Saturday, September 6, 2014

ਹਿੰਦੀ / ਸਿੱਖਿਆ



ਭਗੀਰਥ
ਅਧਿਆਪਕ ਨੇ ਅੰਗਰੇਜ਼ੀ ਦਾ ਨਵਾਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਤੋਂ ਪੁੱਛਿਆ, “ਹੋਮਵਰਕ ਕਰ ਲਿਆ?”
ਚਾਲੀਆਂ ਵਿੱਚੋਂ ਦਸ ਬੱਚਿਆਂ ਨੇ ਕਿਹਾ, “ਹਾਂ ਸਰ, ਕਰ ਲਿਆ।”
ਬਾਕੀ ਸਾਰੇ ਬੱਚੇ ਚੁੱਪ ਰਹੇ। ਅਧਿਆਪਕ ਨੇ ਉਹਨਾਂ ਸਾਰੇ ਬੱਚਿਆ ਨੂੰ ਖੜੇ ਹੋਣ ਦਾ ਆਦੇਸ਼ ਦਿੱਤਾ ਜਿਹੜੇ ਹੋਮਵਰਕ ਕਰਕੇ ਨਹੀਂ ਆਏ ਸਨ। ਹੁਣ ਉਹ ਇੰਜ ਸਵਾਲ ਪੁੱਛਣ ਲੱਗਾ ਜਿਵੇਂ ਥਾਣੇਦਾਰ ਕਿਸੇ ਅਪਰਾਧੀ ਤੋਂ ਪੁੱਛਦਾ ਹੈ।
“ਹੋਮਵਰਕ ਕਿਉਂ ਨਹੀਂ ਕੀਤਾ?” ਅਧਿਆਪਕ ਨੇ ਇਕ ਤੋਂ ਕੜਕ ਕੇ ਪੁੱਛਿਆ।
ਵਿਦਿਆਰਥੀ ਚੁੱਪ। ਦੂਜੇ ਸਾਰੇ ਬੱਚੇ ਵੀ ਸਹਿਮ ਗਏ।
“ਮੈਂ ਪੁੱਛਦਾ ਹਾਂ, ਹੋਮਵਰਕ ਕਿਉਂ ਨਹੀਂ ਕੀਤਾ?”
ਉਹ ਫਿਰ ਚੁੱਪ।
“ਓਏ ਢੀਠਾ, ਬੋਲਦਾ ਕਿਉਂ ਨਹੀਂ? ਕੀ ਜਬਾਨ ਵੱਢੀ ਗਈ? ਉਂਜ ਕਲਾਸ ਨੂੰ ਤਾਂ ਸਿਰ ’ਤੇ ਚੱਕੀ ਰੱਖਣਗੇ, ਪਰ ਪੜ੍ਹਾਈ-ਲਿਖਾਈ ਦੀ ਗੱਲ ਆਉਂਦੇ ਹੀ ਇਨ੍ਹਾਂ ਦੀ ਨਾਨੀ ਮਰ ਜਾਂਦੀ ਐ। ਬੋਲ, ਹੋਮਵਰਕ ਕਿਉਂ ਨਹੀ ਕੀਤਾ?”
“ਸਰ, ਭੁੱਲ ਗਿਆ!” ਸੁਰੇਸ਼ ਨੇ ਡਰਦੇ-ਡਰਦੇ ਕਿਹਾ।
“ਵਾਹ! ਭੁੱਲ ਗਿਆ। ਸਾਹਬਜਾਦੇ ਭੁੱਲ ਗਏ। ਰੋਟੀ ਖਾਣੀ ਕਿਉਂ ਨਹੀਂ ਭੁੱਲਿਆ? ਕਪੜੇ ਪਾਉਣੇ ਕਿਉਂ ਨਹੀਂ ਭੁੱਲਿਆ? ਦੱਸ!” ਅਧਿਆਪਕ ਨੇ ਉਹਦਾ ਮਖੌਲ ਉਡਾਉਂਦੇ ਹੋਏ ਕਿਹਾ।
ਮੁੰਡਾ ਸਿਰ ਝੁਕਾ ਕੇ ਖੜਾ ਰਿਹਾ, ਅਪਰਾਧ-ਬੋਧ ਨਾਲ ਗ੍ਰਸਤ। ਅਧਿਆਪਕ ਦੂਜੇ ਬੱਚੇ ਕੋਲ ਗਿਆ।
“ਓਏ ਕੁੰਦਨਾਂ, ਤੂੰ ਹੋਮਵਰਕ ਕਿਉਂ ਨਹੀਂ ਕੀਤਾ ਓਏ?”
