Monday, April 5, 2010

ਅਰਬੀ/ ਪ੍ਰਾਰਥਨਾ

ਨਜਹਬ ਮਹਿਫੂਜ


ਮੇਰੀ ਉਮਰ ਸੱਤ ਸਾਲ ਤੋਂ ਵੀ ਘੱਟ ਰਹੀ ਹੋਵੇਗੀ ਜਦੋਂ ਮੈਂ ਕ੍ਰਾਂਤੀ ਲਈ ਪ੍ਰਾਰਥਨਾ ਕੀਤੀ।

ਉਸ ਸਵੇਰ ਵੀ ਮੈਂ ਰੋਜ਼ ਵਾਂਗ ਨੌਕਰਾਨੀ ਦੀ ਉਂਗਲ ਫੜ ਕੇ ਪ੍ਰਾਇਮਰੀ ਸਕੂਲ ਵੱਲ ਜਾ ਰਿਹਾ ਸੀ। ਪਰ ਮੇਰੇ ਪੈਰ ਇਸ ਤਰ੍ਹਾਂ ਘਿਸੜ ਰਹੇ ਸਨ ਜਿਵੇਂ ਕੋਈ ਜਬਰਨ ਮੈਨੂੰ ਜੇਲ੍ਹ ਵੱਲ ਖਿੱਚ ਕੇ ਲਿਜਾ ਰਿਹਾ ਹੋਵੇ। ਮੇਰੇ ਹੱਥ ਵਿਚ ਕਾਪੀ, ਅੱਖਾਂ ਵਿਚ ਉਦਾਸੀ ਤੇ ਦਿਲ ਵਿਚ ਸਭ ਕੁਝ ਚਕਨਾਚੂਰ ਕਰ ਦੇਣ ਵਾਲੀ ਅਰਾਜਕ ਮਨੋਸਥਿਤੀ ਸੀ। ਨਿੱਕਰ ਹੇਠਾਂ ਨੰਗੀਆਂ ਲੱਤਾਂ ਉੱਤੇ ਹਵਾ ਬਰਛੀਆਂ ਵਾਂਗ ਚੁਭ ਰਹੀ ਸੀ।

ਸਕੂਲ ਪਹੁੰਚਣ ਤੇ ਬਾਹਰ ਦਾ ਦਰਵਾਜਾ ਬੰਦ ਮਿਲਿਆ। ਗੇਟ ਕੀਪਰ ਨੇ ਗੰਭੀਰ ਸ਼ਿਕਾਇਤੀ ਲਹਿਜੇ ਵਿਚ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੇ ਧਰਨੇ ਕਾਰਨ ਕਲਾਸਾਂ ਅੱਜ ਵੀ ਰੱਦ ਰਹਿਣਗੀਆਂ।

ਖੁਸ਼ੀ ਦੀ ਇਕ ਜਬਰਦਸਤ ਲਹਿਰ ਨੇ ਮੈਨੂੰ ਬਾਹਰ ਤੋਂ ਅੰਦਰ ਤੀਕ ਭਿਉਂ ਦਿੱਤਾ।

ਆਪਣੇ ਦਿਲ ਦੀ ਸਭ ਤੋਂ ਅੰਦਰੂਨੀ ਤਹਿ ਤੋਂ ਮੈਂ ਇਨਕਲਾਬ ਦੇ ਜ਼ਿੰਦਾਬਾਦ ਹੋਣ ਦੀ ਪ੍ਰਾਰਥਨਾ ਕੀਤੀ।

-0-

Saturday, April 3, 2010

ਹਿੰਦੀ/ਕੋਠਾ ਸੰਵਾਦ

ਮਹੇਸ਼ ਦਰਪਣ

“ਨੀ ਬੰਨੋਂ, ਤੇਰਾ ਵੀ ਕੋਈ ਭਰਾ ਹੈ ਕੀ?”
“ਨਹੀਂ ਤਾਂ!”
“ਤਾਂ ਇਹ ਰੱਖਡ਼ੀ ਫਡ਼ੀ ਕੀ ਸੋਚ ਰਹੀ ਐਂ?”
“ਸੋਚ ਰਈ ਆਂ ਕਿ ਕੋਈ ਭਰਾ ਹੁੰਦਾ ਰੱਖਡ਼ੀ ਬਨ੍ਹਾਉਣ ਨੂੰ, ਤਾਂ ਇਹ ਜ਼ਿੰਦਗੀ ਇਸ ਤਰ੍ਹਾਂ ਸੁਆਹ ਨਾ ਹੁੰਦੀ।”
“ਤੂੰ ਤਾਂ ਇਉਂ ਕਹਿ ਰਈ ਐਂ ਨੀਂ…ਜਿਵੇਂ ਅਸੀਂ ਬਿਨਾਂ ਭਰਾ ਦੇ ਆਂ…ਸਾਡਾ ਈ ਕੀ ਹੋ ਗਿਆ!”
-0-

Wednesday, March 24, 2010

ਹਿੰਦੀ / ਸਫਲਤਾ

ਨੰਦਲਾਲ ਭਾਰਤੀ

“ਰਾਹੁਲ, ਤੂੰ ਪੜ੍ਹਾਈ ’ਤੇ ਧਿਆਨ ਨਹੀਂ ਦੇ ਰਿਹਾ। ਪਤਾ ਐ ਤੇਰੀ ਪੜ੍ਹਾਈ ’ਤੇ ਕਿੰਨਾ ਖਰਚ ਹੋ ਰਿਹੈ?”
“ਹਾਂ ਪਾਪਾ।”
“ਪਤਾ ਐ ਤੇਰੇ ਤੋਂ ਕਿੰਨੀਆਂ ਉਮੀਦਾਂ ਹਨ?”
“ਹਾਂ ਪਾਪਾ, ਸਭ ਪਤਾ ਹੈ।”
“ਫਿਰ ਵੀ ਪੜ੍ਹਾਈ ’ਚ ਧਿਆਨ ਨਹੀਂ!”
“ਪਾਪਾ, ਮੈਂ ਰੱਟੂ ਤੋਤਾ ਨਹੀਂ ਬਣਨਾਂ।”
“ਫਿਰ ਕੀ ਬਣਨਾ ਚਾਹੁਨੈਂ?”
“ਲਾਇਕ।”
“ਸਫਲ ਹੋ ਜਾਵੇਂਗਾ?”
“ਰੱਟੂ ਤੋਤਾ ਬਣਕੇ ਤਾਂ ਨਹੀਂ।”
“ਕੀ?”
“ਹਾਂ ਪਾਪਾ। ਮਨ ਅਨੁਸਾਰ ਯੋਗਤਾ ਹਾਸਲ ਕਰਨ ਦਿਓ, ਸਫਲਤਾ ਮੇਰੇ ਪਿੱਛੇ-ਪਿੱਛੇ ਆਵੇਗੀ।”
-0-

Tuesday, March 23, 2010

ਇਨਸਾਫ

ਜਵਾਰਾਜ਼ੇਰ (ਇਜਰਾਈਲ)

ਜਵਾਰਾਜ ਦੇ ਰੱਬੀ ਵੁਲਫ ਦੀ ਪਤਨੀ ਨੇ ਇੱਕ ਦਿਨ ਆਪਣੀ ਨੌਕਰਾਨੀ ਉੱਤੇ ਦੋਸ਼ ਲਾਇਆ ਕਿ ਉਸਨੇ ਉਹਨਾਂ ਦੇ ਘਰੋਂ ਇਕ ਕੀਮਤੀ ਬਰਤਨ ਚੁਰਾਇਆ ਹੈ।
ਨੌਕਰਾਨੀ ਤੋਂ ਪੁੱਛਿਆ ਗਿਆ ਤਾਂ ਉਸਨੇ ਚੋਰੀ ਤੋਂ ਇਨਕਾਰ ਕਰ ਦਿੱਤਾ।
ਰੱਬੀ ਨੂੰ ਉਸ ਦੇ ਨਿਰਦੋਸ਼ ਹੋਣ ਦਾ ਪੂਰਾ ਵਿਸ਼ਵਾਸ ਸੀ, ਪਰ ਉਸਦੀ ਪਤਨੀ ਨੂੰ ਯਕੀਨ ਨਹੀਂ ਹੋਇਆ। ਆਖਰ ਉਸਨੇ ਕਿਹਾ ਕਿ ਉਹ ਅਦਾਲਤ ਵਿਚ ਜਾ ਕੇ ਨੌਕਰਾਨੀ ਨੂੰ ਸਜ਼ਾ ਦਿਵਾਏਗੀ।
ਜਦੋਂ ਉਹ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਰੱਬੀ ਵੀ ਤਿਆਰ ਹੋਣ ਲੱਗਾ। ਪਤਨੀ ਨੇ ਦੇਖਿਆ ਤਾਂ ਉਸ ਨੇ ਰੱਬੀ ਨੂੰ ਕਿਹਾ, “ਤੁਹਾਨੂੰ ਜਾਣ ਦੀ ਲੋਡ਼ ਨਹੀਂ। ਮੈਂ ਖੁਦ ਹੀ ਗੱਲ ਕਰ ਲੂੰਗੀ। ਅਦਾਲਤ ਦੇ ਕਾਇਦੇ ਕਾਨੂੰਨ ਮੈਂ ਜਾਣਦੀ ਹਾਂ।”
“ਬੇਸ਼ਕ ਤੂੰ ਜਾਣਦੀ ਹੈਂ,” ਰੱਬੀ ਨੇ ਕਿਹਾ, “ਪਰ ਸਾਡੀ ਗਰੀਬ ਨੌਕਰਾਨੀ ਨਹੀਂ ਜਾਣਦੀ। ਮੈਂ ਉਸ ਵੱਲੋਂ ਜਾ ਰਿਹਾ ਹਾਂ। ਮੇਰੇ ਹੁੰਦੇ ਹੋਏ ਬੇਇਨਸਾਫੀ ਕਿਵੇਂ ਹੋ ਸਕਦੀ ਹੈ।”
-0-

