Tuesday, May 14, 2013

ਹਿੰਦੀ/ ਹਾਥੀ ਦਾ ਬੱਚਾ



ਕਾਲੀ ਚਰਨ ਪ੍ਰੇਮੀ


ਕਦੋਂ? ਕਿਵੇਂ? ਉਸ ਬੱਚੇ ਦੀਆਂ ਲੱਤਾਂ ਨੂੰ ਕੁਚਲਦੀ ਹੋਈ ਇਕ ਕਾਰ ਹਵਾ ਹੋ ਗਈ, ਇਹ ਉਸ ਬੱਚੇ ਦੀ ਦਰਦਨਾਕ ਚੀਕ ਤੋਂ ਹੀ ਪਤਾ ਲੱਗਾ। ਇੱਕਦਮ ਉੱਥੇ ਭੀੜ ਜੁਟ ਗਈ। ਦਰੋਗਾ ਜੀ ਵੀ ਆਪਣੇ ਡੰਡੇ ਨਾਲ, ‘ਚਲੋ, ਪਾਸੇ ਹਟੋ’ ਕਹਿਦੇ ਆ ਧਮਕੇ।
ਆਪਣੀਆਂ ਮੁੱਛਾਂ ਨੂੰ ਵੱਟ ਦਿੰਦੇ ਹੋਏ ਬੋਲੇ, “ਇਹ ਕਿਸਦਾ ਬੱਚਾ ਐ?”
ਬੱਚਾ ਬੇਹੋਸ਼ ਸੀ। ਦਰੋਗਾ ਜੀ ਨੇ ਉਸ ਬੱਚੇ ਨੂੰ ਧਿਆਨ ਨਾਲ ਦੇਖਿਆ। ਫਿਰ ਚਾਰੇ ਪਾਸੇ ਟਹਿਲਦੇ ਹੋਏ ਇੱਕ ਚੱਕਰ ਲਾਇਆ। ਬੱਚੇ ਨੇ ਮੈਲੀ ਜਿਹੀ ਕਮੀਜ਼ ਪਾਈ ਹੋਈ ਸੀ। ਸਿਰ ਦੇ ਵਾਲ ਰੁੱਖੇ ਸਨ। ਉਹਨੇ ਮਨ ਹੀ ਮਨ ਅੰਦਾਜ਼ਾ ਲਾਇਆ–‘ਸਾਲਾ ਕਿਸੇ ਨੀਵੀਂ ਜਾਤ ਦਾ ਪਿੱਲਾ ਹੈ। ਹਰਾਮੀ ਦੇਖਕੇ ਨਹੀਂ ਚਲਦੇ। ਮਾਂ-ਪਿਉ ਪੈਦਾ ਕਰਕੇ ਸੜਕ ’ਤੇ ਛੱਡ ਜਾਂਦੇ ਹਨ। ਅਸੀਂ ਲੋਕ ਖਾਮਖਾਹ ਪਰੇਸ਼ਾਨ ਹੁੰਦੇ ਹਾਂ।’
ਤਦੇ ਭੀੜ ਵਿੱਚੋਂ ਬੱਚੇ ਨੂੰ ਪਛਾਣਦਾ ਹੋਇਆ ਕੋਈ ਬੋਲਿਆ, “ਦਰੋਗਾ ਜੀ, ਇਹ ਤਾਂ ਸਾਡੇ ਪਿੰਡ ਦੇ ਸਰਪੰਚ ਦਾ ਮੁੰਡਾ ਹੈ।”
“ਅੱਛਾ!” ਦਰੋਗਾ ਜੀ ਮਨ ਹੀ ਮਨ ਖੁਸ਼ੀ ਨਾਲ ਮੁਸਕਰਾਏ–‘ਜੈ ਹੋਵੇ ਉੱਪਰ ਵਾਲੇ ਦੀ, ਇਹ ਤਾਂ ਹਾਥੀ ਦਾ ਬੱਚਾ ਹੈ।’
ਅਗਲੇ ਹੀ ਛਿਣ ਦਰੋਗਾ ਜੀ ਨੇ ਇੱਕ ਟੈਕਸੀ ਰੁਕਵਾਈ ਤੇ ਮੁੰਡੇ ਨੂੰ ਹਸਪਤਾਲ ਲਈ ਲਦਵਾ ਦਿੱਤਾ।
                                        -0-

