤਾਪ ਸਿੰਘ ਸੋਢੀ. Show all posts
Showing posts with label ਪ੍ਰਤਾਪ ਸਿੰਘ ਸੋਢੀ. Show all posts

Tuesday, November 20, 2012

ਹਿੰਦੀ / ਖੁਸ਼ਕ ਹੋਠ



ਪ੍ਰਤਾਪ ਸਿੰਘ ਸੋਢੀ
ਕਈ ਵਾਰ ਸਮਝਾਉਣ ਤੋਂ ਬਾਦ ਵੀ ਪਿੰਟੂ ਨੇ ਆਈਸਕ੍ਰੀਮ ਲੈਣ ਦੀ ਆਪਣੀ ਜਿੱਦ ਨਹੀਂ ਛੱਡੀ। ਤਦ ਉਹਦੇ ਪਿਤਾ ਨੇ ਉਹਦੀ ਗੱਲ੍ਹ ਉੱਤੇ ਇਕ ਥੱਪੜ ਰਸੀਦ ਕਰਦੇ ਹੋਏ ਝਿੜਕਿਆ, “ਪੈਸੇ ਕੀ ਦਰੱਖਤ ’ਤੇ ਲਗਦੇ ਐ। ਜੋ ਚੀਜ਼ ਦੇਖਦੈਂ, ਉਹੀ ਮੰਗ ਲੈਨੈਂ।”
ਪਿੰਟੂ ਸੁਬਕਣ ਲੱਗਾ। ਤਦ ਹੀ ਉੱਥੇ ਇਕ ਕਾਰ ਆ ਕੇ ਰੁਕੀ। ਕਾਰ ਦੀ ਖਿੜਕੀ ਵਿੱਚੋਂ ਝਾਕਦੇ ਹੋਏ ਸਾਹਬ ਨੇ ਪੁਛਿਆ, “ਬੱਚਾ ਰੋ ਕਿਉਂ ਰਿਹੈ, ਦੇਸਰਾਜ?”
ਸਾਹਬ ਨੂੰ ਦੇਖ ਦੇਸਰਾਜ ਝੇਪ ਗਿਆ ਤੇ ਸੰਕੁਚਿਤ ਹੁੰਦਿਆਂ ਬੋਲਿਆ, “ਸਾਹਬ, ਜ਼ਰਾ ਪੈਦਲ ਚੱਲਣ ਨੂੰ ਕੀ ਕਹਿਤਾ, ਰੋਣ ਈ ਲੱਗ ਗਿਆ।”
ਸਾਹਬ ਨੇ ਪਿੰਟੂ ਨੇ ਇਸ਼ਾਰੇ ਨਾਲ ਕੋਲ ਬੁਲਾਉਂਦੇ ਹੋਏ ਕਿਹਾ, “ਆਜਾ ਬੇਟੇ, ਕਾਰ ’ਚ ਬਹਿਜਾ।”
ਪਿੰਟੂ ਆਪਣੀ ਜਗ੍ਹਾ ਉੱਤੇ ਖੜਾ ਰਿਹਾ। ਉੱਤਰ ਉਹਦੇ ਪਿਤਾ ਨੇ ਦਿੱਤਾ, “ ਥੋੜੀ ਦੇਰ ਰੋ ਕੇ ਆਪੇ ਚੁੱਪ ਕਰਜੂ ਸਾਬ!”
ਇਸੇ ਦੌਰਾਨ ਸਾਹਬ ਨਾਲ ਬੈਠੇ ਉਹਨਾਂ ਦੇ ਬੇਟੇ ਨੇ ਸਾਹਮਣੇ ਦੁਕਾਨ ਦੇਖ ਕੇ ਆਈਸਕ੍ਰੀਮ ਦੀ ਮੰਗ ਕੀਤੀ। ਸਾਹਬ ਕੁਝ ਬੋਲਦੇ, ਇਸ ਤੋਂ ਪਹਿਲਾਂ ਹੀ ਦੇਸਰਾਜ ਨੇ ਫੁਰਤੀ ਨਾਲ ਆਈਸਕ੍ਰੀਮ ਲਿਆ ਕੇ ਖੁਸ਼ੀ-ਖੁਸ਼ੀ ਮੁੰਡੇ ਨੂੰ ਦੇ ਦਿੱਤੀ। ਮੁੰਡੇ ਨੇ ਉਸਨੂੰ, “ਥੈਂਕਯੂ, ਅੰਕਲ!” ਕਿਹਾ ਤੇ ਮਜ਼ੇ ਨਾਲ ਆਈਸਕ੍ਰੀਮ ਖਾਣ ਲੱਗਾ। ਉਸਦੇ ਹੋਠ ਤਰ ਹੋ ਰਹੇ ਸਨ ਤੇ ਗਲੇ ਤੱਕ ਠੰਡਕ ਪਹੁੰਚ ਰਹੀ ਸੀ।
ਉੱਧਰ ਉਦਾਸ ਪਿੰਟੂ ਨੇ ਆਪਣੇ ਪਿਤਾ ਨੂੰ ਨਿਰਾਸ਼ ਅੱਖਾਂ ਨਾਲ ਘੂਰਿਆ। ਉਹਦੇ ਖੁਸ਼ਕ ਹੋਠ ਫਰਕ ਰਹੇ ਸਨ।
                                      -0-

