Monday, June 18, 2012

ਹਿੰਦੀ/ ਨਰਾਤੇ


ਸ਼ੋਭਾ ਰਸਤੋਗੀ ਸ਼ੋਭਾ

ਚੌਧਰੀ ਸਾਹਬ ਬਜ਼ਾਰ ਵਿੱਚੋਂ ਲੰਘ ਰਹੇ ਸਨ ਕਿ ਅਚਾਨਕ ਸੁੱਖੂਬਾਈ ਟਕਰਾ ਗਈ, “ਕੀ ਹਾਲ ਹੈ ਚੌਧਰੀ? ਕਈ ਦਿਨਾਂ ਤੋਂ ਇੱਧਰ ਆਏ ਈ ਨਹੀਂ?”
“ਹਾਂ…ਹਾਂ, ਸੁੱਖੂਬਾਈ!…ਠੀਕ ਆਂ, ਠੀਕ ਆਂ…”
“ਇਕ ਨਵੀਂ ਕੁੜੀ…ਮਤਲਬ ਨਵਾਂ ਮਾਲ ਆਇਐ ਕੋਠੇ ਤੇ…ਆਉਣਾ ਚੌਧਰੀ।”
“ਨਹੀਂ ਸੁੱਖੂਬਾਈ! ਅਜੇ ਨਰਾਤੇ ਚੱਲ ਰਹੇ ਨੇ ਨਾ…ਨਰਾਤਿਆਂ ’ਚ ਕੰਨਿਆਂ ਨੂੰ ਹੱਥ ਲਾਉਣਾ ਮਨ੍ਹਾ ਐ…”
ਚਾਰ ਦਿਨ ਬਾਦ ਚੌਧਰੀ ਸੁੱਖੂਬਾਈ ਦੇ ਕੋਠੇ ਉੱਤੇ ਸੀ।
“ਦਿਖਾ ਸੁੱਖੂਬਾਈ, ਕਿੱਥੇ ਐ ਤੇਰਾ ਨਵਾਂ ਮਾਲ?”
“ਚੌਧਰੀ! ਹੁਣ ਲਾ ਲੇਂਗਾ ਕੰਨਿਆਂ ਦੇ ਹੱਥ?”
“ਹੁਣ ਤਾਂ ਸੁੱਖੂਬਾਈ ਸਭਕੁਝ ਲਾ ਲੂੰਗਾ, ਹੁਣ ਤਾਂ ਨਰਾਤੇ ਖਤਮ ਹੋ ਗਏ…।”
                                          -0-


Sunday, June 10, 2012

ਹਿੰਦੀ/ ਗਿਆਨ


ਸੁਧਾ ਓਮ ਢੀਂਗਰਾ(ਯੂ.ਐਸ.ਏ.)