“ਸਰ, ਮੈਥ ਦਾ ਕੰਮ ਬਹੁਤ ਸੀ। ਟਾਈਮ ਹੀ ਨਹੀਂ ਮਿਲਿਆ।”
“ਅੱਛਾ!…ਤਾਂ ਤੂੰ ਮੈਥ ਦਾ ਕੰਮ ਕਰਦਾ ਰਿਹਾ। ਇੰਗਲਿਸ਼ ਤੈਨੂੰ ਵੱਢਦੀ ਐ। ਇਹਦੇ ਲਈ ਤੇਰੇ ਕੋਲ ਟਾਈਮ ਹੀ ਨਹੀਂ। ਨਾ ਦਿਓ ਟਾਈਮ। ਇੰਗਲਿਸ਼ ਆਪਣਾ ਭੁਗਤਾਨ ਆਪ ਕਰਾ ਲੂ ਬੱਚੂ, ਸਮਝਿਆ।” ਅਧਿਆਪਕ ਨੇ ਧਮਕੀ ਦਿੱਤੀ।
ਅਧਿਆਪਕ ਤੀਜੇ ਬੱਚੇ ਵੱਲ ਹੋਇਆ।
“ਕਿਉਂ ਬਦ੍ਰੀ ਪ੍ਰਸਾਦ ਜੀ, ਤੁਸੀਂ ਕੰਮ ਕਿਉਂ ਨਹੀਂ ਕੀਤਾ?”
“ਸਰ, ਕੰਮ ਤਾਂ ਕੀਤਾ ਐ, ਪਰ ਕਾਪੀ ਘਰ ਭੁੱਲ ਆਇਆ।”
“ਵਾਹ! ਕੀ ਕਹਿਣਾ। ਕਿੰਨਾ ਸੋਹਣਾ ਬਹਾਨਾ ਬਣਾਇਐ। ਤੂੰ ਜ਼ਰੂਰ ਲੀਡਰ ਬਣੇਗਾ। ਪੜ੍ਹਨ ਦਾ ਕੀ ਲਾਭ ਐ। ਜਾ ਤੇ ਐਮ. ਐਲ. ਏ. ਦਾ ਇਲੈਕਸ਼ਨ ਲੜ।”
“ਤੇ ਤੇਰਾ ਕੀ ਕਹਿਣਾ ਹੈ?” ਚੌਥੇ ਵਿਦਿਆਰਥੀ ਕੋਲ ਜਾ ਕੇ ਉਹਨੇ ਪੁੱਛਿਆ।
“……”
“ਤੂੰ ਕੀ ਬੋਲੇਂਗਾ। ਸਾਰਾ ਦਿਨ ਅਮਰੂਦ ਤੋੜਨ ਦੇ ਚੱਕਰ ’ਚ ਮਾਰਿਆ-ਮਾਰਿਆ ਫਿਰਦਾ ਰਿਹਾ ਹੋਵੇਂਗਾ, ਜਾਂ ਫਿਰ ਬੰਟੇ ਖੇਡਦਾ ਰਿਹਾ ਹੋਵੇਂਗਾ। ਤੈਨੂੰ ਟਾਈਮ ਕਿੱਥੋਂ ਮਿਲੂਗਾ? ਚੋਰ-ਉਚੱਕੇ ਬਣੋਗੇ। ਪਿਓ ਦਾ ਨਾਂ ਰੋਸ਼ਨ ਕਰੋਗੇ। ਕਰੋ, ਮੈਨੂੰ ਕੀ।”
“ਦਿਨੇਸ਼, ਤੂੰ ਤਾਂ ਚੰਗਾ ਮੁੰਡਾ ਸੀ, ਤੂੰ ਕਿਉਂ ਨਹੀਂ ਕੀਤਾ?”