Monday, March 15, 2010

ਹਿੰਦੀ/ਮਜਬੂਰੀਆਂ

ਡਾ. ਯੋਗੇਂਦਰਨਾਥ ਸ਼ੁਕਲ

“ਭਾਬੀ ਜੀ, ਤੁਸੀਂ ਬੁਰਾ ਨਾ ਮੰਨਣਾ…ਮੈਂ ਤੁਹਾਨੂੰ ਇਕ ਗੱਲ ਕਹਿਣੀ ਐ…ਤੁਸੀਂ ਏਨਾ ਬਣ-ਸੰਵਰ ਕੇ ਆਫਿਸ ਕਿਉਂ ਜਾਂਦੇ ਓ? ਮੈਨੂੰ ਚੰਗਾ ਲਹੀਂ ਲੱਗਦਾ।”
ਆਪਣੇ ਦਿਉਰ ਕਮਲ ਦੇ ਮੂੰਹੋਂ ਇਹ ਗੱਲ ਸੁਣਕੇ ਭਾਬੀ ਅਨਮਨੀ ਜਿਹੀ ਬੋਲੀ, “ਇਹ ਸਭ ਤੂੰ ਨਹੀਂ ਸਮਝੇਂਗਾ। ਤੂੰ ਹੁਣੇ ਹੁਣੇ ਕਾਲਜ ਜਾਣਾ ਸ਼ੁਰੂ ਕੀਤਾ ਐ ਤੇ ਤੇਰੀ ਹੁਣੇ ਤੋਂ ਏਨੀ ਲੰਮੀਂ ਜਬਾਨ ਹੋ ਗਈ।”
ਥੋਡ਼੍ਹੀ ਦੇਰ ਕਮਰੇ ਵਿਚ ਸੱਨਾਟਾ ਰਿਹਾ। ਫਿਰ ਕਮਲ ਨੇ ਕਿਹਾ, “ਨਹੀਂ ਭਾਬੀ ਜੀ, ਇਹ ਗੱਲ ਨਹੀਂ…ਮੇਰੇ ਦੋਸਤ ਤੁਹਾਡੇ ਸ਼ਿੰਗਾਰ ਨੂੰ ਲੈਕੇ ਮੇਰਾ ਮਜ਼ਾਕ ਉਡਾਉਂਦੇ ਹਨ…ਇਸ ਲਈ ਹੀ ਮੈਂ ਤੁਹਾਨੂੰ ਕਿਹਾ…।”
ਭਾਬੀ ਨੇ ਘੂਰ ਕੇ ਕਮਲ ਵੱਲ ਦੇਖਿਆ, ਫਿਰ ਬੋਲੀ, “ਜੇਕਰ ਇਹ ਗੱਲ ਐ ਤਾਂ ਸੁਣ…ਮੈਨੂੰ ਆਫਿਸ ’ਚ ਵਿਚਾਰੀ ਬਣਨਾ ਪਸੰਦ ਨਹੀਂ। ਉਂਜ ਵੀ ਇਹ ਪ੍ਰਾਈਵੇਟ ਫਰਮ ਦੀ ਨੌਕਰੀ ਐ, ਜਿਸ ’ਚ ਸਧਾਰਨ ਵੇਸਭੂਸ਼ਾ ’ਚ ਅਪਮਾਨਤ ਹੋਣਾ ਪੈਂਦਾ ਹੈ। ਅਧਿਕਾਰੀ ਵਰਗ ਗਰੀਬ ਸਮਝਕੇ ਡੋਰੇ ਪਾਉਣੇ ਸ਼ੁਰੂ ਕਰ ਦਿੰਦਾ ਹੈ। ਹੋਰ ਤਾਂ ਹੋਰ ਸਿਟੀ ਬੱਸ ’ਚ ਕੋਈ ਆਪਣੀ ਸੀਟ ’ਤੇ ਨਹੀਂ ਬਿਠਾਉਂਦਾ।”
-0-

Saturday, March 13, 2010

ਉਰਦੂ / ਦੋਨੋਂ ਨੰਗੇ

ਰਤਨ ਸਿੰਘ

ਦੋਨੋਂ ਨੰਗੇ ਸਨ। ਮਜ਼ਦੂਰੀ ਦੇ ਪੈਸੇ ਵੰਡਣ ਸਮੇਂ ਦੋ ਮਜ਼ਦੂਰਾਂ ਦਾ ਆਪਸ ਵਿਚ ਝਗਡ਼ਾ ਹੋ ਗਿਆ। ਇਕ ਮਜ਼ਦੂਰ ਦੇ ਵਿਗਡ਼ੇ ਹੋਏ ਤੇਵਰ ਦੇਖ ਕੇ ਦੂਜਾ ਬੋਲਿਆ, “ਵੇਖ, ਸਾਡੀ ਇੱਜ਼ਤ ਨੂੰ ਹੱਥ ਨਾ ਪਾ, ਅਸੀਂ ਰਾਜਪੂਤ ਆਂ। ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਤੁਹਾਡੀ ਪੱਗ ਲਾਹੁਣ ਨੂੰ ਜੋ ਹੱਥ ਅੱਗੇ ਵਧੇ, ਉਹ ਹੱਥ ਵੱਢ ਦਿਓ।”
“ਓਏ, ਐਸੀ ਦੀ ਤੈਸੀ ਤੇਰੀ ਪੱਗ ਦੀ। ਮੇਰੇ ਪੂਰੇ ਪੈਸੇ ਦੇ ਦੇ, ਨਹੀਂ ਤਾਂ ਜੁੱਤੀਆਂ ਮਾਰ ਮਾਰ ਕੇ ਸਿਰ ਗੰਜਾ ਕਰ ਦੂੰ।”
ਦੋਨੋਂ ਇਕ ਦੂਜੇ ਵੱਲ ਝਪਟੇ ਤੇ ਫਿਰ ਸ਼ਰਮਿੰਦੇ ਜਿਹੇ ਆਪਣੀ ਜਗ੍ਹਾ ਰੁਕ ਗਏ। ਇਕ ਦੇ ਸਿਰ ਉੱਤੇ ਪੱਗ ਨਹੀਂ ਸੀ ਤੇ ਦੂਜੇ ਦੇ ਪੈਰਾਂ ਵਿਚ ਜੁੱਤੀ।
-0-

Sunday, March 7, 2010

ਸਿੰਧੀ/ਦੀਨ ਦਿਆਲ

ਘਨਸ਼ਿਆਮ ਸਾਗਰ


“ਅਗਲੇ ਮਹੀਨੇ ਦੀ ਪੰਜ ਤਰੀਕ ਦੇ ਉੱਜੈਨ ਦੇ ਪੰਜ ਟਿਕਟ ਚਾਹੀਦੇ ਨੇ।”

“ਵੀਹ ਤਰੀਕ ਤਕ ਫੁੱਲ ਐ।”

ਉਸ ਆਦਮੀ ਨੇ ਟਿਕਟਾਂ ਲਈ ਫਿਰ ਬੇਨਤੀ ਕੀਤੀ।

“ਕਿਹਾ ਨਾ ਕਿ ਵੀਹ ਤਰੀਕ ਤਕ ਫੁੱਲ ਐ।” ਰੁੱਖਾ ਜਿਹਾ ਉੱਤਰ ਦਿੰਦੇ ਹੋਏ ਬੁਕਿੰਗ ਕਲਰਕ ਨੇ ਸਿਗਰਟ ਸੁਲਗਾਈ।

“ਚੰਗਾ, ਇਹ ਮਿਸਟਰ ਦੀਨ ਦਿਆਲ ਕਿਸ ਖਿਡ਼ਕੀ ’ਤੇ ਮਿਲਣਗੇ?”

“ਉਹਦੀ ਨਾਈਟ ਡਿਊਟੀ ਐ, ਪਰ ਤੁਸੀਂ ਦੀਨ ਦਿਆਲ ਨੂੰ ਕਿਵੇਂ ਜਾਣਦੇ ਓ?”

“ਮੈਂ ਪਲੇਟਫਾਰਮ ’ਤੇ ਉਨ੍ਹਾਂ ਦੀ ਸੱਜਣਤਾ ਦੀ ਚਰਚਾ ਸੁਣੀ ਸੀ।”

“ਤੁਸੀਂ ਦੀਨ ਦਿਆਲ ਦਾ ਨਾਂ ਲਿਐ ਤਾਂ ਤੁਹਾਡੇ ਲਈ ਕੁਝ ਨਾ ਕੁਝ ਕਰਨਾ ਈ ਪਵੇਗਾ। ਤੁਹਾਨੂੰ ਪੰਜ ਟਿਕਟ ਚਾਹੀਦੇ ਐ ਨਾ? ਮੇਰੀ ਜਗ੍ਹਾ ਦੀਨ ਦਿਆਲ ਵੀ ਹੁੰਦਾ ਤਾਂ ਉਹ ਵੀ ਕੁਝ ਨਹੀਂ ਕਰ ਪਾਉਂਦਾ। ਸੁਣੋ, ਹੁਣ ਜਿਵੇਂ ਮੈਂ ਕਹਾਂ ਉਵੇਂ ਕਰੋ।”

“ਸ਼੍ਰੀਮਾਨ ਜੀ, ਜਰਾ ਖੁੱਲ੍ਹ ਕੇ ਗੱਲ ਕਰੋ। ਤੁਸੀਂ ਮੇਰੀ ਲੋਡ਼ ਪੂਰੀ ਕਰੋ, ਮੈਂ ਤੁਹਾਡੀ ਲੋਡ਼ ਪੂਰੀ ਕਰਾਂਗਾ।”