ਸਕੂਲ ਦੀ ਮਾਰਗ-ਦਰਸ਼ਕ ਸਲਾਹਕਾਰ ਨੇ ਕਿੰਡਰ ਗਾਰਟਨ ਦੇ ਨਿੱਕੇ-ਨਿੱਕੇ ਬੱਚਿਆਂ ਨੂੰ ਚਰਿੱਤਰ ਨਿਰਮਾਣ ਸਬੰਧੀ ਗਿਆਨ ਦਿੰਦੇ ਹੋਏ ਸਮਝਾਇਆ, “ਤੁਹਾਡੇ ਗੁਪਤ-ਅੰਗਾਂ ਨੂੰ ਕੋਈ ਹੱਥ ਲਾਵੇ, ਤੁਹਾਨੂੰ ਡਾਂਟੇ, ਤੁਹਾਡੇ ਨਾਲ ਕੋਈ ਗਲਤ ਹਰਕਤ ਕਰੇ ਜਿਹੜੀ ਤੁਹਾਨੂੰ ਚੰਗੀ ਨਾ ਲੱਗੇ ਜਾਂ ਤੁਹਾਨੂੰ ਕੋਈ ਸ਼ਰੀਰਕ ਚੋਟ ਪਹੁੰਚਾਵੇ, ਚਾਹੇ ਉਹ ਮਾਂ-ਬਾਪ ਹੀ ਕਿਉਂ ਨਾ ਹੋਣ ਤਾਂ ਪੁਲਿਸ ਨੂੰ ਫੋਨ ਕਰੋ ਜਾਂ ਟੀਚਰ ਨਾਲ ਗੱਲ ਕਰੋ।”
ਨਿੱਕੇ-ਨਿੱਕੇ ਬੱਚਿਆਂ ਦੇ ਦਿਮਾਗ ਵੱਡੀਆਂ ਗੱਲਾਂ ਨਾਲ ਬੋਝਲ ਹੋ ਗਏ। ਵਿਚਾਰ, ਉਲਝੇ ਵਾਲਾਂ ਵਿੱਚ ਉਲਝ ਗਏ। ਹਰ ਬਾਲ ਬੁੱਧੀ ਨੇ ਇਹ ਗਿਆਨ ਆਪਣੇ ਹਿਸਾਬ ਨਾਲ ਗ੍ਰਹਿਣ ਕੀਤਾ। ਅਮਰੀਕਾ ਵਿੱਚ ਬੱਚਿਆਂ ਨੂੰ ਕੱਚੀ ਉਮਰ ਵਿੱਚ ਉਹਨਾਂ ਦੇ ਅਧਿਕਾਰ ਦੱਸ ਦਿੱਤੇ ਜਾਂਦੇ ਹਨ, ਜਿਹਨਾਂ ਨੂੰ ਉਹ ਠੀਕ ਤਰ੍ਹਾਂ ਸਮਝ ਵੀ ਨਹੀਂ ਪਾਉਂਦੇ।
ਇੱਕ ਬੱਚੇ ਨੇ ਆਪਣੇ ਅਧਿਕਾਰ ਦਾ ਪ੍ਰਯੋਗ ਕਰ ਲਿਆ। ਉਸਦੇ ਪਾਪਾ ਨੇ  ਕੱਲ੍ਹ ਉਸਦੇ ਥੱਪੜ ਮਾਰੇ ਸਨ, ਉਸਨੇ ਆਪਣੇ ਟੀਚਰ ਨੂੰ ਦੱਸ ਦਿੱਤਾ। ਉਸੇ ਦੇ ਸਿੱਟੇ ਵੱਜੋਂ ਅੱਜ ਘਰ ਵਿੱਚ ਹੰਗਾਮਾ ਹੋ ਰਿਹਾ ਹੈ।