Sunday, May 5, 2013

ਹਿੰਦੀ/ ਕੰਗਣ



ਪ੍ਰਤਿਮਾ ਸ਼੍ਰੀਵਾਸਤਵ

ਨੈਂਸੀ ਅਤੇ ਵੀਨਾ ਸਰਕਾਰੀ ਦਫਤਰ ਵਿਚ ਕਈ ਸਾਲਾਂ ਤੋਂ ਕੰਮ ਕਰ ਰਹੀਆਂ ਸਨ। ਪਿਛਲੇ ਕਈ ਸਾਲਾਂ ਤੋਂ ਉਹ ਉਡੀਕ ਰਹੀਆਂ ਸਨ ਕਿ ਬੋਨਸ ਮਿਲੇ ਤਾਂ ਦੋਨੋਂ ਸਹੇਲੀਆਂ ਇਕੱਠੀਆਂ ਜਡ਼ਾਊ ਕੰਗਣ ਲੈਣ। ਪਰ ਹਰ ਸਾਲ ਕੋਈ ਨਾ ਕੋਈ ਜ਼ਰੂਰੀ ਖਰਚ ਆ ਜਾਂਦਾ ਤੇ ਕੰਗਣ ਰਹਿ ਜਾਂਦੇ। ਇਸ ਸਾਲ ਨੀਨਾ ਨੇ ਕਿਹਾ, “ਨੈਂਸੀ, ਜੋ ਮਰਜ਼ੀ ਹੋਜੇ ਇਸ ਵਾਰ ਬੋਨਸ ਤੋਂ ਕੰਗਣ ਜ਼ਰੂਰ ਲੈਣੇ ਐ। ਪਿਛਲੇ ਸਾਲ ਤੂੰ ਆਪਣੀ ਭੈਣ ਦੀ ਫੀਸ ਭਰ ਦਿੱਤੀ ਸੀ, ਮੈਂ ਆਪਣੀ ਸੱਸ ਦੇ ਦੰਦਾਂ ਦਾ ਸੈੱਟ ਲਵਾ ਦਿੱਤਾ ਸੀ। ਕਿੰਨੇ ਸਾਲਾਂ ਤੋਂ ਕੰਗਣ ਨਹੀਂ ਲਏ ਜਾ ਰਹੇ ਹਨ।”
ਕੰਗਣ ਦੇ ਮੋਹਕ ਡਿਜਾਇਨ ਦੀ ਕਲਪਣਾ ਵਿਚ ਗੁਆਚਦੇ ਹੋਏ ਨੈਂਸੀ ਨੇ ਕਿਹਾ, “ਹਾਂ ਵੀਨਾ, ਅਸੀਂ ਕੰਗਣ ਜ਼ਰੂਰ ਲਵਾਂਗੀਆਂ। ਮੈਨੂੰ ਤਾਂ ਖੁਦ ਤੇ ਤਰਸ ਆਉਂਦੈ, ਇੱਛਾਵਾਂ ਨੂੰ ਮਾਰਨ ਦੀ ਵੀ ਕੋਈ ਹੱਦ ਹੁੰਦੀ ਐ।”
ਤੈਅ ਹੋਇਆ ਕਿ ਕੰਗਣ ਦੀਵਾਲੀ  ਤੋਂ ਪਹਿਲਾਂ ਹੀ ਲੈ ਲਏ ਜਾਣ।
‘ਕਾਸ਼ੀ ਜਿਊਲਰਜ’ ਦੀ ਦੁਕਾਨ ਉੱਤੇ ਬਹੁਤ ਸਾਰੇ ਕੰਗਣ ਦੇਖੇ ਗਏ। ਪਰੰਤੂ ਜੋ ਪਸੰਦ ਆਉਂਦੇ, ਉਹ ਪਹੁੰਚ ਤੋਂ ਬਾਹਰ ਹੁੰਦੇ। ਜੋ ਬੋਨਸ ਦੇ ਰੁਪਈਆਂ ਵਿਚ ਆ ਸਕਦੇ ਸਨ, ਉਹ ਪਸੰਦ ਨਹੀਂ ਆਏ।
ਖਿੱਝਕੇ ਦੋਨੋਂ ਦੁਕਾਨ ਤੋਂ ਬਾਹਰ ਆ ਗਈਆਂ। ਵੀਨਾ ਨੇ ਭੇਲਪੂਰੀ ਖਰੀਦੀ ਤੇ ਨੈਂਸੀ ਦੇ ਹੱਥ ਉੱਤੇ ਰੱਖਦੀ ਹੋਈ ਬੋਲੀ, “ਨੈਂਸੀ, ਤੂੰ ਕਹਿ ਰਹੀ ਸੀ ਕਿ ਕਿਚਨ ’ਚ ਲੈਂਟਰ ਪੁਆਉਣੈ।”
“ਹਾਂ, ਤੇ ਤੂੰ ਕਹਿ ਰਹੀ ਸੀ ਕਿ ਛੋਟੇ ਭਰਾ ਨੂੰ ਕੋਈ ਪ੍ਰੋਫੈਸ਼ਨਲ ਕੋਰਸ ਕਰਵਾਉਣੈ। ਇੰਜ ਕਰਦੇ ਐਂ ਕਿ ਮੈਂ ਲੈਂਟਰ ਪੁਆ ਲੈਨੀਂ ਆਂ ਤੇ ਤੂੰ ਭਰਾ ਦੀ ਫੀਸ ਭਰ ਦੇ…ਕੰਗਣ ਅਸੀਂ ‘ਆਰਟੀਫਿਸ਼ਲ’ ਲੈ ਲੈਨੇਂ ਆਂ, ਅਸਲੀ ਵਰਗੇ ਈ ਤਾਂ ਲਗਦੇ ਹਨ। ਸੋਨੇ ਦੇ ਲੈ ਕੇ ਲਾਕਰ ’ਚ ਰੱਖਣ ਦਾ ਕੀ ਫਾਇਦਾ?”
ਥੱਕੀ-ਹਾਰੀ ਗੁੰਮਸੁੰਮ ਨਿਗ੍ਹਾ ਨਾਲ  ਦੋਨਾਂ ਨੇ ਇਕ-ਦੂਜੀ ਨੂੰ ਦੇਖਿਆ ਤੇ ਫਿਰ ਠਹਾਕਾ ਲਾ ਕੇ ਭੇਲਪੂਰੀ ਖਾਣ ਲੱਗੀਆਂ।
                                    -0-