“ਸਰ, ਸਮਝ ਨਹੀਂ ਆਇਆ।”
“ਕਿਉਂ ਸਮਝ ’ਚ ਨਹੀਂ ਆਇਆ?” ਉਸ ਨੇ ਆਵਾਜ਼ ਨੂੰ ਸਖਤ ਕਰਕੇ ਪੁੱਛਿਆ।
“ਸਰ, ਕੁਝ ਵੀ ਸਮਝ ’ਚ ਨਹੀਂ ਆਇਆ।” ਬੱਚੇ ਦੀ ਆਵਾਜ਼ ਕੰਬੀ।
“ਮਾਂ-ਪਿਓ ਨੂੰ ਕਹਿ ਥੋੜੇ ਬਦਾਮ ਖੁਆਉਣ। ਮੈਂ ਘੰਟਾ ਭਰ ਭੌਂਕਦਾ ਰਿਹਾ ਤੇ ਤੈਨੂੰ ਕੁਝ ਸਮਝ ਹੀ ਨਹੀਂ ਆਇਆ।”
ਸਾਰੇ ਮੁੰਡੇ ਸ਼ਰਮਿੰਦਾ ਤੇ ਬੇਇੱਜ਼ਤ ਹੋਏ ਮੂੰਹ ਲਮਕਾਈ ਖੜੇ ਸਨ। ਅਧਿਆਪਕ ਜੇਤੂ ਦੀ ਤਰ੍ਹਾਂ ਛਾਤੀ ਤਾਣ ਕੇ ਖੜਾ ਸੀ। ਸਜ਼ਾ ਹੋਈ–ਚਾਲੀ ਬੈਠਕਾਂ ਤੇ ਚਾਰ-ਚਾਰ ਡੰਡੇ।
ਇਕ ਮੁੰਡਾ ਸੋਚਦਾ ਹੈ– ਜਿੱਥੇ ਇੰਨੀ ਦੁਰਗਤੀ ਹੋਵੇ, ਉੱਥੇ ਭਵਿਖ ਕੀ ਬਣਨਾ ਹੈ।
ਦੂਜਾ ਸੋਚਦਾ ਹੈ– ਇਸ ਨਰਕ ’ਚੋਂ ਤਾਂ ਭੱਜ ਈ ਜਾਈਏ ਤਾਂ ਚੰਗਾ ਐ।
ਦੰਦ ਪੀਸਦਾ ਹੋਇਆ ਤੀਜਾ ਮੁੰਡਾ ਸੋਚਦਾ ਹੈ– ਇਸ ਮਾਸਟਰ ਨੇ ਬੜਾ ਦੁਖੀ ਕੀਤਾ ਹੋਇਐ। ਇਹਦੀ ਆਕੜ ਤਾਂ ਭੰਨਣੀ ਹੀ ਪਊਗੀ।
ਚੌਥਾ ਸੋਚ ਰਿਹਾ ਹੈ– ਸਕੂਲ ਹੈ ਜਾਂ ਜੇਲ। ਮੌਕੇ ਦੀ ਤਲਾਸ਼ ਐ, ਕਦੋਂ ਇਹਦੀਆਂ ਖਿੜਕੀਆਂ, ਦਰਵਾਜੇ ਤੇ ਬੈਂਚ ਤੋੜਨ ਦਾ ਸੁਭਾਗ ਪ੍ਰਾਪਤ ਹੋਵੇ।
ਪੰਜਵਾਂ ਕੁਝ ਨਹੀਂ ਸੋਚਦਾ। ਉਹ ਖੁੰਡਾ ਹੁੰਦਾ ਜਾ ਰਿਹਾ ਹੈ। ਪੂਰੀ ਤਰ੍ਹਾਂ ਮੰਦਬੁੱਧੀ।
                                        -0-


Saturday, August 16, 2014

ਹਿੰਦੀ/ ਮੋਹ ਬੁਖਾਰ



ਰਤੀ ਲਾਲ ਸ਼ਾਹੀਨ
“ਰਾਖੀ, ਦਵਾਈ ਪੀ ਲੀਂ…ਹਾਂ…।” ਮੈਂ ਆਪਣੀ ਬੇਟੀ ਨੂੰ ਕਿਹਾ ਅਤੇ ਦਫਤਰ ਲਈ ਤੁਰ ਪਿਆ।