ਬੁਕਿੰਗ ਕਲਰਕ ਨੇ ਪੰਜ ਟਿਕਟ ਬਣਾ ਕੇ ਦੇ ਦਿੱਤੇ ਤੇ ਮੁਸਕਰਾ ਕੇ ਪੈਸੇ ਲਏ।

ਤਦ ਖਿਡ਼ਕੀ ਉੱਤੇ ਇਕ ਹੋਰ ਆਵਾਜ਼ ਸੁਣਾਈ ਦਿੱਤੀ, “ਉੱਜੈਨ ਦੀਆਂ ਇੱਕੀ ਤਰੀਕ ਦੀਆਂ ਦੋ ਟਿਕਟਾਂ ਚਾਹੀਦੀਆਂ ਹਨ।”

ਬੁਕਿੰਗ ਕਲਰਕ ਨੇ ਸਿਰ ਹਿਲਾ ਕੇ ਨਾਂਹ ਕੀਤੀ, “ਤੀਹ ਤਰੀਕ ਤਕ ਫੁੱਲ ਐ। ਆਰ.ਏ.ਸੀ. ਵੀ ਪੂਰਾ ਹੋ ਗਿਆ।”

ਉਸੇ ਵੇਲੇ ਕਿਸੇ ਨੇ ਪਿਛੋਂ ਆ ਕੇ ਕਲਰਕ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, “ਭਰਾ ਦੀਨ ਦਿਆਲ, ਹੁਣ ਤਾਂ ਕੁਰਸੀ ਛੱਡ ਦੇ, ਟਾਈਮ ਹੋ ਗਿਆ।”

-0-

Monday, March 1, 2010

ਹਿੰਦੀ/ ਪਾਠ/ ਅਭਿਮਨਿਊ ਅਨਤ

ਇੰਗਲੈਂਡ ਦਾ ਇਕ ਸੁੰਦਰ ਸ਼ਹਿਰ। ਇੱਜ਼ਤਦਾਰ ਅੰਗਰੇਜ਼ ਪਰਿਵਾਰ ਦਾ ਹੇਨਰੀ। ਉਮਰ ਅਗਲੀ ਕ੍ਰਿਸਮਸ ਨੂੰ ਅੱਠ ਸਾਲ। ਸਕੂਲ ਤੋਂ ਮੁੜਦੇ ਹੀ ਉਹ ਆਪਣੀ ਮਾਂ ਕੋਲ ਜਾ ਕੇ ਬੋਲਿਆ, “ਮੰਮੀ, ਕੱਲ ਨੂੰ ਮੈਂ ਆਪਣੇ ਇਕ ਦੋਸਤ ਨੂੰ ਆਪਣੇ ਘਰ ਭੋਜਨ ‘ਤੇ ਸੱਦਿਆ ਹੈ।”
“ਸੱਚ! ਤੂੰ ਤਾਂ ਬੜਾ ਸ਼ੋਸ਼ਲ ਹੁੰਦਾ ਜਾ ਰਿਹੈਂ।”
“ਠੀਕ ਹੈ ਨਾ ਮੰਮੀ?”
“ਹਾਂ ਬੇਟੇ, ਬਹੁਤ ਠੀਕ ਹੈ। ਦੋਸਤਾਂ ਦਾ ਇਕ ਦੂਜੇ ਦੇ ਆਉਣਾ-ਜਾਣਾ ਚੰਗਾ ਰਹਿੰਦਾ ਹੈ। ਕੀ ਨਾਂ ਹੈ ਤੇਰੇ ਦੋਸਤ ਦਾ?”
“ਵਿਲਿਅਮ।”
“ਬਹੁਤ ਸੁੰਦਰ ਨਾਂ ਹੈ।”
“ਉਹ ਮੇਰਾ ਬੜਾ ਹੀ ਨਜ਼ਦੀਕੀ ਹੈ, ਮੰਮੀ। ਕਲਾਸ ’ਚ ਮੇਰੇ ਨਾਲ ਹੀ ਬੈਠਦਾ ਹੈ।”
“ਬਹੁਤ ਚੰਗਾ ਹੈ।”
“ਤਾਂ ਫੇਰ ਕੱਲ ਨੂੰ ਉਸ ਨੂੰ ਲੈ ਆਵਾਂਗਾ।”
“ਹਾਂ ਹੇਨਰੀ, ਜ਼ਰੂਰ ਲੈ ਆਵੀਂ।”
ਹੇਨਰੀ ਕਮਰੇ ਵਿੱਚੋਂ ਚਲਾ ਗਿਆ। ਕੁਝ ਦੇਰ ਬਾਦ ਉਹਦੀ ਮਾਂ ਉਸ ਲਈ ਦੁੱਧ ਲੈ ਕੇ ਆਈ। ਹੇਨਰੀ ਜਦੋਂ ਦੁੱਧ ਪੀਣ ਲੱਗਾ ਤਾਂ ਉਸਦੀ ਮਾਂ ਪੁੱਛ ਬੈਠੀ, “ਕੀ ਨਾਂ ਦੱਸਿਆ ਸੀ ਆਪਣੇ ਦੋਸਤ ਦਾ?”
“ਵਿਲਿਅਮ।”
“ਰੰਗ ਕੀ ਹੈ ਵਿਲਿਅਮ ਦਾ?”
ਹੇਨਰੀ ਨੇ ਦੁੱਧ ਪੀਣਾ ਛੱਡ ਕੇ ਆਪਣੀ ਮਾਂ ਵੱਲ ਦੇਖਿਆ। ਕੁਝ ਉਧੇੜਬੁਣ ਵਿਚ ਪਏ ਨੇ ਕਿਹਾ, “ਰੰਗ? ਮੈਂ ਕੁਝ ਸਮਝਿਆ ਨਹੀਂ।”
“ਮਤਲਬ ਇਹ ਕਿ ਤੇਰਾ ਦੋਸਤ ਸਾਡੇ ਵਾਂਗ ਗੋਰਾ ਹੈ ਜਾਂ ਕਾਲਾ?”
ਇਕ ਛਿਣ ਚੁੱਪ ਰਹਿ, ਅਗਲੇ ਛਿਣ ਪੂਰੀ ਮਾਸੂਮੀਅਤ ਨਾਲ ਹੇਨਰੀ ਨੇ ਪੁੱਛਿਆ, “ਰੰਗ ਦਾ ਪ੍ਰਸ਼ਨ ਜ਼ਰੂਰੀ ਹੈ ਕੀ, ਮੰਮੀ?”
“ਹਾਂ ਹੇਨਰੀ, ਤਦ ਹੀ ਤਾਂ ਪੁੱਛ ਰਹੀ ਹਾਂ।”
“ਗੱਲ ਇਹ ਹੈ ਮੰਮੀ ਕਿ ਉਸਦਾ ਰੰਗ ਦੇਖਣਾ ਤਾਂ ਮੈਂ ਭੁੱਲ ਹੀ ਗਿਆ।”
-0-

Thursday, February 18, 2010

ਹਿੰਦੀ/ਉਪਚਾਰ/ਨੀਲਮ

ਉਹ ਬੇਹਦ ਉਦਾਸ ਤੇ ਬੇਚੈਨ ਦਫਤਰੋਂ ਪਰਤਿਆ ਤੇ ਬਿਨਾਂ ਕਪੜੇ ਬਦਲੇ ਆਰਾਮ ਕੁਰਸੀ ਵਿਚ ਧਸ ਗਿਆ। ਚਿਹਰੇ ਤੋਂ ਲੱਗ ਰਿਹਾ ਸੀ ਜਿਵੇਂ ਉਹ ਕੋਈ ਫੈਸਲਾ ਕਰਨ ਦੀ ਕੋਸ਼ਿਸ਼ ਵਿਚ ਇਕ ਖਾਸ ‘ਆਪਣੇਪਣ’ ਨਾਲ ਲੜ ਰਿਹਾ ਹੋਵੇ। ਤਦ ਹੀ ਵ੍ਹੀਲਚੇਅਰ ਰੇੜ੍ਹਦੀ ਸੀਮਾ ਆ ਗਈ। ਉਸਨੇ ਪਤਨੀ ਨੂੰ ਘੂਰ ਕੇ ਦੇਖਿਆ। ਬੋਲਿਆ, “ਸੀਮਾ, ਕੀ ਤੂੰ ਆਪਣੇ ਪੇਕੇ ਜਾਣਾ ਚਾਹੇਂਗੀ?”

“ਕਿਉਂ?” ਆਪਣੇ ਪਤੀ ਦੀ ਆਵਾਜ਼ ਉਹਨੂੰ ਓਪਰੀ ਜਿਹੀ ਲੱਗੀ, “ਇੱਥੇ ਰਹਿਕੇ ਮੈਂ ਜ਼ਿਆਦਾ ਖੁਸ਼ ਆਂ, ਘੱਟੋਘਟ ਘਰ ਦੀ ਦੇਖਭਾਲ ਕਰਦੀ ਰਹੂੰਗੀ। ਮੈਂ ਤੁਹਾਡੇ ਕਿਸੇ ਕੰਮ ’ਚ ਰੁਕਾਵਟ ਨਹੀਂ ਬਣੂੰਗੀ, ਪਰ ਮੈਨੂੰ ਬੋਝ…” ਸੀਮਾ ਦੀਆਂ ਅੱਖਾਂ ਭਰ ਆਈਆਂ।

ਵਿਨੋਦ ਨੇ ਉਹਦੀ ਗੱਲ ਕੱਟਦਿਆਂ ਕਿਹਾ, “ਮੈਂ ਤੈਨੂੰ ਬੋਝ ਜਵਾਂ ਨਹੀਂ ਮੰਨਦਾ, ਪਹਿਲਾਂ ਜਿੰਨਾ ਪਿਆਰ ਵੀ ਕਰਦਾ ਹਾਂ। ਤੇਰੀ ਦੇਖਭਾਲ ਤੇ ਇਲਾਜ ਉੱਥੇ ਵਧੀਆ ਢੰਗ ਨਾਲ ਹੋ ਸਕਦਾ ਹੈ।”

“ਮੈਨੂੰ ਨਾ ਭੇਜੋ। ਮੇਰੇ ਗਰੀਬ ਮਾਂ-ਪਿਓ…”

“ਮੇਰੇ ’ਤੇ ਵਿਸ਼ਵਾਸ ਨਹੀਂ ਹੈ ਨਾ?”