ਸਮਾਜ ਸੇਵਿਕਾ ਉਹਨਾਂ ਦੇ ਘਰ ਦਾ ਇੱਕ ਇੱਕ ਕਮਰਾ, ਖਾਸਕਰ ਬੱਚੇ ਦਾ ਕਮਰਾ ਵਾਰ-ਵਾਰ ਦੇਖ ਰਹੀ ਸੀ। ਲੱਭ ਰਹੀ ਸੀ ਕੋਈ ਅਜਿਹਾ ਸਬੂਤ, ਜਿਸ ਨਾਲ ਮਾਂ-ਬਾਪ ਦੋਸ਼ੀ ਸਿੱਧ ਹੋ ਸਕਣ। ਉਸਨੂੰ(ਬੱਚੇ ਨੂੰ) ਪਰਿਵਾਰ ਨਾਲੋਂ ਅੱਡ ਕਰਨ ਦੀ ਗੱਲ ਕਹੀ ਜਾ ਰਹੀ ਸੀ। ਮਾਂ ਦਿਲ ਉੱਪਰ ਹੱਥ ਰੱਖ ਕੇ ਰੋ ਰਹੀ ਸੀ। ਪਾਪਾ ਭਰੀਆਂ ਅੱਖਾਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਇੱਕ ਪਾਸੇ ਡਰ ਤੇ ਸਹਿਮ ਨਾਲ ਦੁਬਕਿਆ ਬੈਠਾ ਸੋਚ ਰਿਹਾ ਸੀ–‘ਉਸਨੂੰ ਮਾਂ-ਪਿਓ ਤੋਂ ਅੱਡ ਕਰਕੇ ‘ਪਾਲਣ-ਪੋਸ਼ਣ ਘਰ’ ਭੇਜ ਦਿੱਤਾ ਜਾਵੇਗਾ। ਅਜਿਹਾ ਤਾਂ ਗਾਈਡੈਂਸ ਕੌਂਸਲਰ ਨੇ ਨਹੀਂ ਦੱਸਿਆ ਸੀ।’
ਬਾਲ ਬੁੱਧੀ ਹੋਰ ਉਲਝ ਗਈ। ਮਾਂ-ਪਿਓ ਤੋਂ ਅੱਡ ਹੋਣਾ ਪਵੇਗਾ, ਸੋਚਕੇ ਹੀ ਉਹ ਬੇਚੈਨ ਹੋ ਗਿਆ। ਉਸਨੂੰ ਟੀਚਰ ਉੱਤੇ ਬਹੁਤ ਗੁੱਸਾ ਆਇਆ। ਮੈਡਮ ਨੇ ਹੋਰਨਾਂ ਨੂੰ ਕਿਉਂ ਦੱਸ ਦਿੱਤਾ? ਉਸਦੇ ਮਾਂ-ਪਿਓ ਤਾਂ ਬਹੁਤ ਚੰਗੇ ਹਨ। ਉਸਨੂੰ ਬਹੁਤ ਪਿਆਰ ਕਰਦੇ ਹਨ। ਉਹ ਉਹਨਾਂ ਨੂੰ ਛੱਡਕੇ ਕਿਤੇ ਹੋਰ ਨਹੀਂ ਜਾਵੇਗਾ। ਉਹ ਕਈ ਦਿਨਾਂ ਤੋਂ ਹੋਮ-ਵਰਕ ਨਹੀਂ ਕਰ ਰਿਹਾ ਸੀ, ਇਸਲਈ ਹੀ ਪਾਪਾ ਨੇ ਗੁੱਸੇ ’ਚ ਇੱਕ ਥੱਪੜ ਮਾਰਿਆ ਸੀ। ਉਸਨੇ ਗਲਤ ਦੱਸਿਆ ਸੀ ਕਿ ਪਾਪਾ ਨੇ ਉਸਦੇ ਕਈ ਥੱਪੜ ਮਾਰੇ ਸਨ ਤੇ ਉਹ ਉਸਨੂੰ ਰੋਜ਼ ਥੱਪੜ ਮਾਰਦੇ ਹਨ। ਉਹ ਤਾਂ ਬੱਸ ਚਾਹੁੰਦਾ ਸੀ ਕਿ ਟੀਚਰ ਉਸਦੇ ਪਾਪਾ ਨੂੰ ਡਾਂਟੇ ਤੇ ਪਾਪਾ ਉਹਨੂੰ ਹੋਮਵਰਕ ਕਰਨ ਲਈ ਨਾ ਕਹਿਣ।