ਤਿੰਨ ਦਿਨਾਂ ਤੋਂ ਬੁਖਾਰ ਉਤਰਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਪਹਿਲਾਂ ਛੋਟੇ ਪੁੱਤਰ, ਪੰਜ ਸਾਲਾ ਦਿਨੇਸ਼ ਨੂੰ ਫਲੂ ਹੋਇਆ ਤਾਂ ਉਹ ਤਿੰਨ ਦਿਨ ਮੇਰੀ ਬਗਲ ਵਿਚ ਹੀ ਸੌਂਦਾ ਰਿਹਾ। ਕਹਿੰਦਾ, ‘ਡੈਡੀ, ਮੈਂ ਤੁਹਾਡੇ ਕੋਲ ਈ ਸੋਵਾਂਗਾ।’
ਫਿਰ ਤਿੰਨ ਸਾਲ ਦੀ ਸੁਮਨ ਬੇਟੀ ਨੂੰ ਫਲੂ ਨੇ ਜਕੜ ਲਿਆ ਤਾਂ ਉਹ ਵੀ ਪਤਨੀ ਦਾ ਪਲੰਘ ਛੱਡ ਕੇ ਮੇਰੇ ਨਾਲ ਹੀ ਸੌਂਦੀ ਰਹੀ, ਜਦੋਂ ਤਕ ਕਿ ਬੁਖਾਰ ਠੀਕ ਨਹੀਂ ਹੋ ਗਿਆ। ਹੁਣ ਰਾਖੀ ਨੂੰ ਫਲੂ ਨੇ ਆਪਣੀ ਜਕੜ ਵਿਚ ਲੈ ਲਿਆ। ਇਸ ਤਰ੍ਹਾਂ ਰਾਖੀ ਦਾ ਬੁਖਾਰ ਤਿੰਨ ਦਿਨਾਂ ਵਿਚ ਉਤਰ ਜਾਣਾ ਚਾਹੀਦਾ ਸੀ। ਜਦੋਂ ਨਮਕ ਦੀ ਪੱਟੀ ਰੱਖੀ ਜਾਂਦੀ, ਬੁਖਾਰ ਉਤਰ ਜਾਂਦਾ। ਰਾਤ ਹੁੰਦੇ ਹੀ ਫਿਰ ਉਸਦਾ ਮੱਥਾ ਤਪਣ ਲੱਗ ਜਾਂਦਾ। ਹੁਣ ਉਹ ਰਾਤ ਨੂੰ ਮੇਰੇ ਹੀ ਪਲੰਘ ਉੱਪਰ ਸੌਂਦੀ।
ਸ਼ਾਮ ਨੂੰ ਦਫਤਰੋਂ ਘਰ ਪੁੱਜਾ ਤਾਂ ਦੇਖਿਆ, ਰਾਖੀ ਦਾ ਬੁਖਾਰ ਜਿਉਂ ਦਾ ਤਿਉਂ ਸੀ। ਪਤਨੀ ਨੂੰ ਪੁੱਛਿਆ, “ਦਵਾਈ ਦਿੱਤੀ ਸੀ?”
ਉਹਨੇ ਦੱਸਿਆ, “ਸਵੇਰੇ ਅਤੇ ਦੁਪਹਿਰੇ ਗੋਲੀਆਂ ਅਤੇ ਪੀਣ ਦੀ ਦਵਾਈ ਉਹ ਆਪ ਲੈ ਗਈ ਸੀ ਕਿ ਆਪ ਈ ਲੈ ਲਵੇਗੀ।”
ਮੈਂ ਚਿੰਤਾ ਵਿਚ ਡੁੱਬ ਗਿਆ , ਤਦ ਬੁਖਾਰ ਉਤਰ ਕਿਉਂ ਨਹੀਂ ਰਿਹਾ?
ਮੈਂ ਉਸਨੂੰ ਮੁੜ ਡਾਕਟਰ ਕੋਲ ਲੈਕੇ ਜਾਣ ਦੀ ਗੱਲ ਸੋਚੀ, “ਰਾਖੀ ਕਪੜੇ ਬਦਲ, ਡਾਕਟਰ ਕੋਲ ਚੱਲਣਾ ਹੈ।”
ਕਪੜੇ ਤਾਂ ਉਹਨੇ ਬਦਲੇ ਨਹੀਂ, ਪਰ ਰੋਣ ਲੱਗ ਪਈ, “ਡੈਡੀ, ਡਾਕਟਰ ਸੂਈ ਲਾਊਗਾ ਨਾ?”