“ਹੈ, ਆਪਣੇ ਤੋਂ ਵੀ ਜ਼ਿਆਦਾ। ਜਿਸਨੇ ਬਿਨਾਂ ਇਕ ਵੀ ਪੈਸਾ ਲਏ ਮੇਰੇ ਨਾਲ ਵਿਆਹ ਕੀਤਾ, ਜੋ ਅੱਜ ਵੀ ਮੇਰੇ ਪਰਿਵਾਰ ਦਾ ਖਰਚਾ ਉਠਾ ਰਿਹੈ, ਉਸ ਦੇਵਤਾ ਵਰਗੇ ਪਤੀ ’ਤੇ ਭਲਾ ਮੈਂ ਵਿਸ਼ਵਾਸ ਨਹੀਂ ਕਰੂੰਗੀ…ਪਰੰਤੂ ਅੱਜ ਜਦੋਂ ਮੈਂ ਲਕਵਾਗ੍ਰਸਤ ਆਂ, ਤਾਂ ਚਾਹੁੰਦੀ ਆਂ ਕਿ ਤੁਹਾਡੀ ਖੁਸ਼ੀ ਵੇਖਦੀ ਤੁਹਾਡੇ ਸਾਹਮਣੇ ਮਰਾਂ।” ਉਹ ਸਿਸਕ ਉੱਠੀ।

“ਸੀਮਾ, ਇਹੀ ਸਭ ਸਥਿਤੀਆਂ ਮੇਰੇ ਹੱਥਾਂ-ਪੈਰਾਂ ਦੀਆਂ, ਇੱਥੋਂ ਤਕ ਕਿ ਦਿਮਾਗ ਦੀਆਂ ਬੇੜੀਆਂ ਬਣਦੀਆਂ ਜਾ ਰਹੀਆਂ ਹਨ। ਲੋਕ ਕਹਿਣ ਲੱਗੇ ਹਨ ਕਿ ਦਾਜ ਦੇ ਲਾਲਚ ’ਚ ਮੈਂ ਹੀ ਤੈਨੂੰ ਅਜਿਹੀ ਦਵਾਈ ਦਿੱਤੀ ਐ ਜਿਸ ਨਾਲ ਤੂੰ ਅਪਾਹਜ ਹੋ ਗਈ। ਕੱਲ੍ਹ ਨੂੰ ਮੇਰੇ ’ਤੇ ਇਹ ਇਲਜ਼ਾਮ ਵੀ ਲੱਗੇਗਾ ਕਿ ਮੈਂ ਹੀ ਤੈਨੂੰ ਮਾਰ ਦਿੱਤੈ।”

“ਜਦੋਂ ਮੈਂ ਕਹਿੰਦੀ ਹਾਂ ਕਿ…”

“ਤੇਰੀ ਜਾਂ ਮੇਰੀ ਕੌਣ ਸੁਣਦਾ ਐ। ਸੁਣ, ਮੈਂ ਆਪਣੀ ਬਦਲੀ ਕਰਾਲੀ ਐ ਦੂਰ ਦੀ, ਤੇ ਤੂੰ…” ਕਹਿੰਦਾ-ਕਹਿੰਦਾ ਉਹ ਰੁਕ ਗਿਆ।

“ਮੈਂ ਪੇਕੇ ਜਾਣ ਨੂੰ ਤਿਆਰ ਆਂ।” ਸੀਮਾ ਨੇ ਦ੍ਰਿੜ ਆਵਾਜ਼ ਵਿਚ ਕਿਹਾ।

ਉਹ ਵ੍ਹੀਲਚੇਅਰ ਘੁਮਾ ਕੇ ਜਾ ਰਹੀ ਸੀ ਕਿ ਵਿਨੋਦ ਨੇ ਉਸਨੂੰ ਰੋਕਦੇ ਹੋਏ ਕਿਹਾ, “ਪਾਗਲ, ਤੂੰ ਵੀ ਮੇਰੇ ਨਾਲ ਚੱਲੇਂਗੀ।”

ਉਹ ਖੁਸ਼ੀ ਦੇ ਮਾਰੇ ਕੁਰਸੀ ਤੋਂ ਲਗਭਗ ਉੱਠ ਖੜੀ ਹੋਈ।

-0-



Tuesday, January 26, 2010

ਹਿੰਦੀ/ ਅਹਿਸਾਸ/ ਆਸ਼ੀਸ਼ ਦਲਾਲ

ਸ਼ਹਿਰ ਵਿਚ ਅਚਾਨਕ ਹੀ ਕਿਸੇ ਝਗੜੇ ਨੇ ਵਧ ਕੇ ਦੰਗੇ ਦਾ ਰੂਪ ਧਾਰਨ ਕਰ ਲਿਆ। ਕਾਫੀ ਕੋਸ਼ਿਸ਼ਾਂ ਤੋਂ ਬਾਦ ਵੀ ਸਕੂਲੋਂ ਨਿਕਲੇ ਮੇਰੇ ਮੁੰਡੇ ਦਾ ਪਤਾ ਨਹੀਂ ਲੱਗ ਸਕਿਆ। ਮੈਂ ਉਸ ਨੂੰ ਲੱਭਣ ਸਕੂਲ ਵੱਲ ਨਿਕਲ ਰਿਹਾ ਸੀ ਤਾਂ ਪਤਨੀ ਨੇ ਕਿਹਾ, “ਸੁਣੋ, ਮਿਸੇਜ ਵਰਮਾ ਦੇ ਬੱਚਿਆਂ ਨੂੰ ਵੀ ਲੈਂਦੇ ਆਉਣਾ। ਮਿਸਟਰ ਵਰਮਾ ਟੂਰ ’ਤੇ ਗਏ ਹੋਏ ਹਨ। ਵਿਚਾਰੀ ਕਿੱਥੇ ਭਟਕੇਗੀ।”

“ਉਫ! ਇੱਥੇ ਆਪਣੀ ਜਾਨ ਆਫਤ ’ਚ ਐ ਤੇ ਤੈਨੂੰ ਦੂਜਿਆਂ ਦੀ ਪਈ ਐ।” ਮੈਂ ਖਿਝ ਗਿਆ।

ਤਦੇ ਇਕ ਦੁਬਲਾ-ਪਤਲਾ ਯੁਵਕ ਮੇਰੇ ਮੁੰਡੇ ਨੂੰ ਲੈ ਕੇ ਆ ਗਿਆ। ਆਪਣੇ ਬੱਚੇ ਨੂੰ ਸਹੀ-ਸਲਾਮਤ ਘਰ ਆਇਆ ਦੇਖ ਕੇ ਮੈਂ ਖੁਸ਼ੀ ਨਾਲ ਝੂਮ ਉੱਠਿਆ। ਉਸਦਾ ਧੰਨਵਾਦ ਕਰਦੇ ਹੋਏ ਮੈਂ ਕਿਹਾ, “ਅਜੇ ਏਥੇ ਈ ਰੁਕ ਜਾਓ। ਹਾਲਾਤ ਕਾਬੂ ’ਚ ਆ ਜਾਣ ਤਦ ਚਲੇ ਜਾਣਾ।”

“ਨਹੀਂ, ਉਦੋਂ ਤਕ ਬਹੁਤ ਦੇਰ ਹੋ ਜਾਵੇਗੀ। ਅਜੇ ਕਿੰਨੇ ਹੀ ਹੋਰ ਮਾਸੂਮਾਂ ਨੂੰ ਮੇਰੀ ਲੌੜ ਐ।” ਉਸਨੇ ਜਵਾਬ ਦਿੱਤਾ ਤੇ ਚਲਾ ਗਿਆ।

ਮੈਂ ਬਿਨਾਂ ਇਕ ਛਿਣ ਗੁਆਏ ਮਿਸੇਜ ਵਰਮਾ ਦੇ ਬੱਚਿਆਂ ਨੂੰ ਲੱਭਣ ਲਈ ਤੁਰ ਪਿਆ।

-0-

Monday, January 18, 2010

ਹਿੰਦੀ/ ਮੇਰੇ ਆਪਣੇ/ ਕਮਲੇਸ਼ ਭਾਰਤੀ

ਆਪਣਾ ਸ਼ਹਿਰ ਤੇ ਘਰ ਛੱਡੇ ਵੀਹ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਬੇਟੀ ਸਿਆਣੀ ਹੋ ਗਈ। ਉਸ ਲਈ ਵਰ ਲੱਭਿਆ ਤੇ ਹੱਥ ਪੀਲੇ ਕਰਨ ਦਾ ਸਮਾਂ ਆ ਗਿਆ। ਵਿਆਹ ਦੇ ਕਾਰਡ ਛਪੇ, ਸਕਿਆਂ-ਸੰਬੰਧੀਆਂ ਤੇ ਮਿੱਤਰਾਂ ਨੂੰ ਭੇਜੇ ਗਏ। ਵਿਆਹ ਦੇ ਸਗਨ ਸ਼ੁਰੂ ਹੋਏ ਤੇ ਅੱਖਾਂ ਦਰਵਾਜੇ ਤੇ ਲੱਗੀਆਂ ਰਹੀਆਂ, ਇਸ ਆਸ ਵਿਚ ਕਿ ਦੂਰ-ਦਰਾਜ ਤੋਂ ਸਕੇ-ਸੰਬੰਧੀ ਆਉਣਗੇ। ਉਹ ਸੰਬੰਧੀ, ਜਿਹਨਾਂ ਨੇ ਬੇਟੀ ਨੂੰ ਗੋਦੀ ਵਿਚ ਖਿਡਾਇਆ ਤੇ ਜਿਹਨਾਂ ਨੂੰ ਉਸ ਨੇ ਆਪਣੀ ਤੋਤਲੀ ਜ਼ਬਾਨ ਵਿਚ ਪੁਕਾਰਿਆ ਸੀ। ਪੰਡਤ ਜੀ ਪੂਜਾ ਦੀ ਥਾਲੀ ਸਜਾਉਂਦੇ ਰਹੇ। ਮੈਂ ਦਰਵਾਜੇ ਵੱਲ ਟਕਟਕੀ ਲਾਈ ਦੇਖਦਾ ਰਿਹਾ। ਮੋਬਾਈਲ ਉੱਪਰ ਸੰਬੰਧੀਆਂ ਦੇ ਸੰਦੇਸ਼ ਆਉਣ ਲੱਗੇ–ਸਿੱਧੇ ਵਿਆਹ ਵਾਲੇ ਦਿਨ ਹੀ ਪਹੁੰਚਾਂਗੇ, ਛੇਤੀ ਨਾ ਆ ਸਕਣ ਦੀਆਂ ਮਜਬੂਰੀਆਂ ਬਿਆਨ ਕਰਦੇ ਰਹੇ।