Saturday, April 27, 2013

ਅਰਬੀ/ ਸਹਾਰਾ



ਯੂਸਫ ਅਲ ਸ਼ਰੂਨੀ(ਮਿਸਰ)

ਇਕ ਸ਼ਾਮ ਮੈਂ ਆਪਣੀ ਧੀ ਨੂੰ ਗੋਦ ਵਿਚ ਚੁੱਕ ਕੇ ਲਈ ਜਾ ਰਿਹਾ ਸੀ। ਉਸਨੇ ਮੇਰੇ ਮੋਢੇ ਉੱਤੇ ਸਿਰ ਟਿਕਾਇਆ ਹੋਇਆ ਸੀ ਤੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਮੇਰੀ ਗਰਦਨ ਦੁਆਲੇ ਲਪੇਟੀਆਂ ਹੋਈਆਂ ਸਨ। ਅਚਾਣਕ ਇਕ ਜਗ੍ਹਾ ਮੇਰਾ ਪੈਰ ਫਿਸਲ ਗਿਆ। ਮੈਂ ਮੂੰਹ ਦੇ ਭਾਰ ਡਿੱਗਣ ਹੀ ਵਾਲਾ ਸੀ ਕਿ ਬੱਚੀ ਨੇ ਮੇਰੀ ਗਰਦਨ ਦੇ ਦੁਆਲੇ ਆਪਣੀਆਂ ਬਾਹਾਂ ਦੀ ਪਕੜ ਪੀੜੀ ਕਰਦੇ ਹੋਏ ਕਿਹਾ, “ਪਾਪਾ, ਡਰੋ ਨਾ, ਮੈਂ ਤੁਹਾਨੂੰ ਕਸ ਕੇ ਫੜਿਆ ਹੋਇਆ ਹੈ।”
ਤੇ ਜਦੋਂ ਮੈਂ ਡਿੱਗਣ ਤੋਂ ਬਚ ਗਿਆ ਤਾਂ ਬੱਚੀ ਬਹੁਤ ਖੁਸ਼ ਹੋਈ ਕਿ ਉਸਨੇ ਸਚਮੁਚ ਮੈਨੂੰ ਡਿੱਗਣ ਤੋਂ ਬਚਾ ਲਿਆ।
                                     -0-