“ਹਾਂ।”
“ਸੂਈ ਨਾਲ ਬੁਖਾਰ ਉਤਰ ਜਾਂਦਾ ਐ ਨਾ?”
“ਹਾਂ।”
“ਡੈਡੀ, ਗੋਲੀ ਅਤੇ ਦਵਾਈ ਨਾਲ ਵੀ ਬੁਖਾਰ ਉਤਰਦਾ ਐ ਨਾ?”
“ਉਤਰਦਾ ਐ। ਉਤਰਨਾ ਵੀ ਚਾਹੀਦੈ।”
ਰਾਖੀ ਰੋਂਦੀ ਰਹੀ। ਮੈਂ ਮੁਸਕਰਾਇਆ, “ ਪੁੱਤਰ! ਤੂੰ ਅੱਠ ਸਾਲਾਂ ਦੀ ਐਂ। ਸਭ ਤੋਂ ਵੱਡੀ ਐਂ। ਬੁਖਾਰ ਹੋਣ ਤੇ ਕੀ ਰੋਈਦੈ? ਮੈਂ ਡਾਕਟਰ ਨੂੰ ਕਹਿ ਦਿਆਂਗਾ ਕਿ ਸੂਈ ਹੌਲੀ-ਹੌਲੀ ਲਾਵੇ। ਦਰਦ ਨਾ ਕਰੇ।”
“ਪਰ ਡੈਡੀ, ਫਿਰ ਬੁਖਾਰ ਉਤਰ ਜਾਵੇਗਾ।”
“ਇਹ ਤਾਂ ਚੰਗੀ ਗੱਲ ਐ।”
“ਪਰ ਮੈਂ ਤੁਹਾਡੇ ਕੋਲ ਈ ਸੋਵਾਂਗੀ।”
“ਚੰਗਾ ਬਾਬਾ! ਮੇਰੇ ਕੋਲ ਈ ਸੌਂ ਜੀਂ।”
“ਸੱਚੀਂ!”
ਰਾਖੀ ਨੂੰ ਜਿਵੇਂ ਮੇਰੀ ਗੱਲ ਦਾ ਯਕੀਨ ਨਹੀਂ ਆ ਰਿਹਾ ਸੀ। ਜਦੋਂ ਮੈਂ ਆਪਣੇ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਮੇਰੇ ਕੋਲ ਹੀ ਸੌਂਵੇਗੀ, ਤਦ ਉਹਦਾ ਰੋਣਾ ਬੰਦ ਹੋਇਆ। ਉਹ ਕਮਰੇ ਵਿਚ ਚਲੀ ਗਈ। ਪਰ ਉਹਨੇ ਕਪੜੇ ਨਹੀਂ ਬਦਲੇ। ਉਹ ਮੁੜੀ ਤਾਂ ਉਸਦੇ ਹੱਥ ਵਿਚ ਤਿੰਨ ਦਿਨਾਂ ਦੀ ਦਵਾਈ ਦੀ ਖੁਰਾਕ ਸੀ ਤੇ ਇਕ ਸ਼ੀਸ਼ੀ ਜਿਸ ਵਿਚ ਪੀਣ ਵਾਲੀ ਦਵਾ ਸੀ। ਮੈਨੂੰ ਦਵਾਈ ਦਿਖਾਉਂਦੇ ਹੋਏ ਬੋਲੀ, “ਡੈਡੀ, ਮੇਰਾ ਬੁਖਾਰ ਉਤਰ ਜਾਂਦਾ ਤਾਂ ਮੈਂ ਤੁਹਾਡੇ ਕੋਲ ਨਹੀਂ ਸੌਂ ਸਕਦੀ ਸੀ। ਇਸ ਲਈ ਮੈਂ ਦਵਾਈ ਲਈ ਈ ਨਹੀਂ। ਹੁਣ ਲਵਾਂਗੀ।“
ਮੇਰੀ ਅੱਠਾਂ ਸਾਲਾਂ ਦੀ ਧੀ ਨੇ ਜ਼ਿੰਦਗੀ ਦਾ ਇਕ ਨਵਾਂ ਅਧਿਆਇ ਖੋਲ੍ਹ ਦਿੱਤਾ ਸੀ।
                                      -0-

Monday, August 11, 2014

ਹਿੰਦੀ/ ਬਿਸਾਤ



ਕਵਿਤਾ ਸੂਦ

“ਇਕ ਐਫ.ਡੀ ਬਨਵਾਉਣੀ ਐ।” ਦੋ-ਤਿੰਨ ਆਵਾਜ਼ਾਂ ਆਪਸ ਵਿਚ ਟਕਰਾਉਂਦੀਆਂ ਜਿਹੀਆਂ ਆਈਆਂ।