ਮੈਂ ਉਦਾਸ ਖੜਾ ਸੀ। ਏਨੇ ਵਿਚ ਢੋਲ ਵਾਲਾ ਆ ਗਿਆ। ਉਹਨੇ ਢੋਲ ਵਜਾਉਣਾ ਸ਼ੁਰੂ ਕੀਤਾ। ਸਾਰੇ ਗੁਆਂਢੀ ਭੱਜੇ ਚਲੇ ਆਏ ਤੇ ਪੰਡਤ ਜੀ ਨੂੰ ਕਹਿਣ ਲੱਗੇ, “ਹੋਰ ਕਿੰਨੀ ਦੇਰ ਐ? ਸ਼ੁਰੂ ਕਰੋ ਨਾ ਕਾਰ-ਵਿਹਾਰ!”

ਪੰਡਤ ਜੀ ਨੇ ਮੇਰੇ ਵੱਲ ਦੇਖਿਆ, ਜਿਵੇਂ ਪੁੱਛ ਰਹੇ ਹੋਣ–‘ਕੀ ਆਪਣੇ ਸਭ ਆ ਗਏ?’

ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ, ਪਰਦੇਸ ਵਿਚ ਇਹੀ ਤਾਂ ਮੇਰੇ ਆਪਣੇ ਹਨ। ਮੈਂ ਪੰਡਤ ਜੀ ਨੂੰ ਕਿਹਾ, “ਸ਼ੁਰੂ ਕਰੋ ਸਗਨ, ਮੇਰੇ ਆਪਣੇ ਸਭ ਆ ਗਏ।”

-0-

Wednesday, January 6, 2010

ਹਿੰਦੀ/ਮਾਂ ਮੈਂ ਗੁੱਡੀ ਨਹੀਂ ਲੈਣੀ/ਡਾ. ਤਾਰਾ ਨਿਗਮ


ਮੈਂ ਬਜ਼ਾਰ ਗਈ ਸੀ। ਸੋਚਿਆ, ਰਿਚਾ ਤੇ ਵਿਵੇਕ ਲਈ ਕੁਝ ਲੈ ਲਵਾਂ। ਮੈਂ ਵਿਵੇਕ ਲਈ ਕ੍ਰਿਕਟ ਦਾ ਸਮਾਨ ਲੈ ਲਿਆ ਕਿਉਂਕਿ ਉਸਨੂੰ ਕ੍ਰਿਕਟ ਬਹੁਤ ਪਸੰਦ ਹੈ। ਰਿਚਾ ਲਈ ਇਕ ਸੋਹਣੀ ਜਿਹੀ ਗੁੱਡੀ ਖਰੀਦ ਲਈ। ਵਿਵੇਕ ਆਪਣਾ ਸਮਾਨ ਲੈ ਕੇ ਖੁਸ਼ ਹੁੰਦਾ ਬਾਹਰ ਚਲਾ ਗਿਆ। ਰਿਚਾ ਗੁੱਡੀ ਨੂੰ ਇਕਟਕ ਦੇਖਦੀ ਖੜੀ ਰਹੀ।
ਮੈਂ ਪੁੱਛਿਆ, “ਬੇਟੇ, ਤੈਨੂੰ ਗੁੱਡੀ ਪਸੰਦ ਨਹੀਂ ਆਈ?”
“ਮੰਮੀਂ, ਤੁਸੀਂ ਮੇਰੀ ਪਸੰਦ-ਨਾਪਸੰਦ ਪੁੱਛੀ ਹੀ ਕਦੋਂ ਐ?”
“ਇਸ ’ਚ ਪੁੱਛਣ ਵਾਲੀ ਕਿਹੜੀ ਗੱਲ ਐ, ਕੁੜੀਆਂ ਤਾਂ ਗੁੱਡੀਆਂ ਨਾਲ ਈ ਖੇਡਦੀਆਂ ਨੇ।”
“ਵੀਰੇ ਨੂੰ ਤਾਂ ਪੁੱਛਦੀ ਐਂ ਨਾ।”
ਮੈਂ ਹੈਰਾਨ ਰਹਿ ਗਈ, “ਰਿਚਾ ਬੇਟੇ, ਤੇਰੇ ਲਈ ਏਨੀ ਵੱਡੀ ਤੇ ਸੁੰਦਰ ਗੁੱਡੀ ਲਿਆਈ ਆਂ। ਚੰਗੀ ਤਾਂ ਹੈ ਨਾ?”
“ਚੰਗੀ ਹੈ,ਪਰ…”
“ਪਰ ਕੀ? ਬੋਲ ਰਿਚਾ।”
“ਮੰਮੀ, ਇਹ ਉਹੀ ਕਰੂਗੀ, ਜੋ ਮੈਂ ਕਰੂੰਗੀ। ਮੈਂ ਸੁਆਊਂਗੀ ਤਾਂ ਇਹ ਸੌਂ ਜੂਗੀ। ਮੈਂ ਜਿਹੜੇ ਕਪੜੇ ਪੁਆ ਦੂੰਗੀ, ਪਾ ਲੂਗੀ। ਮੈਂ ਇਹਨੂੰ ਡਾਂਟੂੰਗੀ, ਮਾਰੂੰਗੀ ਤਾਂ ਚੁਪਚਾਪ ਸਹਿ ਲੂਗੀ। ਜਦੋਂ ਕਿਤੇ ਲੈ ਕੇ ਜਾਵਾਂਗੀ, ਤਦ ਈ ਜਾਊਗੀ। ਜੇ ਮੈਂ ਚਾਹਾਂਗੀ ਤਾਂ ਇਸ ਨੂੰ ਗੋਦੀ ’ਚ ਲੈ ਕੇ ਪਿਆਰ ਕਰਾਂਗੀ, ਨਹੀਂ ਚਾਹਾਂਗੀ ਤਾਂ ਨਹੀ ਕਰਾਂਗੀ। ਇਹ ਕਦੇ ਵਿਰੋਧ ਨਹੀਂ ਕਰੂਗੀ,ਮੰਮੀ! ਸਦਾ ਚੁੱਪ ਰਹੂਗੀ।”
“ਇਹ ਤਾਂ ਚੰਗੀ ਗੱਲ ਈ ਐ, ਬੇਟੇ। ਤੂੰ ਜਿਵੇਂ ਕਰੇਂਗੀ, ਇਹ ਉਵੇਂ ਹੀ ਕਰੂਗੀ।”
“ਨਹੀਂ ਮੰਮੀ! ਮੈਨੂੰ ਗੁੱਡੀ ਨਹੀਂ ਚਾਹੀਦੀ।”
-0-

Monday, December 28, 2009

ਹਿੰਦੀ/ਰਾਹ ਦਸੇਰਾ/ਅੰਜੁ ਦੁਆ ਜੈਮਿਨੀ

‘ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤਮਾਕੂ ਜਾਂ ਤਮਾਕੂ ਤੋਂ ਬਣੀਆਂ ਵਸਤਾਂ ਵੇਚਣਾ ਸਜ਼ਾਯੋਗ ਅਪਰਾਧ ਹੈ।’

ਸ਼ਹਿਰ ਵਿਚ ਪਾਨ ਦੀਆਂ ਦੁਕਾਨਾਂ ਉੱਤੇ ਇਹ ਬੋਰਡ ਲੱਗੇ ਸਨ। ਸਕੂਲ ਦੇ ਮੁੰਡੇ ਸਿਗਰਟ ਪੀਣਾ ਚਾਹ ਰਹੇ ਸਨ।

“ਓਏ, ਜਾ ਲੈ ਆ ਸਿਗਰਟ।”

“ਮੈਂ ਨਹੀਂ ਜਾਂਦਾ। ਪਾਨ ਵਾਲਾ ਨਹੀਂ ਦੇਵੇਗਾ।”

“ਓਏ ਆਖਦੀਂ, ਪਾਪਾ ਨੇ ਮੰਗਵਾਈ ਐ।”

“ਸਕੂਲ ’ਚ…?”

