Sunday, July 8, 2012

ਹਿੰਦੀ/ ਪੈਦਾਇਸ਼ੀ ਦੀਵਾਰ


ਕਾਲੀਚਰਨ ਪ੍ਰੇਮੀ

ਠਾਕਰ ਸਾਹਬ ਦੇ ਘਰ ਔਰਤਾਂ ਦਾ ਜਮਘਟ ਸੀ। ਢੋਲਕੀ ਦੀ ਥਾਪ ਤੇ ਲੋਕਗੀਤ ਗੂੰਜ ਰਹੇ ਸਨ। ਠਾਕਰ ਸਾਹਬ ਦੇ ਘਰ ਪਹਿਲੀ ਵਾਰ ਲੜਕਾ ਪੈਦਾ ਹੋਇਆ ਸੀ। ਇਸਲਈ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਘਰ ਕੋਲੋਂ ਲੰਘਦੀ ਗੰਗਾਦੇਵੀ ਨੇ ਇਹ ਸਭ ਦੇਖਿਆ ਤਾਂ ਦਰਵਾਜੇ ਅੰਦਰ ਘੁਸਦੇ ਹੋਏ ਪੁੱਛਿਆ, “ਨੀ ਚਮੇਲੀਏ! ਕੀ ਹੋਇਆ ਠੁਕਰਾਇਨ ਦੇ?”
“ਕੁੰਵਰ ਸਾਬ ਆਏ ਨੇ,” ਚਮੇਲੀ ਖੁਸ਼ ਹੁੰਦੀ ਬੋਲੀ, “ਬਹੁਤ ਸੋਹਣੀ ਸ਼ਕਲ-ਸੂਰਤ ਐ…ਬਿਲਕੁਲ ਠਾਕਰ ਸਾਬ ਤੇ ਗਏ ਨੇ…ਸਪੂਤ ਐ, ਇਕਦਮ ਸਪੂਤ…!”
ਅਚਾਨਕ ਗੰਗਾਦੇਵੀ ਨੂੰ ਧਿਆਨ ਆਇਆ।
“ਨੀ ਹੋਰ ਕੁਝ ਸੁਣਿਐ…ਹਰੀਏ ਚਮਿਆਰ ਦੀ ਬਹੂ ਦੇ ਮੁੰਡਾ ਹੋਇਆ ਕਿ ਕੁੜੀ?”
“ਹੋਣਾ ਕੀ ਐ, ਕਾਲੀਆ ਹੋਇਐ,” ਹੱਥ ਨਚਾਉਂਦੇ ਹੋਏ ਚਮੇਲੀ ਬੋਲੀ, “ਉਸ ਕਰਮਜਲੇ ਕਰਕੇ ਹਰੀਆ ਉੱਡਿਆ ਫਿਰਦੈ।”
ਹੁਣ ਉਹ ਦੋਨੋਂ ਮੂੰਹ ਬਣਾ ਰਹੀਆਂ ਸਨ।
                                         -0-


         