Monday, April 22, 2013

ਬੰਗਲਾ/ ਆਖਰੀ ਆਦਮੀ



ਸੰਜੀਵ

ਜਾਦੂਗਰ ਦੀ ਹੱਡੀ ਦੀ ਤਰ੍ਹਾਂ ਐਸ.ਪੀ. ਦੀ ਕਿਰਪਾਨ ਹਵਾ ਵਿੱਚ ਲਹਿਰਾਈ ਤਾਂ ਕਤਾਰ-ਦਰ-ਕਤਾਰ ਸਿਪਾਹੀਆਂ ਦੇ ਬੁੱਤਾਂ ਵਿੱਚ ਹਰਕਤ ਹੋਈ। ਫਿਰ ਇੰਸਪੈਕਸ਼ਨ, ਭਾਸ਼ਨ ਤੇ ਹਰੇਕ ਟੁਕੜੀ ਦੀ ਸਲਾਮੀ ਦਾ ਦੌਰ ਚੱਲਿਆ। ਹੌਲੀ-ਹੌਲੀ ਆਯੋਜਨ ਸਮਾਪਤੀ ਦੇ ਕਿਨਾਰੇ ਤਕ ਪੁੱਜਾ। ਸਭ ਤੋਂ ਪਹਿਲਾਂ ਪ੍ਰਥਮ ਪੁਰਸ਼ ਵਿਦਾ ਹੋਏ, ਆਈ.ਜੀ. ਸਮੇਤ ਅਧਿਕਾਰੀਆਂ ਤੇ ਜਵਾਨਾਂ ਦਾ ਸਲਾਮ ਗ੍ਰਹਿਣ ਕਰਦੇ ਹੋਏ। ਕ੍ਰਮਵਾਰ ਆਈ.ਜੀ., ਐਸ.ਐਸ.ਪੀ., ਡੀ.ਐਸ.ਪੀ. ਤੇ ਇੰਸਪੈਕਟਰ ਵੀ ਵਿਦਾ ਹੋਏ। ਆਪਣੇ ਤੋਂ ਹੇਠਾਂ ਵਾਲਿਆਂ ਦਾ ਸਲਾਮ ਹਾਸਲ ਕਰ। ਛਟਦਾ ਗਿਆ ਬਾਹਰ ਦਾ ਮਜਮਾ, ਛਟਦਾ ਗਿਆ ਰੋਹਬ।
ਅੰਤ ਵਿੱਚ ਹਵਲਦਾਰ ਵਗੈਰਾ ਵੀ ਸਿਪਾਹੀਆਂ ਦਾ ਸਲਾਮ ਬਟੋਰ ਕੇ ਵਿਦਾ ਹੋਏ। ਤਦ ਸਿਪਾਹੀਆਂ ਵਿੱਚ ਜਾਤ-ਪਾਤ ਦੇ ਹਿਸਾਬ ਨਾਲ ਦੁਆ-ਸਲਾਮ ਦਾ ਦੌਰ ਚੱਲਿਆ। ਇਸ ਲੜੀ ਦੇ ਅੰਤਮ ਬਿੰਦੂ ਤੇ ਬਚ ਗਿਆ ਸੀ, ਇਕ ਸਿਪਾਹੀ ਤੇ ਮਜਮੇ ਦੇ ਨਾਂ ਉੱਤੇ ਇਕ ਖੋਮਚੇ ਵਾਲਾ– ਖੋਮਚੇ ਵਾਂਗ ਵਾਛਾਂ ਖਿਲਾਰੇ ਹੋਏ।
ਪੁਲਿਸ ਦੇ ਇਸ ਸਧਾਰਨ ਜਵਾਨ ਦੇ ਹਿੱਸੇ ਵਿੱਚ ਬਸ ਉਹੀ ਬਚਿਆ ਸੀ। ਨਿਰਾਸ਼ਾ ਵਿੱਚ ਸਿਪਾਹੀ ਨੇ ਆਪਣੀ ਢਿੱਲੀ ਪੈਂਟ ਨੂੰ ਉੱਪਰ ਖਿੱਚਿਆ। ਜ਼ਰਦਾ ਮਲ ਕੇ ਹੋਠਾਂ ਵਿੱਚ ਦਬਾਇਆ, ਖੋਮਚੇ ਵਾਲੇ ਨੂੰ ਕੱਸ ਕੇ ਡੰਡਾ ਮਾਰਿਆ ਤੇ ਪਹਿਲੀ ਪੀਕ ਸੜਕ ਉੱਤੇ ਦਾਗ, ਅੱਗੇ ਨਿਕਲ ਗਿਆ।
                                             -0-