“ਚੱਲ ਸ਼ਾਮੀਂ ਨੁੱਕੜ ’ਤੇ ਮਿਲਾਂਗੇ।”

“ਠੀਕ ਐ।”

…

“ਵੀਰ ਜੀ, ਇਕ ਸਿਗਰਟ ਦੀ ਡੱਬੀ ਦੇਣਾ। ਹਾਂ, ਇਕ ਗੁਟਕਾ ਵੀ।

“ਮੁੰਡਿਆ, ਅਜੇ ਤੂੰ ਬਹੁਤ ਛੋਟਾ ਐਂ। ਤੈਨੂੰ ਨਹੀਂ ਮਿਲ ਸਕਦੇ।”

“ਅੰਕਲ, ਮੇਰੇ ਪਾਪਾ ਨੇ ਮੰਗਵਾਈ ਐ। ਆਹ ਲਓ ਪੈਸੇ।”

“ਓਹ! ਤੂੰ ਵਰਮਾ ਸਾਬ ਦਾ ਬੇਟਾ ਐਂ।”

ਪਾਨਵਾਲੇ ਨੇ ਖੁਸ਼ੀ ਨਾਲ ਉਹਨੂੰ ਸਮਾਨ ਦੇ ਦਿੱਤਾ।

ਕੁਝ ਦਿਨ ਬਾਦ…

“ਰਾਮ-ਰਾਮ ਵਰਮਾ ਸਾਬ! ਅੱਜਕਲ ਬੇਟੇ ਤੋਂ ਬਹੁਤ ਸਿਗਰਟ ਮੰਗਾਉਣ ਲੱਗੇ ਓ। ਰੋਜ਼ ਸ਼ਾਮ ਨੂੰ ਆ ਜਾਂਦੈ।”

ਸੁਣਕੇ ਵਰਮਾ ਸਾਹਬ ਦੇ ਹੱਥੋਂ ਸਿਗਰਟ ਡਿੱਗ ਪਈ।

-0-


Monday, December 21, 2009

ਹਿੰਦੀ / ਕਲੰਕ/ ਅਨਿਲ ਸ਼ੂਰ ਆਜ਼ਾਦ

“ਮੇ ਆਈ ਕਮ ਇਨ, ਸਰ!”
ਮਾਥੁਰ ਸਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ।
“ਸਰ, ਉਹ ਅਟੈਂਡੈਂਸ…!” ਹਕਲਾਉਂਦੇ ਹੋਏ ਅਜੈ ਨੇ ਬੇਨਤੀ ਕੀਤੀ।
“ਵ੍ਹਾਟ ਨਾਨਸੈਂਸ!…ਸਾਰਾ ਸਾਲ ਮਟਰਗਸ਼ਤੀ ਕਰਦੇ ਓ, ਹੁਣ ਉਹਦੀ ਸਜ਼ਾ ਵੀ ਭੁਗਤੋ।”
ਸਰ ਦੇ ਵਿਗੜੇ ਤੇਵਰ ਦੇਖ ਕੇ ਅਜੈ ਵਾਪਸ ਚਲਾ ਗਿਆ।
ਥੋੜੀ ਦੇਰ ਬਾਦ ਉਹ ਫਿਰ ਆਇਆ, “ ਮੇ ਆਈ ਕਮ ਇਨ, ਸਰ!”
“ਤੂੰ ਫਿਰ ਆ ਗਿਆ…” ਉਹਨੂੰ ਦੇਖਦੇ ਹੀ ਪ੍ਰੋਫੈਸਰ ਮਾਥੁਰ ਫਿਰ ਭੜਕ ਪਏ।
“ਗੱਲ ਦਰਅਸਲ ਇਹ ਹੈ ਸਰ…ਮੈਂ ਤੁਹਾਡੇ ਕੋਲ ਟਿਊਸ਼ਨ…”
“ਹਾਂ-ਹਾਂ, ਕਿਉਂ ਨਹੀਂ ਬੇਟੇ, ਆ ਬੈਠ…” ਮਾਥੁਰ ਸਰ ਦੀ ਆਵਾਜ਼ ਵਿਚ ਮਿਸ਼ਰੀ ਘੁਲਣ ਲੱਗੀ ਸੀ।
“ਪਰ ਸਰ!…ਉਹ ਮੇਰੀ ਅਟੈਂਡੈਂਸ…” ਲੋਹਾ ਗਰਮ ਦੇਖ ਕੇ ਅਜੈ ਨੇ ਵਾਰ ਕੀਤਾ।
“ ਓ, ਡੋਂਟ ਵਰੀ ਮਾਈ ਬੁਆਏ…ਆਖਰ ਮੈਂ ਕਿਸ ਮਰਜ਼ ਦੀ ਦਵਾ ਹਾਂ। ਹੀਂ…ਹੀਂ…ਹੀਂ…।”
“ਵੈਰੀ ਵੈਰੀ ਥੈਂਕਯੂ ਸਰ!” ਇੰਜ ਸਰ ਪ੍ਰਤੀ ਧੰਨਵਾਦ ਪ੍ਰਗਟਾਉਂਦਾ ਹੋਇਆ ਅਮੀਰ ਬਾਪ ਦਾ ਵਿਗੜਿਆ ਮੁੰਡਾ ਅਜੈ, ਕਲਾਸ ਤੋਂ ਬਾਹਰ ਨਿਕਲ ਗਿਆ।
-0-

ਫਾਰਸੀ/ ਭੁੱਖ ਦਾ ਈਮਾਨ / ਏ.ਜੀ. ਕੇਲਸੀ (ਈਰਾਨ)

ਇਕ ਸੁੱਕਾ ਜਿਹਾ ਆਦਮੀ ਸੀ। ਉਹ ਕਈ ਦਿਨਾਂ ਤੋਂ ਭੁੱਖਾ ਸੀ। ਉਹਦੀ ਹਾਲਤ ਅਜਿਹੀ ਹੋ ਗਈ ਸੀ ਕਿ ਮੌਤ ਉਸਨੂੰ ਕਦੇ ਵੀ ਦਬੋਚ ਸਕਦੀ ਸੀ।

ਸ਼ੈਤਾਨ ਤਾਂ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦਾ ਹੈ। ਉਹ ਲਗਾਤਾਰ ਉਸ ਆਦਮੀ ਉੱਤੇ ਨਿਗਾਹ ਰੱਖ ਰਿਹਾ ਸੀ। ਜਦੋਂ ਉਸਨੇ ਵੇਖਿਆ ਕਿ ਉਹ ਆਦਮੀ ਭੁੱਖ ਅੱਗੇ ਬੇਬਸ ਹੋ ਚੁੱਕਾ ਹੈ ਤਾਂ ਉਸਨੂੰ ਲੱਗਾ ਕਿ ਉਹ ਹੁਣ ਉਸ ਨੂੰ ਆਪਣੀ ਟੋਲੀ ਵਿਚ ਸ਼ਾਮਲ ਕਰ ਸਕਦਾ ਹੈ।

ਉਹ ਉਸ ਭੁੱਖੇ ਆਦਮੀ ਕੋਲ ਪਹੁੰਚਿਆ ਤੇ ਕਿਹਾ, “ਤੂੰ ਭੁੱਖ ਨਾਲ ਮਰ ਰਿਹਾ ਹੈਂ, ਤੂੰ ਚਾਹੇ ਤਾਂ ਮੈਂ ਤੈਨੂੰ ਖਾਣਾ ਦੇ ਸਕਦਾ ਹਾਂ।”

ਅੰਨ੍ਹਾਂ ਕੀ ਮੰਗੇ, ਦੋ ਅੱਖਾਂ। ਭੁੱਖਾ ਝੱਟ ਬੋਲਿਆ, “ਲਿਆਓ, ਛੇਤੀ ਲਿਆਓ, ਨਹੀਂ ਤਾਂ ਮੈਂ ਮਰ ਜਾਵਾਂਗਾ।”

ਸ਼ੈਤਾਨ ਨੇ ਆਪਣੀ ਸ਼ਰਤ ਉਹਦੇ ਅੱਗੇ ਰੱਖੀ, “ਪਰ ਤੈਨੂੰ ਆਪਣਾ ਈਮਾਨ ਮੈਨੂੰ ਦੇਣਾ ਪਵੇਗਾ।”

ਭੁੱਖਾ ਮੰਨ ਗਿਆ। ਉਹ ਬਹੁਤ ਖੁਸ਼ ਸੀ।

ਸ਼ੈਤਾਨ ਨੇ ਉਸਨੂੰ ਭੋਜਨ ਦਿੱਤਾ। ਭੁੱਖੇ ਆਦਮੀ ਨੇ ਭਰਪੇਟ ਭੋਜਨ ਕਰਦੇ ਹੋਏ ਸ਼ੈਤਾਨ ਨੂੰ ਦੁਆਵਾਂ ਦਿੱਤੀਆਂ। ਉਹ ਖਾਂਦਾ ਜਾਂਦਾ ਤੇ ਦੁਆਵਾਂ ਦੇਈ ਜਾਂਦਾ।

ਜਦੋਂ ਭੁੱਖੇ ਦਾ ਢਿੱਡ ਭਰ ਗਿਆ ਤਾਂ ਉਹਦੇ ਚਿਹਰੇ ਉੱਤੇ ਸੰਤੁਸ਼ਟੀ ਦੇ ਭਾਵ ਉਭਰ ਆਏ। ਤਦ ਸ਼ੈਤਾਨ ਨੇ ਉਸਨੂੰ ਕਿਹਾ, “ਚੰਗਾ, ਹੁਣ ਆਪਣਾ ਈਮਾਨ ਮੈਨੂੰ ਦੇ ਦਿਓ।”

ਉਹ ਆਦਮੀ ਆਪਣੇ ਪੇਟ ਉੱਤੇ ਹੱਥ ਫੇਰਦਾ ਹੋਇਆ ਜ਼ੋਰ ਨਾਲ ਹੱਸਿਆ ਤੇ ਬੋਲਿਆ, “ਮੇਰੇ ਭਰਾ! ਆਪਣਾ ਈਮਾਨ ਮੈਂ ਉਦੋਂ ਵੇਚਿਆ ਸੀ ਜਦੋਂ ਭੁੱਖਾ ਸੀ। ਪਰ ਉਦੋਂ ਈਮਾਨ ਸੀ ਹੀ ਕਿੱਥੇ। ਭੁੱਖੇ ਦਾ ਵੀ ਕੋਈ ਈਮਾਨ ਹੁੰਦਾ ਹੈ ਕੀ?”