Monday, July 2, 2012

ਹਿੰਦੀ /ਸਕੂਲ


ਅਰੁਣ ਕੁਮਾਰ

ਸੀਰੀਅਲ ਖਤਮ ਹੁੰਦੇ ਹੀ ਪਤਨੀ ਨੇ ਟੀ.ਵੀ. ਬੰਦ ਕੀਤਾ। ਰਾਤ ਦੇ ਭੋਜਨ ਦੇ ਬਰਤਨ ਸਾਂਭਦੀ ਹੋਈ ਉਹ ਬੋਲੀ, “ਅੱਜ ਦੀਪੂ ਨੇ ਬਹੁਤ ਪਾਣੀ ਪੀਤਾ ਐ। ਛੇਤੀ ਸੌਣ ਦੀ ਜਿੱਦ ਕਰ ਰਿਹਾ ਸੀ ਤਾਂ ਮੈਂ ਦੁੱਧ ਵੀ ਪਿਆ ਦਿੱਤਾ। ਕਿਤੇ ਅਜਿਹਾ ਨਾ ਹੋਵੇ ਕਿ ਰਾਤ ਨੂੰ ਨੀਂਦ ’ਚ ਬਿਸਤਰ ’ਤੇ ਪਿਸ਼ਾਬ ਕਰ ਦੇਵੇ। ਤੁਸੀਂ ਇਹਨੂੰ ਉਠਾ ਕੇ ਪਿਸ਼ਾਬ ਕਰਵਾ ਦਿਓ।”
ਮੈਂ ਦੀਪੂ ਨੂੰ  ਜਗਾਉਣ ਲਈ ਆਵਾਜ਼ ਦਿੱਤੀ, “ਦੀਪੂ…ਓ ਦੀਪੂ, ਉੱਠ ਬੇਟੇ ਉੱਠ।”
ਦੀਪੂ ਥੋੜਾ ਹਿੱਲਿਆ। ਮੈਂ ਉਸਨੂੰ ਜ਼ੋਰ ਨਾਲ ਝੰਜੋੜਦੇ ਹੋਏ  ਫਿਰ ਆਵਾਜ਼ ਲਾਈ, “ਦੀਪੂ, ਉੱਠ ਖੜਾ ਹੋ।”
ਇਹ ਸੁਣਦੇ ਹੀ ਉਹ ਅੱਖਾਂ ਮਲਦੇ ਹੋਏ ਬਿਸਤਰ ਉੱਤੇ ਹੀ ਖੜਾ ਹੋ ਗਿਆ ਤੇ ਨੀਂਦ ਵਿਚ ਹੀ ਬੋਲਣਾ ਸ਼ੁਰੂ ਕਰ ਦਿੱਤਾ, “ਟੂ ਵਨਜ ਆਰ ਟੂ…ਟੂ ਟੂਜ ਆਰ ਫੋਰ…।”
ਮੈਂ ਹੈਰਾਨ, ਪਤਨੀ ਅਵਾਕ। ਮੈਂ ਦੀਪੂ ਨੂੰ ਫੜਕੇ ਖੜਾ ਸੀ ਤੇ ਉਸਨੂੰ ਵਾਰ-ਵਾਰ ਕਹਿ ਰਿਹਾ ਸੀ, “ਦੀਪੂ ਬੇਟੇ! ਤੂੰ ਘਰ ਵਿਚ ਐਂ… ਸਕੂਲ ’ਚ ਨਹੀਂ ਬੇਟੇ…।”
ਪਤਨੀ ਵੀ ਉਸਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਉਹ ‘ਟੂ ਟੈਨਜ਼ ਆਰ ਟਵੈਂਟੀ’ ਉੱਤੇ ਆ ਕੇ ਹੀ ਰੁਕਿਆ।
                                          -0- 