ਮੈਂ ਨਜ਼ਰ ਉਠਾ ਕੇ ਦੇਖਿਆ–ਦੋ ਔਰਤਾਂ ਅਤੇ ਇਕ ਆਦਮੀ ਸਾਹਮਣੇ ਖੜੇ ਸਨ। ਮੈਂ ਸਮਝ ਗਈ, ਸੱਸ-ਨੂੰਹ ਤੇ ਪੁੱਤਰ ਹਨ। ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ–ਮਾਂ, ਪੁੱਤਰ ਤੇ ਬਹੂ ਜਾਂ ਫਿਰ ਮਾਂ ਅਤੇ ਪਤੀ-ਪਤਨੀ।
ਸੱਸ ਅੱਗੇ-ਅੱਗੇ , ਬਹੂ ਬਰਾਬਰ ਕਦਮ ਮਿਲਾਉਣ ਦੀ ਕੋਸ਼ਿਸ਼ ਵਿਚ ਤੇ ਪੁੱਤਰ ਮਾਂ ਦੇ ਪਿੱਛੇ ਇਕ ਚੰਗੇ ਬੱਚੇ ਵਾਂਗ।
“ਕਿੰਨੇਂ ਦੀ, ਕਿਸਦੇ ਨਾਂ?” ਮੈਂ ਫਾਰਮ ਸਾਹਮਣੇ ਰੱਖਕੇ ਨਾਂ ਲਿਖਣ ਦੀ ਤਿਆਰੀ ਕਰਦਿਆਂ ਪੁੱਛਿਆ।
“ਤਿੰਨ ਲੱਖ ਦੀ, ਮੇਰੇ, ਪੁਸ਼ਪਾ ਦੇਵੀ ਦੇ ਨਾਂ ’ਤੇ।” ਸੱਸ ਬੋਲੀ।
ਮੈਂ ਸਮਝ ਗਈ, ਰਿਟਾਇਰਮੈਂਟ ਦਾ ਪੈਸਾ ਲੈ ਕੇ ਆਈ ਹੈ ਪੁਸ਼ਪਾ ਦੇਵੀ। ਨੂੰਹ-ਪੁੱਤ ਉਸ ਵਿਚ ਹਿੱਸੇਦਾਰੀ ਦੇ ਜੁਗਾੜ ਵਿਚ ਹਨ।
“ਕਿਉਂ ਮੈਡਮ, ਦੋ ਨਾਵਾਂ ’ਤੇ ਬਣ ਜਾਵੇਗੀ?” ਨੂੰਹ ਬੋਲੀ।
“ਹਾਂ, ਹਾਂ, ਕਿਉਂ ਨਹੀਂ। ਇਕ-ਇਕ ਫੋਟੋ ਦਿਓ।”
“ਫੋਟੋ ਤਾਂ ਨਹੀਂ ਲਿਆਈ ਮੈਂ।” ਬਹੂ ਨਿਰਾਸ਼ ਹੋ ਗਈ।
“ਮੈਂ ਲਿਆਂਦੀ ਐ  ਫੋਟੋ। ਮੇਰੇ ’ਕੱਲੀ ਦੇ ਨਾਂ ਬਣਾ ਦਿਓ।” ਪੁਸ਼ਪਾ ਦੇਵੀ ਨੇ ਪਰਸ ਵਿੱਚੋਂ ਆਪਣੀ ਫੋਟੋ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ।
“ਫੋਟੋ ਤਾਂ ਦਸਾਂ ਮਿੰਟਾਂ ’ਚ ਬਣਕੇ ਆਜੂਗੀ ਮਾਂ।” ਮੁੰਡਾ ਵਿਆਕੁਲਤਾ ਨਾਲ ਬੋਲਿਆ।
ਮਾਂ ਚੁੱਪ ਰਹੀ।
 ਮੈਂ ਪੁਸ਼ਪਾ ਦੇਵੀ ਦੀ ਫੋਟੋ ਲਈ ਤੇ ਲੋੜੀਂਦੀ ਕਾਰਵਾਈ ਕਰਨ ਲੱਗੀ। ਇਸ ਦੌਰਾਨ ਪਤੀ-ਪਤਨੀ ਵਿਚ ਧੀਮੀ ਆਵਾਜ਼ ਵਿਚ ਕੁਝ ਗੱਲਬਾਤ ਹੋਈ। ਪਤਨੀ ਫਿਰ ਅੱਗੇ ਆਈ, “ਕਿਉਂ ਮੈਡਮ, ਨਾਮਿਨੇਸ਼ਨ ਹੋ ਜਾਊਗੀ ਕੀ?”