-0-

Saturday, December 12, 2009

ਹਿੰਦੀ/ ਮੌਤ/ ਪ੍ਰਤਾਪ ਸਿੰਘ ਸੋਢੀ

ਮਈ ਮਹੀਨੇ ਦੀ ਚਿਲਚਿਲਾਉਂਦੀ ਗਰਮੀ ਵਿਚ ਸਫੈਦ ਚਾਦਰ ਓਢੀ ਫੁਟਪਾਥ ਉੱਤੇ ਲੇਟੇ ਹੋਏ ਮੰਸੇ ਨੂੰ ਇਕ ਘੰਟੇ ਤੋਂ ਵੱਧ ਹੋ ਗਿਆ ਸੀ। ਉਹਦੀ ਪਿੱਠ ਅੰਗਾਰਿਆਂ ਵਾਂਗ ਜਲ ਰਹੇ ਫੁਟਪਾਥ ਨਾਲ ਚਿਪਕ ਜਿਹੀ ਗਈ ਸੀ। ਉਹਦੇ ਸ਼ਰੀਰ ਉੱਪਰ ਥਾਂ ਥਾਂ ਤੇ ਛਾਲੇ ਹੋ ਗਏ ਸਨ। ਉਹਦਾ ਸਾਥੀ ਨਨਕੂ ਆਪਣੇ ਭਰਾ ਦੀ ਮੌਤ ਦੀ ਦੁਹਾਈ ਦਿੰਦੇ ਹੋਏ ਆਉਣ ਜਾਣ ਵਾਲਿਆਂ ਦੇ ਦਿਲਾਂ ਵਿਚ ਰਹਿਮ ਪੈਦਾ ਕਰ ਰਿਹਾ ਸੀ। ਰਾਹਗੀਰ ਸ਼ਰਧਾ ਨਾਲ ਸਫੈਦ ਚਾਦਰ ਉੱਤੇ ਸਿੱਕੇ ਸੁੱਟ ਜਾਂਦੇ ਸਨ।

ਚਾਦਰ ਨੂੰ ਇਕ ਪਾਸਿਓਂ ਥੋੜਾ ਜਿਹਾ ਹਟਾ ਕੇ, ਘੁਟੀ ਜਿਹੀ ਆਵਾਜ਼ ਵਿਚ ਮੰਸਾ ਗਿੜਗਿੜਾਇਆ, “ਹੁਣ ਹੋਰ ਸਹਿਣ ਨਹੀਂ ਹੁੰਦਾ। ਸਾਰਾ ਸ਼ਰੀਰ ਝੁਲਸ ਗਿਆ, ਦਮ ਘੁਟ ਰਿਹੈ। ਮੌਤ ਦਾ ਨਾਟਕ ਕਰਦਾ-ਕਰਦਾ ਮੈਂ ਸਚਮੁਚ ਮਰ ਜੂੰਗਾ। ਮੈਂ ਏਨੀ ਛੋਟੀ ਉਮਰ ’ਚ ਮਰਨਾ ਨਹੀਂ ਚਾਹੁੰਦਾ।”

ਨਨਕੂ ਬੋਲਿਆ, “ਓਏ, ਚੁਪਚਾਪ ਪਿਆ ਰਹਿ, ਜੇ ਕਿਸੇ ਨੇ ਵੇਖ ਲਿਆ ਤਾਂ ਸਾਡੇ ਦੋਨਾਂ ਦੀਆਂ ਕਬਰਾਂ ਇਸ ਫੁਟਪਾਥ ਤੇ ਈ ਬਣ ਜਾਣਗੀਆਂ। ਬਸ ਥੋੜੀ ਦੇਰ ਹੋਰ ਸਹਿਣ ਕਰ ਲੈ, ਥੋੜੇ ਪੈਸੇ ਹੋਰ ਜਮਾਂ ਹੋ ਜਾਣ।”

ਅਚਾਨਕ ਮੰਸੇ ਨੇ ਇਕ ਝਟਕੇ ਨਾਲ ਚਾਦਰ ਲਾਹ ਸੁੱਟੀ। ਚਾਦਰ ਉੱਤੇ ਪਏ ਸਿੱਕੇ ਖਣਖਣਾਉਂਦੇ ਹੋਏ ਫੁਟਪਾਥ ਦੇ ਆਸਪਾਸ ਖਿੱਲਰ ਗਏ। ਨਨਕੂ ਕੁਝ ਕਹੇ, ਇਸ ਤੋਂ ਪਹਿਲਾਂ ਹੀ ਮੰਸਾ ਭੱਜ ਖੜਾ ਹੋਇਆ।

ਭੈਭੀਤ ਨਨਕੂ ਮੰਸੇ ਨੂੰ ਵੇਖਦਾ ਰਹਿ ਗਿਆ। ਫਿਰ ਉਹਨੇ ਵੀ ਫੁਰਤੀ ਨਾਲ ਚਾਦਰ ਚੁੱਕੀ ਤੇ ਭੀੜ ਵਿਚ ਗੁਆਚ ਗਿਆ।

ਸੜਕ ਉੱਤੇ ਸਿੱਕੇ ਹੀ ਸਿੱਕੇ ਖਿਲਰੇ ਪਏ ਸਨ।

-0-

ਹਿੰਦੀ/ ਪਰਖ/ ਹਰੀਸ਼ ਪੰਡਿਆ

ਸਟੇਸ਼ਨ ਪਹੁੰਚਣ ਉੱਤੇ ਰਾਕੇਸ਼ ਨੇ ਰੰਜਨਾ ਨੂੰ ਪੁੱਛਿਆ, “ਗਹਿਣੇ ਤੇ ਪੈਸੇ ਤਾਂ ਨਾਲ ਲੈ ਕੇ ਆਈ ਐਂ ਨਾ, ਭੁੱਲ ਤਾਂ ਨਹੀਂ ਗਈ?”
“ਗੱਲ ਤਾਂ ਯਾਦ ਸੀ, ਪਰ ਕੀ ਕਰਦੀ? ਅਲਮਾਰੀ ਦੀ ਚਾਬੀ ਈ ਨਹੀਂ ਮਿਲੀ। ਇਸਲਈ ਗਹਿਣੇ ਤੇ ਪੈਸੇ ਨਹੀਂ ਲਿਆ ਸਕੀ।” ਰੰਜਨਾ ਦੇ ਚਿਹਰੇ ਤੋਂ ਬੇਬਸੀ ਝਲਕ ਰਹੀ ਸੀ।
“ਕੀ! ਕੁਝ ਨਹੀਂ ਲਿਆਈ? ਪਰ ਪੈਸਿਆਂ ਦੇ ਬਿਨਾਂ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ, ਅਸੀਂ ਰਹਾਂਗੇ ਕਿੱਥੇ?” ਇੰਨਾ ਕਹਿ ਕੇ ਰਾਕੇਸ਼ ਕੁਝ ਸੋਚਣ ਲੱਗ ਪਿਆ।
“ਹੁਣ ਕੀ ਕਰਨੈ? ਟ੍ਰੇਨ ਚੱਲਣ ਵਾਲੀ ਐ।” ਰੰਜਨਾ ਰਾਕੇਸ਼ ਦੀ ਬਦਲਦੀ ਸੂਰਤ ਨੂੰ ਭਾਂਪਦੇ ਹੋਏ ਬੋਲੀ।
“ਨਹੀਂ, ਅਸੀਂ ਅੱਜ ਨਹੀਂ ਜਾ ਸਕਾਂਗੇ। ਕੱਲ੍ਹ ਇਸੇ ਗੱਡੀ ਤੋਂ ਚਲਾਂਗੇ। ਤੇ ਹਾਂ ਤੂੰ ਗਹਿਣੇ ਤੇ ਪੈਸੇ ਲਿਆਉਣੇ ਨਾ ਭੁੱਲੀਂ।” ਰਾਕੇਸ਼ ਹੱਸਦਾ ਹੋਇਆ ਬੋਲਿਆ।
“ਚੰਗਾ, ਮੈਂ ਚਲਦੀ ਆਂ।” ਕਹਿ ਰੰਜਨਾ ਬੈਗ ਤੇ ਪਰਸ ਚੁੱਕ ਤੁਰ ਪਈ। ਦਸ ਕੁ ਕਦਮ ਚੱਲ ਕੇ ਉਹ ਰੁਕੀ। ਉਹਨੇ ਮੁੜ ਕੇ ਵੇਖਿਆ, ਰਾਕੇਸ਼ ਜਾ ਚੁੱਕਾ ਸੀ। ਉਹਦੇ ਹੋਠਾਂ ਉੱਪਰ ਹਲਕੀ ਜਿਹੀ ਮੁਸਕਾਨ ਆਈ। ਉਹਨੇ ਗਹਿਣੇ ਤੇ ਪੈਸਿਆਂ ਵਾਲੇ ਪਰਸ ਨੂੰ ਘੁੱਟ ਕੇ ਫੜਿਆ ਤੇ ਘਰ ਵੱਲ ਤੁਰ ਪਈ।
-0-

Friday, December 4, 2009

ਤਮਿਲ/ ਸ਼ਾਸ਼ਤਰੀ ਜੀ ਦਾ ਕੰਮ

ਸੁਬਰਾਮਾਣਿਅਮ ਭਾਰਤੀ

ਇਕ ਬ੍ਰਾਹਮਣ ਦਾ ਮੁੰਡਾ ਰੋਂਦਾ ਹੋਇਆ ਸੜਕ ਉੱਤੇ ਜਾ ਰਿਹਾ ਸੀ। ਉਸ ਦੇ ਹੱਥ ਵਿਚ ਗੱਡੀ ਦੀ ਸ਼ਕਲ ਦਾ ਇਕ ਖਿਡੌਣਾ ਸੀ, ਜਿਸਦੇ ਪਹੀਏ ਨਿਕਲ ਗਏ ਸਨ। ਉਸਨੂੰ ਵੇਖ ਕੇ ਇਕ ਸਿਪਾਹੀ ਨੇ ਪੁੱਛਿਆ, “ਬੱਚੇ ਰੋ ਕਿਉਂ ਰਿਹੈਂ?”
“ਇਹ ਗੱਡੀ ਟੁੱਟ ਗਈ।”
“ਰੋ ਨਾ, ਘਰ ਚਲਾ ਜਾ। ਤੇਰੇ ਪਿਤਾ ਜੀ ਇਸ ਗੱਡੀ ਦੇ ਪਹੀਏ ਠੀਕ ਕਰ ਕੇ ਲਾ ਦੇਣਗੇ।”
“ਮੇਰੇ ਪਿਤਾ ਜੀ ਸ਼ਾਸਤਰੀ ਹਨ। ਉਹ ਗੱਡੀ ਠੀਕ ਕਰਨਾ ਨਹੀਂ ਜਾਣਦੇ। ਉਨ੍ਹਾਂ ਨੂੰ ਤਾਂ ਕੋਈ ਕੰਮ ਨਹੀਂ ਆਉਂਦਾ। ਉਨ੍ਹਾਂ ਨੂੰ ਤਾਂ ਸਿਰਫ ਇਹੀ ਆਉਂਦਾ ਹੈ ਕਿ ਕੋਈ ਉਨ੍ਹਾਂ ਨੂੰ ਚੌਲ ਦੇਵੇ ਤਾਂ ਉਹ ਉਨ੍ਹਾਂ ਨੂੰ ਚੁੱਕ ਕੇ ਘਰ ਲੈ ਆਉਂਦੇ ਹਨ।”
-0-