Sunday, April 14, 2013

ਅੱਖ ਦਾ ਤਿਲ



ਰਾਮੇਸ਼ਵਰ ਕੰਬੋਜ ‘ਹਿਮਾਂਸ਼ੂ’


ਕਮਲਾ ਹੱਥ ਲਹਿਰਾ ਲਹਿਰਾ ਕੇ ਆਪਣੀ ਨੂੰਹ ਉਮਾ ਨੂੰ ਤਾਹਨਿਆਂ-ਮਿਹਣਿਆਂ ਨਾਲ ਛਿੱਲਣ ਉੱਤੇ ਤੁਲੀ ਹੋਈ ਸੀ, “ਪਿਓ ਦੇ ਘਰੋਂ ਪੋਟਲੀ ਬਗਲ ’ਚ ਦਬਾ ਕੇ ਚਲੀ ਆਈ। ਕੰਗਾਲ ਦੇ ਘਰੋਂ ਵੀ ਕੋਈ ਇਸ ਤਰ੍ਹਾਂ ਨਹੀਂ ਆਉਂਦਾ। ਦਾਜ ਨਹੀਂ ਲਿਆਏਂਗੀ ਤਾਂ ਤੈਨੂੰ ਇੱਥੇ ਇਕ ਮਿੰਟ ਵੀ ਨਹੀਂ ਟਿਕਣ ਦਿਆਂਗੀ। ਤੂੰ ਸਮਝਿਆ ਕੀ ਐ?”
ਉਮਾ ਚੁਪਚਾਪ ਬੁੱਤ ਬਣੀ ਖੜੀ ਸੀ, ਭਾਵਹੀਣ। ਉਸ ਨੂੰ ਇਸ ਤਰ੍ਹਾਂ ਚੁਪਚਾਪ ਖੜੀ ਦੇਖ, ਸ਼ਰਮਾ ਜੀ ਅੰਦਰ ਤੱਕ ਦਹਿਲ ਗਏ।  ਉਹ ਕਮਲਾ ਕੋਲ ਆ ਕੇ ਰੁਕ ਗਏ।  ਕਮਲਾ ਫਿਰ ਵੀ ਬਕੀ ਜਾ ਰਹੀ ਸੀ। ਤਦ ਸ਼ਰਮਾ ਜੀ ਨੇ ਦ੍ਰਿੜ੍ਹ ਆਵਾਜ਼ ਵਿਚ ਕਿਹਾ, “ਸੁਣ, ਦਾਜ ਤਾਂ ਤੂੰ ਵੀ ਨਹੀਂ ਸੀ ਲਿਆਈ। ਫਿਰ ਵੀ ਮੇਰੇ ਨਾਲ ਪੱਚੀ ਸਾਲ ਤੋਂ ਇਸ ਘਰ ’ਚ ਰਹਿ ਰਹੀ ਐਂ। ਉਮਾ ਵੀ ਬਿਨਾ ਦਾਜ ਲਿਆਏ ਪੱਚੀ ਸਾਲ ਤੱਕ ਤਾਂ ਇਸ ਘਰ ’ਚ ਰਹਿ ਈ ਸਕਦੀ ਐ।”
ਕਮਲਾ ਦਾ ਚਿਹਰਾ ਉਤਰ ਗਿਆ। ਉਸਨੇ ਹੌਲੇ ਜਿਹੇ ਉਮਾ ਦਾ ਹੱਥ ਆਪਣੇ ਹੱਥ ਵਿਚ ਲੈ ਲਿਆ।
                               -0-