Monday, June 25, 2012

ਹਿੰਦੀ / ਇਨਾਮ


ਪਾਰਸ ਦਾਸੋਤ

ਮੌਤ ਦੇ ਖੂਹ ਵਿਚ…
ਕਲਾਕਾਰ ਮੋਟਰ-ਸਾਇਕਲ ਦੇ ਕਰਤਬ ਦਿਖਾ ਰਿਹਾ ਸੀ।
ਇਕ ਬੱਚੇ ਨੇ ਉਹਦੇ ਵੱਲ ਇਕ ਰੁਪਏ ਦਾ ਨੋਟ ਸਿੱਟਿਆ।
ਖੂਹ ਦੇ ਜਾਲ ਨਾਲ ਢਕੇ ਹੋਣ ਕਾਰਨ, ਨੋਟ ਖੂਹ ਦੇ ਬਾਹਰ ਹੀ ਹੇਠਾਂ ਜਾ ਡਿੱਗਿਆ।
ਸ਼ੌ ਖਤਮ ਹੋਮ ਉੱਤੇ ਕਲਾਕਾਰ ਜਦੋਂ ਬਾਹਰ ਆਇਆ, ਬੱਚਾ ਆਪਣੇ ਨਿੱਕੇ ਜਿਹੇ ਹੱਥ ਵਿਚ ਇਕ ਹੋਰ ਨੋਟ ਫੜੀ ਬੋਲਿਆ, “ਅੰਕਲ, ਅੰਕਲ! ਤੁਹਾਡਾ ਰੁਪਈਆ।”
“ਬੱਸ…! ਬੱਸ, ਇਕ ਰੁਪਿਆ!” ਕਲਾਕਾਰ ਮੁਸਕਰਾਉਂਦਾ ਹੋਇਆ ਬੋਲਿਆ।
ਹੁਣ…
ਬੱਚੇ ਨੇ ਆਪਣੀ ਜੇਬ ਵਿੱਚੋਂ ਟਾਫੀ ਕੱਢੀ ਤੇ ਬੋਲਿਆ, “ਅੰਕਲ! ਮੇਰੇ ਕੋਲ ਹੋਰ ਪੈਸੇ ਨਹੀਂ ਹਨ।”
……
ਇਸ ਤੋਂ ਪਹਿਲਾਂ ਕਿ ਕਲਾਕਾਰ ਕੁਝ ਬੋਲਦਾ, ਬੱਚੇ ਨੇ ਆਪਣੇ ਦੰਦਾਂ ਨਾਲ ਟਾਫੀ ਅੱਧੀ ਤੋੜੀ ਤੇ ਕਲਾਕਾਰ ਵੱਲ ਵਧਾ ਦਿੱਤੀ।
                                        -0-

Monday, June 18, 2012

ਹਿੰਦੀ/ ਨਰਾਤੇ


ਸ਼ੋਭਾ ਰਸਤੋਗੀ ਸ਼ੋਭਾ

ਚੌਧਰੀ ਸਾਹਬ ਬਜ਼ਾਰ ਵਿੱਚੋਂ ਲੰਘ ਰਹੇ ਸਨ ਕਿ ਅਚਾਨਕ ਸੁੱਖੂਬਾਈ ਟਕਰਾ ਗਈ, “ਕੀ ਹਾਲ ਹੈ ਚੌਧਰੀ? ਕਈ ਦਿਨਾਂ ਤੋਂ ਇੱਧਰ ਆਏ ਈ ਨਹੀਂ?”
“ਹਾਂ…ਹਾਂ, ਸੁੱਖੂਬਾਈ!…ਠੀਕ ਆਂ, ਠੀਕ ਆਂ…”
“ਇਕ ਨਵੀਂ ਕੁੜੀ…ਮਤਲਬ ਨਵਾਂ ਮਾਲ ਆਇਐ ਕੋਠੇ ਤੇ…ਆਉਣਾ ਚੌਧਰੀ।”
“ਨਹੀਂ ਸੁੱਖੂਬਾਈ! ਅਜੇ ਨਰਾਤੇ ਚੱਲ ਰਹੇ ਨੇ ਨਾ…ਨਰਾਤਿਆਂ ’ਚ ਕੰਨਿਆਂ ਨੂੰ ਹੱਥ ਲਾਉਣਾ ਮਨ੍ਹਾ ਐ…”
ਚਾਰ ਦਿਨ ਬਾਦ ਚੌਧਰੀ ਸੁੱਖੂਬਾਈ ਦੇ ਕੋਠੇ ਉੱਤੇ ਸੀ।
“ਦਿਖਾ ਸੁੱਖੂਬਾਈ, ਕਿੱਥੇ ਐ ਤੇਰਾ ਨਵਾਂ ਮਾਲ?”
“ਚੌਧਰੀ! ਹੁਣ ਲਾ ਲੇਂਗਾ ਕੰਨਿਆਂ ਦੇ ਹੱਥ?”
“ਹੁਣ ਤਾਂ ਸੁੱਖੂਬਾਈ ਸਭਕੁਝ ਲਾ ਲੂੰਗਾ, ਹੁਣ ਤਾਂ ਨਰਾਤੇ ਖਤਮ ਹੋ ਗਏ…।”
                                          -0-


Sunday, June 10, 2012

ਹਿੰਦੀ/ ਗਿਆਨ


ਸੁਧਾ ਓਮ ਢੀਂਗਰਾ(ਯੂ.ਐਸ.ਏ.)