ਹਿੰਦੀ/ ਨੀਵੀਂ ਜਾਤ

ਪਵਿੱਤਰਾ ਅਗਰਵਾਲ


“ਬੀਬੀ ਜੀ, ਤੁਹਾਡੀ ਗੁਆਂਢਣ ਨੂੰ ਕੰਮਵਾਲੀ ਦੀ ਲੌੜ ਐ, ਝਾੜੂ-ਪੋਚਾ, ਭਾਂਡੇ ਤੇ ਕਪੜੇ ਦਾ ਕੰਮ ਕਰਨ ਨੂੰ ਕਹਿ ਰਹੀ ਐ। ਕਿਹੋ ਜਿਹੇ ਆਦਮੀ ਨੇ? ਲੜਾਈ ਝਗੜਾ ਕਰਨ ਵਾਲੇ ਤਾਂ ਨਹੀਂ?

“ਚੰਗੇ ਆਦਮੀ ਐ। ਤੈਨੂੰ ਵੀ ਕੰਮ ਦੀ ਲੌੜ ਐ, ਕਰ ਲੈ।”

ਤਿੰਨ-ਚਾਰ ਦਿਨਾਂ ਬਾਦ ਉਹ ਬੋਲੀ, “ਬੀਬੀ ਜੀ, ਇੰਨੇ ਕੰਮ ਨਾਲ ਗੁਜਾਰਾ ਨਹੀਂ ਹੁੰਦਾ, ਥੋਡੀ ਜਾਣ-ਪਛਾਣ ’ਚ ਕਿਸੇ ਨੂੰ ਕੰਮਵਾਲੀ ਦੀ ਲੌੜ ਹੋਵੇ ਤਾਂ ਦੱਸਿਓ।”

“ਤੇਰੇ ਕੋਲ ਕੰਮ ਕਰਨ ਨੂੰ ਸਮਾਂ ਹੁਣ ਬਚਿਆ ਈ ਕਿੱਥੇ ਐ। ਹੁਣੇ ਤਾਂ ਤੂੰ ਨਾਲ ਵਾਲਿਆਂ ਦਾ ਕੰਮ ਫੜਿਐ।”

“ਉਹ ਕੰਮ ਤਾਂ ਛੱਡ ’ਤਾ, ਬੀਬੀ ਜੀ।”

“ਕੱਲ ਤਕ ਤਾਂ ਤੂੰ ਉਨ੍ਹਾਂ ਦੀ ਏਨੀ ਵਡਿਆਈ ਕਰਦੀ ਸੀ…ਅੱਜ ਕੰਮ ਛੱਡ ਆਈ। ਕਿਉਂ? ਪੈਸੇ ਘੱਟ ਦਿੰਦੇ ਸੀ ਜਾਂ ਕੰਮ ਜ਼ਿਆਦਾ ਸੀ ਜਾਂ ਬੰਦੇ ਝਗੜੇ ਵਾਲੇ ਸਨ?”

“ਨਹੀਂ ਬੀਬੀ ਜੀ! ਊਂ ਤਾਂ ਸਭ ਠੀਕ ਸੀ…ਪਰ ਅੱਜ ਈ ਮੈਨੂੰ ਪਤਾ ਲੱਗਾ ਕਿ ਉਹ ਸਾਡੇ ਤੋਂ ਨੀਵੀਂ ਜਾਤ ਦੇ ਨੇ। ਨੀਵੀਂ ਜਾਤ ਵਾਲਿਆਂ ਦੇ ਜੂਠੇ ਭਾਂਡੇ ਕਿਵੇਂ ਮਾਂਜ ਸਕਦੀ ਆਂ!”

-0-

Sunday, November 15, 2009

ਹਿੰਦੀ/ ਚੀਸ


ਡਾ. ਯੋਗੇਂਦਰਨਾਥ ਸ਼ੁਕਲ

“ਚਾਚਾ ਜੀ! ਇਹ ਡਰਾਇੰਗਰੂਮ…ਇਹ ਬੈੱਡਰੂਮ…ਇਸ ਟਾਇਲੈਟ ਦਾ ਸੰਗਮਰਮਰ ਮੈਂ ਰਾਜਸਥਾਨ ਤੋਂ ਮੰਗਵਾਇਆ…ਚਾਚਾ ਜੀ, ਇਹ ਮੂਰਤੀ ਮੈਂ ਵਿਦੇਸ਼ ਤੋਂ ਮੰਗਵਾਈ ਐ…।”
ਉਹਨਾਂ ਦੇ ਮਿੱਤਰ ਦਾ ਬੇਟਾ ਰਮੇਸ਼ ਬੜੇ ਚਾਅ ਨਾਲ ਉਹਨਾਂ ਨੂੰ ਆਪਣਾ ਨਵਾਂ ਬਣਿਆ ਮਕਾਨ ਵਿਖਾ ਰਿਹਾ ਸੀ। ਸਾਰੇ ਮਕਾਨ ਦਾ ਨਿਰੀਖਣ ਉਹ ਇਸ ਤਰ੍ਹਾਂ ਕਰ ਰਹੇ ਸਨ, ਜਿਵੇਂ ਉਹਨਾਂ ਦੀਆਂ ਅੱਖਾਂ ਕਿਸੇ ਚੀਜ ਨੂੰ ਖੋਜ ਰਹੀਆਂ ਹੋਣ। ਇਕ ਸਾਲ ਪਹਿਲਾਂ ਦੇ ਇਕ ਦ੍ਰਿਸ਼ ਨੇ ਉਹਨਾਂ ਦੇ ਹਿਰਦੇ ਵਿਚ ਖਲਬਲੀ ਮਚਾਈ ਹੋਈ ਸੀ।
ਉਹਨਾਂ ਦੇ ਮਿੱਤਰ ਦਾ ਬੇਜਾਨ ਸ਼ਰੀਰ ਜ਼ਮੀਨ ਉੱਤੇ ਪਿਆ ਸੀ। ਲੋਕ ਉਹਨਾਂ ਦੇ ਮ੍ਰਿਤ ਸ਼ਰੀਰ ਨੂੰ ਅਰਥੀ ਉੱਤੇ ਲ਼ਿਟਾਉਣਾ ਚਾਹੁੰਦੇ ਸਨ। ਪਰ ਰਮੇਸ਼ ਪਿਤਾ ਦੇ ਮ੍ਰਿਤ ਸ਼ਰੀਰ ਨਾਲ ਚਿੰਬੜਿਆ ਹੋਇਆ ਸੀ ਤੇ ਚੀਕ ਚੀਕ ਕੇ ਵਿਰਲਾਪ ਕਰ ਰਿਹਾ ਸੀ। ਉਹਨਾਂ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਲਾਸ਼ ਤੋਂ ਵੱਖ ਕੀਤਾ ਸੀ।
“ਚਾਚਾ ਜੀ, ਆਓ ਨਾਸ਼ਤਾ ਲੱਗ ਗਿਆ।” ਰਮੇਸ਼ ਦੀ ਆਵਾਜ਼ ਸੁਣ ਕੇ ਉਹ ਉਸਦੇ ਪਿੱਛੇ ਤੁਰ ਪਏ। ਨਾਸ਼ਤਾ ਕਰਦੇ ਸਮੇਂ ਰਮੇਸ਼ ਨੇ ਉਹਨਾਂ ਨੂੰ ਪੁੱਛਿਆ, “ਚਾਚਾ ਜੀ! ਘਰ ਤੁਹਾਨੂੰ ਕਿਹੋ ਜਿਹਾ ਲੱਗਾ?”
ਜਦੋਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਰਮੇਸ਼ ਨੇ ਪ੍ਰਸ਼ਨ ਫਿਰ ਤੋਂ ਪੁੱਛਿਆ।
“ਪੁੱਤਰ! ਤੇਰਾ ਘਰ ਤਾਂ ਬਹੁਤ ਸੁੰਦਰ ਹੈ…ਆਪਣੇ ਪਿਤਾ ਦੇ ਮਕਾਨ ਨੂੰ ਤੁੜਵਾ ਕੇ ਤੂੰ ਬਹੁਤ ਸੁੰਦਰ ਮਕਾਨ ਬਣਵਾਇਆ ਹੈ, ਪਰੰਤੂ ਇਸ ਘਰ ਵਿਚ ਕਿਤੇ ਵੀ ਮੈਨੂੰ ਆਪਣੇ ਮਿੱਤਰ ਦੀ ਕੋਈ ਤਸਵੀਰ ਦਿਖਾਈ ਨਹੀਂ ਦਿੱਤੀ।”
ਉਹ ਉੱਤਰ ਉਡੀਕ ਰਹੇ ਸਨ, ਪਰ ਰਮੇਸ਼ ਨੀਵੀਂ ਪਾਈ ਗੂੰਗਾ ਬਣਿਆ ਬੈਠਾ ਸੀ।
-0-