“ਜੀ ਹਾਂ, ਨਾਮਿਨੇਸ਼ਨ ਵੀ ਹੋ ਜਾਂਦੀ ਐ।”
“ਪਰ ਬਾਦ ’ਚ ਪੇਮੈਂਟ ਲੈਣ ਵੇਲੇ ਕੋਈ ਪਰੇਸ਼ਾਨੀ ਤਾਂ ਨਹੀਂ ਹੁੰਦੀ?
ਪੁਸ਼ਪਾ ਦੇਵੀ ਚੁੱਪਚਾਪ ਫਾਰਮ ਪੂਰਾ ਕਰਨ ਵਿਚ ਲੱਗੀ ਹੋਈ ਸੀ।
“ਨਹੀਂ ਕੋਈ ਪਰੇਸ਼ਾਨੀ ਨਹੀਂ ਹੁੰਦੀ। ਮੌਤ ਦਾ ਸਰਟੀਫਿਕੇਟ, ਦੋ ਗਵਾਹੀਆ ਤੇ ਥੋੜੀ ਜਿਹੀ ਹੋਰ ਕਾਰਵਾਈ, ਬੱਸ।”
 “ਕਿਉਂ ਜੀ, ਫਿਰ ਛੱਡੋ ਨਾਂ ਪੁਆਉਣ ਨੂੰ, ਨਾਮਿਨੇਸ਼ਨ ਈ ਕਰਵਾ ਲੈਂਦੇ ਹਾਂ। ਮੈਡਮ ਜੀ ਕਹਿੰਦੇ ਐ, ਬਾਦ ’ਚ ਪੈਮੈਂਟ ਲੈਣ ’ਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਦੋ ਗਵਾਹੀਆਂ ਦੀ ਲੋੜ ਪਊਗੀ।”
“ਦੋ ਗਵਾਹੀਆਂ ਤਾਂ ਆਸਾਨੀ ਨਾਲ ਮਿਲ ਜਾਣਗੀਆਂ।”
“ਕਿਉਂ ਮੈਡਮ, ਨਾਮਿਨੇਸ਼ਨ ਕੈਂਸਲ ਵੀ ਹੋ ਸਕਦੀ ਐ?” ਸੱਸ ਬੋਲੀ।
“ਹਾਂ, ਹਾਂ, ਕਿਉਂ ਨਹੀਂ। ਬੱਸ ਇਕ ਗਵਾਹ ਚਾਹੀਦੈ।”
“ਇਕ ਗਵਾਹ ਤਾਂ ਆਸਾਨੀ ਨਾਲ ਮਿਲ ਜਾਵੇਗਾ ਮੈਨੂੰ।”
ਮੈਨੂੰ ਲੱਗਾ ਮੇਰੇ ਸਾਹਮਣੇ ਐਫ.ਡੀ. ਦੇ ਕਾਗਜ਼ ਨਹੀਂ, ਸ਼ਤਰੰਜ ਦੀ ਬਿਸਾਤ ਵਿਛੀ ਹੈ।
                                      -0-