ਸਕੂਲ ਦੀ ਮਾਰਗ-ਦਰਸ਼ਕ ਸਲਾਹਕਾਰ ਨੇ ਕਿੰਡਰ ਗਾਰਟਨ ਦੇ ਨਿੱਕੇ-ਨਿੱਕੇ ਬੱਚਿਆਂ ਨੂੰ ਚਰਿੱਤਰ ਨਿਰਮਾਣ ਸਬੰਧੀ ਗਿਆਨ ਦਿੰਦੇ ਹੋਏ ਸਮਝਾਇਆ, “ਤੁਹਾਡੇ ਗੁਪਤ-ਅੰਗਾਂ ਨੂੰ ਕੋਈ ਹੱਥ ਲਾਵੇ, ਤੁਹਾਨੂੰ ਡਾਂਟੇ, ਤੁਹਾਡੇ ਨਾਲ ਕੋਈ ਗਲਤ ਹਰਕਤ ਕਰੇ ਜਿਹੜੀ ਤੁਹਾਨੂੰ ਚੰਗੀ ਨਾ ਲੱਗੇ ਜਾਂ ਤੁਹਾਨੂੰ ਕੋਈ ਸ਼ਰੀਰਕ ਚੋਟ ਪਹੁੰਚਾਵੇ, ਚਾਹੇ ਉਹ ਮਾਂ-ਬਾਪ ਹੀ ਕਿਉਂ ਨਾ ਹੋਣ ਤਾਂ ਪੁਲਿਸ ਨੂੰ ਫੋਨ ਕਰੋ ਜਾਂ ਟੀਚਰ ਨਾਲ ਗੱਲ ਕਰੋ।”
ਨਿੱਕੇ-ਨਿੱਕੇ ਬੱਚਿਆਂ ਦੇ ਦਿਮਾਗ ਵੱਡੀਆਂ ਗੱਲਾਂ ਨਾਲ ਬੋਝਲ ਹੋ ਗਏ। ਵਿਚਾਰ, ਉਲਝੇ ਵਾਲਾਂ ਵਿੱਚ ਉਲਝ ਗਏ। ਹਰ ਬਾਲ ਬੁੱਧੀ ਨੇ ਇਹ ਗਿਆਨ ਆਪਣੇ ਹਿਸਾਬ ਨਾਲ ਗ੍ਰਹਿਣ ਕੀਤਾ। ਅਮਰੀਕਾ ਵਿੱਚ ਬੱਚਿਆਂ ਨੂੰ ਕੱਚੀ ਉਮਰ ਵਿੱਚ ਉਹਨਾਂ ਦੇ ਅਧਿਕਾਰ ਦੱਸ ਦਿੱਤੇ ਜਾਂਦੇ ਹਨ, ਜਿਹਨਾਂ ਨੂੰ ਉਹ ਠੀਕ ਤਰ੍ਹਾਂ ਸਮਝ ਵੀ ਨਹੀਂ ਪਾਉਂਦੇ।
ਇੱਕ ਬੱਚੇ ਨੇ ਆਪਣੇ ਅਧਿਕਾਰ ਦਾ ਪ੍ਰਯੋਗ ਕਰ ਲਿਆ। ਉਸਦੇ ਪਾਪਾ ਨੇ  ਕੱਲ੍ਹ ਉਸਦੇ ਥੱਪੜ ਮਾਰੇ ਸਨ, ਉਸਨੇ ਆਪਣੇ ਟੀਚਰ ਨੂੰ ਦੱਸ ਦਿੱਤਾ। ਉਸੇ ਦੇ ਸਿੱਟੇ ਵੱਜੋਂ ਅੱਜ ਘਰ ਵਿੱਚ ਹੰਗਾਮਾ ਹੋ ਰਿਹਾ ਹੈ।