ਮਾਂ ਰੋਂਦੀ-ਰੋਂਦੀ ਬੇਹੋਸ਼ ਹੋਣ ਲੱਗੀ। ਸਮਾਜ ਸੇਵਿਕਾ ਪਾਣੀ ਲੈਣ ਲਈ ਦੌੜੀ। ਬੱਚੇ ਨੂੰ ਲੱਗਾ ਕਿ ਉਸਦੀ ਮਾਂ ਮਰ ਰਹੀ ਹੈ। ਉਹ ਉਸਦੇ ਬਿਨਾਂ ਕਿਵੇਂ ਰਹੇਗਾ? ਉਸਦੀ ਮਾਂ ਉਸਨੂੰ ਗੱਲ-ਗੱਲ ਤੇ ਚੁੰਮਦੀ ਹੈ…ਕਹਾਣੀਆਂ ਸੁਨਾਉਂਦੀ ਹੈ। ਉਸਦੇ ਪਾਪਾ ਉਸ ਲਈ ਢੇਰ ਸਾਰੇ ਖਿਡਣੇ ਲਿਆਂਉਦੇ ਹਨ। ਉਸ ਨਾਲ ਫਿਸ਼ਿੰਗ, ਬੋਲਿੰਗ, ਸਾਈਕਲਿੰਗ ਲਈ ਜਾਂਦੇ ਹਨ।
ਉਹ ਜ਼ੋਰ ਜ਼ੋਰ ਨਾਲ ਰੋਂਦਾ ਹੋਇਆ ਚਿੱਲਾਉਣ ਲੱਗਾ–“ਮੇਰੇ ਮੰਮੀ-ਪਾਪਾ ਨੂੰ ਛੱਡ ਦਿਓ। ਮੈਂ ਟੀਚਰ ਕੋਲ ਝੂਠ ਬੋਲਿਆ ਸੀ। ਮੇਰੇ ਪਾਪਾ ਨੇ ਮੇਰੇ ਥੱਪੜ ਨਹੀਂ ਮਾਰੇ।” ਤੇ ਉਹ ਭੱਜ ਕੇ ਆਪਣੀ ਮਾਂ ਨਾਲ ਚਿੰਬੜ ਗਿਆ।
ਸਮਾਜ ਸੇਵਿਕਾ ਬੱਚੇ ਦਾ ਰੋਣਾ ਦੇਖ ਕੇ ਪਸੀਜ ਗਈ। ਉਸਦੇ ਆਪਣੇ ਬੱਚੇ ਉਸਦੀਆਂ ਅੱਖਾਂ ਅੱਗੇ ਆ ਗਏ।
“ਇਸ ਉਮਰ ਵਿਚ ਨਤੀਜੇ ਤੋਂ ਬੇਖਬਰ ਬੱਚੇ ਅਨਜਾਣਪੁਣੇ ’ਚ ਕਈ ਵਾਰ ਝੂਠ ਬੋਲ ਦਿੰਦੇ ਹਨ।” ਇਤਨਾ ਕਹਿ ਉਹ ਖੁੱਲ੍ਹੀ ਫਾਈਲ ਨੂੰ ਬੰਦ ਕਰਦੀ ਹੋਈ ਘਰੋਂ ਬਾਹਰ ਨਿਕਲ ਗਈ।
                                    -0-