Saturday, December 12, 2009

ਹਿੰਦੀ/ ਮੌਤ/ ਪ੍ਰਤਾਪ ਸਿੰਘ ਸੋਢੀ

ਮਈ ਮਹੀਨੇ ਦੀ ਚਿਲਚਿਲਾਉਂਦੀ ਗਰਮੀ ਵਿਚ ਸਫੈਦ ਚਾਦਰ ਓਢੀ ਫੁਟਪਾਥ ਉੱਤੇ ਲੇਟੇ ਹੋਏ ਮੰਸੇ ਨੂੰ ਇਕ ਘੰਟੇ ਤੋਂ ਵੱਧ ਹੋ ਗਿਆ ਸੀ। ਉਹਦੀ ਪਿੱਠ ਅੰਗਾਰਿਆਂ ਵਾਂਗ ਜਲ ਰਹੇ ਫੁਟਪਾਥ ਨਾਲ ਚਿਪਕ ਜਿਹੀ ਗਈ ਸੀ। ਉਹਦੇ ਸ਼ਰੀਰ ਉੱਪਰ ਥਾਂ ਥਾਂ ਤੇ ਛਾਲੇ ਹੋ ਗਏ ਸਨ। ਉਹਦਾ ਸਾਥੀ ਨਨਕੂ ਆਪਣੇ ਭਰਾ ਦੀ ਮੌਤ ਦੀ ਦੁਹਾਈ ਦਿੰਦੇ ਹੋਏ ਆਉਣ ਜਾਣ ਵਾਲਿਆਂ ਦੇ ਦਿਲਾਂ ਵਿਚ ਰਹਿਮ ਪੈਦਾ ਕਰ ਰਿਹਾ ਸੀ। ਰਾਹਗੀਰ ਸ਼ਰਧਾ ਨਾਲ ਸਫੈਦ ਚਾਦਰ ਉੱਤੇ ਸਿੱਕੇ ਸੁੱਟ ਜਾਂਦੇ ਸਨ।

ਚਾਦਰ ਨੂੰ ਇਕ ਪਾਸਿਓਂ ਥੋੜਾ ਜਿਹਾ ਹਟਾ ਕੇ, ਘੁਟੀ ਜਿਹੀ ਆਵਾਜ਼ ਵਿਚ ਮੰਸਾ ਗਿੜਗਿੜਾਇਆ, “ਹੁਣ ਹੋਰ ਸਹਿਣ ਨਹੀਂ ਹੁੰਦਾ। ਸਾਰਾ ਸ਼ਰੀਰ ਝੁਲਸ ਗਿਆ, ਦਮ ਘੁਟ ਰਿਹੈ। ਮੌਤ ਦਾ ਨਾਟਕ ਕਰਦਾ-ਕਰਦਾ ਮੈਂ ਸਚਮੁਚ ਮਰ ਜੂੰਗਾ। ਮੈਂ ਏਨੀ ਛੋਟੀ ਉਮਰ ’ਚ ਮਰਨਾ ਨਹੀਂ ਚਾਹੁੰਦਾ।”

ਨਨਕੂ ਬੋਲਿਆ, “ਓਏ, ਚੁਪਚਾਪ ਪਿਆ ਰਹਿ, ਜੇ ਕਿਸੇ ਨੇ ਵੇਖ ਲਿਆ ਤਾਂ ਸਾਡੇ ਦੋਨਾਂ ਦੀਆਂ ਕਬਰਾਂ ਇਸ ਫੁਟਪਾਥ ਤੇ ਈ ਬਣ ਜਾਣਗੀਆਂ। ਬਸ ਥੋੜੀ ਦੇਰ ਹੋਰ ਸਹਿਣ ਕਰ ਲੈ, ਥੋੜੇ ਪੈਸੇ ਹੋਰ ਜਮਾਂ ਹੋ ਜਾਣ।”

ਅਚਾਨਕ ਮੰਸੇ ਨੇ ਇਕ ਝਟਕੇ ਨਾਲ ਚਾਦਰ ਲਾਹ ਸੁੱਟੀ। ਚਾਦਰ ਉੱਤੇ ਪਏ ਸਿੱਕੇ ਖਣਖਣਾਉਂਦੇ ਹੋਏ ਫੁਟਪਾਥ ਦੇ ਆਸਪਾਸ ਖਿੱਲਰ ਗਏ। ਨਨਕੂ ਕੁਝ ਕਹੇ, ਇਸ ਤੋਂ ਪਹਿਲਾਂ ਹੀ ਮੰਸਾ ਭੱਜ ਖੜਾ ਹੋਇਆ।

ਭੈਭੀਤ ਨਨਕੂ ਮੰਸੇ ਨੂੰ ਵੇਖਦਾ ਰਹਿ ਗਿਆ। ਫਿਰ ਉਹਨੇ ਵੀ ਫੁਰਤੀ ਨਾਲ ਚਾਦਰ ਚੁੱਕੀ ਤੇ ਭੀੜ ਵਿਚ ਗੁਆਚ ਗਿਆ।

ਸੜਕ ਉੱਤੇ ਸਿੱਕੇ ਹੀ ਸਿੱਕੇ ਖਿਲਰੇ ਪਏ ਸਨ।

-0-