Sunday, May 6, 2012

ਹਿੰਦੀ / ਅਮਾਨਤ


 ਉਰਮਿ ਕ੍ਰਿਸ਼ਣ

ਸਾਰਾ ਸਮਾਨ ਟਰੱਕ ਵਿਚ ਲੱਦਿਆ ਜਾ ਚੁੱਕਾ ਸੀ। ਕਵਿ ਸ਼ਿਵਾ ਅੱਜ ਨਵੇਂ ਮਕਾਨ ਵਿਚ ਜਾ ਰਹੇ ਸਨ। ਉਹਨਾਂ ਦੀ ਪਤਨੀ ਸਰਿਤਾ ਨੇ ਉੱਚੀ ਆਵਾਜ਼ ਵਿਚ ਪੁਕਾਰਿਆ, “ ਗੁੱਡੀਏ ਚੱਲ, ਸਾਰਾ ਸਮਾਨ ਲੱਦਿਆ ਜਾ ਚੁੱਕੈ।”
ਚਾਰ ਸਾਲ ਦੀ ਗੁੱਡੀ ਹੌਲੀ-ਹੌਲੀ ਚੱਲ ਕੇ ਬਾਹਰ ਆ ਰਹੀ ਸੀ। ਉਸਦੀ ਫਰਾਕ ਦੀ ਝੋਲੀ ਵਿਚ ਕੰਕਰ-ਪੱਥਰਾਂ ਦਾ ਭਾਰ ਲੱਦਿਆ ਹੋਇਆ ਸੀ। ਦੇਖਦੇ ਹੀ ਮਾਂ ਚਿੱਲਾਈ, “ਇਹ ਕੀ? ਪੱਥਰਾਂ ਦਾ ਕੀ ਕਰੇਂਗੀ? ਸਿੱਟ ਦੇ ਇੱਥੇ ਈ।” ਮਾਂ ਨੇ ਗੁੱਡੀ ਦੇ ਸਾਰੇ ਪੱਥਰ ਫਰਸ਼ ਉੱਤੇ ਖਿਲਾਰ ਦਿੱਤੇ। ਦੋ ਪਲ ਗੁੱਡੀ ਪੱਥਰ ਬਣੀ ਖਿਲਰੇ ਪੱਥਰਾਂ ਨੂੰ ਦੇਖਦੀ ਰਹੀ ਤੇ ਫਿਰ ਫੁੱਟ-ਫੁੱਟ ਕੇ ਰੋ ਪਈ।
“ਕੀ ਹੋਇਆ ਬੇਟੇ?” ਪਿਤਾ ਨੇ ਗੋਦੀ ਚੁੱਕਦੇ ਹੋਏ ਗੁੱਡੀ ਨੂੰ ਪੁੱਛਿਆ।
ਗੁੱਡੀ ਰੋਈ ਜਾ ਰਹੀ ਸੀ। ਮਾਂ ਨੇ ਅੱਗੇ ਹੋ ਕੇ ਕਿਹਾ, “ਵੇਖੋ, ਤੁਹਾਡੀ ਲਾਡਲੀ ਇਹ ਪੱਥਰ ਫਰਾਕ ’ਚ ਭਰਕੇ ਲਿਜਾ ਰਹੀ ਸੀ। ਨਵੀਂ ਫਰਾਕ ਖਰਾਬ ਕਰਲੀ।”
“ਓਹੋ ਸਰਿਤਾ! ਉਹਦੇ ਪੱਥਰ ਸਿੱਟਣ ਤੋਂ ਪਹਿਲਾਂ ਕੁਝ ਤਾਂ ਸੋਚਦੀ। ਇਹ ਉਹਦੇ ਬਚਪਣ ਦੀ ਅਮਾਨਤ ਹਨ। ਤੇਰੇ ਟਰੱਕ ਭਰੇ ਸਮਾਨ ਤੋਂ ਵੀ ਜ਼ਿਆਦਾ ਕੀਮਤ ਹੈ ਗੁੱਡੀ ਲਈ ਇਨ੍ਹਾਂ ਪੱਥਰਾਂ ਦੀ।”
ਸਰਿਤਾ ਨੇ ਗੁੱਡੀ ਨੂੰ ਗਲ ਨਾਲ ਲਾਉਂਦੇ ਹੋਏ ਕਿਹਾ, “ਮੈਨੂੰ ਮਾਫ਼ ਕਰ ਦੇ ਬੇਟੇ! ਮੈਂ ਤੇਰਾ ਮਨ ਦੁਖਾਇਆ।”
ਤੇ ਤਿੰਨੇਂ ਖਿਲਰੇ ਹੋਏ ਪੱਥਰ ਇਕੱਠੇ ਕਰਨ ਲੱਗੇ।
                                         -0-

Tuesday, April 17, 2012

ਸੰਸਕਾਰ


ਊਸ਼ਾ ਮਹਿਤਾ ਦੀਪਾ

ਰੇਣੂ ਆਪਣੇ ਘਰ ਵਿਚ ਹਲਚਲ ਵੇਖ ਰਹੀ ਸੀ। ਉਹਦਾ ਬੇਟਾ ਵਿਨਾਇਕ ਪਟਾਕਿਆਂ ਅਤੇ ਫੁਲਝੜੀਆਂ ਦੇ ਰੰਗ-ਬਰੰਗੇ ਡੱਬੇ ਲੈ ਕੇ ਆਇਆ ਸੀ। ਬੱਚੇ ਬੜੀ ਬੇਚੈਨੀ ਨਾਲ ਉਹਨਾਂ ਡੱਬਿਆਂ ਦੇ ਖੋਲ੍ਹੇ ਜਾਣ ਦੀ ਉਡੀਕ ਕਰ ਰਹੇ ਸਨ। ਇਹ ਸਭ ਦੇਖ ਰੇਣੂ ਅੰਦਰ ਹੀ ਅੰਦਰ ਉਬਲ ਰਹੀ ਸੀ। ਜਦੋਂ ਉਸ ਤੋਂ ਨਹੀਂ ਰਿਹਾ ਗਿਆ ਤਾਂ ਉਸਨੇ ਵਿਨਾਇਕ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ, “ਬੇਟੇ, ਅਜੇ ਤਾਂ ਤੇਰੇ ਪਿਤਾ ਦੀ ਮੌਤ ਨੂੰ ਇਕ ਮਹੀਨਾ ਹੀ ਹੋਇਆ ਹੈ ਤੇ ਤੁਸੀਂ ਦੀਵਾਲੀ ਮਨਾਉਣ ਦੀ ਤਿਆਰੀ ਕਰ ਰਹੇ ਹੋ। ਸਾਲ ਭਰ ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ।”
“ਮਮਾਂ, ਕਨੁ ਤੇ ਮਨੁ ਜਿਦ ਕਰ ਰਹੇ ਸਨ, ਬੱਚੇ ਹਨ। ਉਹ ਭਲਾ ਇਨ੍ਹਾਂ ਰਸਮਾਂ-ਰਿਵਾਜਾਂ ਨੂੰ ਕਿੱਥੇ ਸਮਝਦੇ ਹਨ।”
“ਵਿਨਾਇਕ!” ਉਹ ਲਗਭਗ ਚੀਕ ਹੀ ਪਈ, “ਬੱਚਿਆਂ ਨੂੰ ਬਚਪਣ ਤੋਂ ਜੇਕਰ ਚੰਗੇ ਸੰਸਕਾਰ ਨਹੀਂ ਦਿੱਤੇ ਜਾਂਦੇ ਤਾਂ ਉਹ ਸਾਰੀ ਉਮਰ ਸੰਸਕਾਰਹੀਨ ਹੀ ਰਹਿੰਦੇ ਹਨ। ਤੁਹਾਡੇ ਪਿਤਾ ਦਾ ਇਨ੍ਹਾਂ ਨਾਲ ਖੂਨ ਦਾ ਰਿਸ਼ਤਾ ਹੈ। ਖੂਨ ਦੇ ਰਿਸ਼ਤੇ ਵੀ ਜੇਕਰ ਇੰਜ ਕਰਨਗੇ ਤਾਂ…?”
“ਮਮਾਂ, ਜਦੋਂ ਦਾਦੂ ਮਰੇ ਸਨ ਤਾਂ ਪੰਦਰਾਂ ਦਿਨਾਂ ਬਾਦ ਹੀ ਹੋਲੀ ਦਾ ਤਿਉਹਾਰ ਆ ਗਿਆ ਸੀ। ਤਦ ਤਾਂ ਤੁਸੀਂ ‘ਬੱਚਿਆਂ ਨੂੰ ਸਭ ਮਾਫ ਐ’ ਕਹਿਕੇ ਹੋਲੀ ਖੇਡਣ ਭੇਜਤਾ ਸੀ। ਕੀ ਦਾਦੂ ਨਾਲ ਸਾਡਾ ਖੂਨ ਦਾ ਰਿਸ਼ਤਾ ਨਹੀਂ ਸੀ? ਤੁਸੀਂ ਹੀ ਇਹ ਸੰਸਕਾਰ ਇਨ੍ਹਾਂ ਨੂੰ ਦਿੱਤੇ ਹਨ।” ਵਿਨਾਇਕ ਦੀ ਅਵਾਜ਼ ਜਰਾ ਤਲਖ ਸੀ।
ਰੇਣੂ ਅਵਾਕ ਵੇਖਦੀ ਰਹਿ ਗਈ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਵਿਨਾਇਕ ਨੇ ਮਾਂ ਨੂੰ ਬਾਹਾਂ ਵਿਚ ਕੱਸ ਲਿਆ ਤੇ ਬੋਲਿਆ, “ਮਮਾਂ! ਅਸੀਂ ਦੀਵਾਲੀ ਨਹੀਂ ਮਨਾਵਾਂਗੇ। ਕਨੁ ਤੇ ਮਨੁ ਵੀ ਸਮਝ ਜਾਣਗੇ। ਪਰ ਮਮਾਂ ਬੱਚਿਆਂ ਨੂੰ ਭੇਦਭਾਵ ਵਾਲੇ ਸੰਸਕਾਰ ਨਾ ਦਿਓ।”
                                         -0-

Tuesday, April 10, 2012

ਕਸ਼ਮੀਰੀ/ ਸ਼ਮਸ਼ਾਨ ਦੀ ਦਾਸਤਾਨ


ਨਾਸਿਰ ਮੰਸੂਰ

ਇਕ ਰਾਤ ਸਭਨਾਂ ਦੀਆਂ ਨਜ਼ਰਾਂ ਤੋਂ ਬਚਕੇ ਉਹ ਚੁੱਪਚਾਪ ਬਸਤੀ ਤੋਂ ਭੱਜ ਖੜਾ ਹੋਇਆ ਤੇ ਬਹੁਤ ਦੂਰ ਇਕ ਜੰਗਲ ਵਿਚ ਰਹਿਣ ਲੱਗਾ। ਇਕ ਦਿਨ ਜਦੋਂ ਉਹ ਘੁੰਮਣ ਲਈ ਨਿਕਲਿਆ ਤਾਂ ਉਹਨੂੰ ਇਕ ਤਲਾਅ ਨਜ਼ਰ ਆਇਆ। ਉਹ ਉਸ ਵੱਲ ਵਧਿਆ। ਤਲਾਅ ਨੇੜੇ ਪਹੁੰਚ ਕੇ ਉਸਨੇ ਇਕ ਅਜੀਬ ਨਜ਼ਾਰਾ ਦੇਖਿਆ– ਤਲਾਅ ਦੇ ਉਸ ਪਾਰ ਗਿਰਝਾਂ, ਇੱਲਾਂ ਤੇ ਕਾਂ ਕਿਸੇ ਮਰਨ ਕਿਨਾਰੇ ਪਏ ਆਦਮੀ ਨੂੰ ਬੇਰਹਮੀ ਨਾਲ ਠੂੰਗਾਂ ਮਾਰ ਮਾਰ ਕੇ ਜ਼ਖ਼ਮੀ ਕਰ ਰਹੇ ਸਨ। ਉਹ ਦੌਡ਼ਦਾ ਹੋਇਆ ਉੱਥੇ ਪਹੁੰਚਿਆ ਤਾਂ ਮਾਸਖੋਰੇ ਪੰਛੀਆਂ ਵਿਚ ਭਾਜਡ਼ ਮੱਚ ਗਈ ਤੇ ਉਹ ਇੱਧਰ-ਉੱਧਰ ਖਿੰਡ ਗਏ।
‘ਓਏ, ਇਹ ਤਾਂ ਆਪਣਾ ਹੀ ਭਰਾ ਹੈ। ਅਣਜਾਣ ਹੈ ਤਾਂ ਕੀ ਹੋਇਆ, ਹੈ ਤਾਂ ਇਨਸਾਨ।’ ਉਸ ਵਿਚ ਮਾਨਵੀ ਸੰਵੇਦਨਾ ਜਾਗ ਉੱਠੀ।
‘ਇਸ ’ਚ ਅਜੇ ਸਾਹ ਬਾਕੀ ਹਨ।’–ਉਸਦੀ ਛਾਤੀ ਉੱਤੇ ਹੱਥ ਫੇਰਦਾ ਹੋਇਆ ਉਹ ਸੋਚਣ ਲੱਗਾ।
ਉਹ ਤਲਾਅ ਵੱਲ ਭੱਜਿਆ।  ਬੁੱਕ ਵਿਚ ਪਾਣੀ ਭਰਕੇ ਉਹਨੂੰ ਪਿਆਇਆ। ਟਿਮਟਿਮਾਉਂਦਾ ਦੀਵਾ ਬੁਝਣ ਤੋਂ ਬਚ ਗਿਆ। ਫਰਿਸ਼ਤੇ ਬੋਲ ਉੱਠੇ– “ਮਾਨਵਤਾ ਦੇ ਪੁਜਾਰੀ ਦੀ ਜੈ!”
ਖੂੰਖਾਰ ਪੰਛੀਆਂ ਨੇ ਜਦੋਂ ਆਪਣੇ ਸ਼ਿਕਾਰ ਨੂੰ ਹੱਥੋਂ ਨਿਕਲਦਿਆਂ ਦੇਖਿਆ ਤਾਂ ਉਹ ਮਾਨਵਤਾ ਦੇ ਪੁਜਾਰੀ ਤੇ ਹੀ ਟੁੱਟ ਪਏ। ਇਹ ਦੇਖ ਪਹਿਲਾ ਆਦਮੀ ਦੱਬੇ ਪੈਰੀਂ ਉੱਥੋਂ ਭੱਜ ਖੜਾ ਹੋਇਆ।
                                                 -0-



Monday, April 2, 2012

ਹਿੰਦੀ/ ਆਪਣੇ ਲਈ


ਡਾ. ਸ਼ੀਲ ਕੌਸ਼ਿਕ

ਪ੍ਰੋਵੀਡੈਂਟ ਫੰਡ ਵਿੱਚੋਂ  ਪੰਜਾਹ ਹਜ਼ਾਰ ਰੁਪਏ ਕਢਵਾਉਣ ਲਈ ਕਲਰਕ ਰਾਮ ਪ੍ਰਸਾਦ ਦੀ ਅਰਜੀ ਦੇਖ ਕੇ ਅਧਿਕਾਰੀ ਹੈਰਾਨ ਸੀ। ਉਸਨੇ ਰਾਮਪ੍ਰਸਾਦ ਨੂੰ ਸੱਦਿਆ ਤੇ ਕਿਹਾ, “ਸਿਰਫ ਤਿੰਨ ਮਹੀਨਿਆਂ ਮਗਰੋਂ ਤੁਸੀਂ ਰਿਟਾਇਰ ਹੋ ਜਾਣਾ ਹੈ। ਸਾਰੀ ਰਕਮ ਇਕੱਠੀ ਮਿਲ ਹੀ ਜਾਣੀ ਹੈ। ਫਿਰ ਇਹ ਰਕਮ ਕਿਸ ਲਈ?”
ਰਾਮ ਪ੍ਰਸਾਦ ਕੁਝ ਦੇਰ ਸੋਚਦਾ ਰਿਹਾ। ਫਿਰ ਬੋਲਿਆ, “ਸਰ! ਜਦੋਂ ਦਾ ਸਰਵਿਸ ’ਚ ਆਇਆ ਹਾਂ, ਪਤਨੀ ਤੇ ਬੱਚਿਆਂ ਦੀਆਂ ਫਰਮਾਇਸ਼ਾਂ ਹੀ ਪੂਰੀਆਂ ਕਰਨ ’ਚ ਰਿਹਾ ਹਾਂ…ਸਰ, ਦੋਸਤ ਕਹਿੰਦੇ ਰਹੇ– ਕਦੇ ਆਪਣੇ ਲਈ ਵੀ ਜੀ ਲੈ। ਸੱਤ ਕਿਲੋਮੀਟਰ ਸਾਇਕਲ ਚਲਾ ਕੇ ਦਫਤਰ ਆਉਂਦਾ ਹੈਂ, ਸਾਹ ਚੜ੍ਹ ਜਾਂਦਾ ਹੈ, ਇਕ ਸਕੂਟਰ ਕਿਉਂ ਨਹੀਂ ਲੈ ਲੈਂਦਾ।”
ਰਾਮਪ੍ਰਸਾਦ ਨੂੰ ਰੁਕਿਆ ਦੇਖ ਕੇ ਅਧਿਕਾਰੀ ਬੋਲਿਆ, “ਫਿਰ ਲਿਆ ਕਿਉਂ ਨਹੀਂ ਸਕੂਟਰ?”
“ਸਰ, ਕਿਵੇਂ ਲੈਂਦਾ? ਕਦੇ ਪੁੱਤਰ ਨੂੰ ਬਾਈਕ ਦਿਵਾਈ ਤੇ ਕਦੇ ਬੇਟੀ ਨੂੰ ਟੂਰ ’ਤੇ ਭੇਜਿਆ। ਸਾਰੀ ਜ਼ਿੰਦਗੀ ਪਰਿਵਾਰ ਲਈ ਹੀ ਖਪਾ ਦਿੱਤੀ। ਖੁਦ ਸਕੂਟਰ ਲਈ ਤਰਸਦਾ ਰਿਹਾ।”
“ਤਿੰਨ ਮਹੀਨੇ ਬਾਦ ਲੈ ਲੈਂਦਾ ਸਕੂਟਰ।” ਅਧਿਕਾਰੀ ਨੇ ਕਿਹਾ।
“ਸਰ! ਬੱਚਿਆਂ ਨੂੰ ਪਤਾ ਹੈ ਕਿ ਰਿਟਾਇਰਮੈਂਟ ’ਤੇ ਮੈਨੂੰ ਕਿੰਨੇ ਪੈਸੇ ਮਿਲਣਗੇ। ਉਹਨਾਂ ਨੇ ਪਹਿਲਾਂ ਹੀ ਆਪਣੀਆਂ ਜ਼ਰੂਰਤਾਂ ਦੀ ਲਿਸਟ ਬਣਾ ਲਈ ਹੋਣੀ ਹੈ। ਉਦੋਂ ਮੇਰਾ ਸਕੂਟਰ ਫਿਰ ਰਹਿ ਜਾਵੇਗਾ। ਇਸਲਈ ਮੈਂ ਪਹਿਲਾਂ ਹੀ…।”
                                                  -0-