ਸਮਾਜ ਸੇਵਿਕਾ ਉਹਨਾਂ ਦੇ ਘਰ ਦਾ ਇੱਕ ਇੱਕ ਕਮਰਾ, ਖਾਸਕਰ ਬੱਚੇ ਦਾ ਕਮਰਾ ਵਾਰ-ਵਾਰ ਦੇਖ ਰਹੀ ਸੀ। ਲੱਭ ਰਹੀ ਸੀ ਕੋਈ ਅਜਿਹਾ ਸਬੂਤ, ਜਿਸ ਨਾਲ ਮਾਂ-ਬਾਪ ਦੋਸ਼ੀ ਸਿੱਧ ਹੋ ਸਕਣ। ਉਸਨੂੰ(ਬੱਚੇ ਨੂੰ) ਪਰਿਵਾਰ ਨਾਲੋਂ ਅੱਡ ਕਰਨ ਦੀ ਗੱਲ ਕਹੀ ਜਾ ਰਹੀ ਸੀ। ਮਾਂ ਦਿਲ ਉੱਪਰ ਹੱਥ ਰੱਖ ਕੇ ਰੋ ਰਹੀ ਸੀ। ਪਾਪਾ ਭਰੀਆਂ ਅੱਖਾਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਇੱਕ ਪਾਸੇ ਡਰ ਤੇ ਸਹਿਮ ਨਾਲ ਦੁਬਕਿਆ ਬੈਠਾ ਸੋਚ ਰਿਹਾ ਸੀ–‘ਉਸਨੂੰ ਮਾਂ-ਪਿਓ ਤੋਂ ਅੱਡ ਕਰਕੇ ‘ਪਾਲਣ-ਪੋਸ਼ਣ ਘਰ’ ਭੇਜ ਦਿੱਤਾ ਜਾਵੇਗਾ। ਅਜਿਹਾ ਤਾਂ ਗਾਈਡੈਂਸ ਕੌਂਸਲਰ ਨੇ ਨਹੀਂ ਦੱਸਿਆ ਸੀ।’
ਬਾਲ ਬੁੱਧੀ ਹੋਰ ਉਲਝ ਗਈ। ਮਾਂ-ਪਿਓ ਤੋਂ ਅੱਡ ਹੋਣਾ ਪਵੇਗਾ, ਸੋਚਕੇ ਹੀ ਉਹ ਬੇਚੈਨ ਹੋ ਗਿਆ। ਉਸਨੂੰ ਟੀਚਰ ਉੱਤੇ ਬਹੁਤ ਗੁੱਸਾ ਆਇਆ। ਮੈਡਮ ਨੇ ਹੋਰਨਾਂ ਨੂੰ ਕਿਉਂ ਦੱਸ ਦਿੱਤਾ? ਉਸਦੇ ਮਾਂ-ਪਿਓ ਤਾਂ ਬਹੁਤ ਚੰਗੇ ਹਨ। ਉਸਨੂੰ ਬਹੁਤ ਪਿਆਰ ਕਰਦੇ ਹਨ। ਉਹ ਉਹਨਾਂ ਨੂੰ ਛੱਡਕੇ ਕਿਤੇ ਹੋਰ ਨਹੀਂ ਜਾਵੇਗਾ। ਉਹ ਕਈ ਦਿਨਾਂ ਤੋਂ ਹੋਮ-ਵਰਕ ਨਹੀਂ ਕਰ ਰਿਹਾ ਸੀ, ਇਸਲਈ ਹੀ ਪਾਪਾ ਨੇ ਗੁੱਸੇ ’ਚ ਇੱਕ ਥੱਪੜ ਮਾਰਿਆ ਸੀ। ਉਸਨੇ ਗਲਤ ਦੱਸਿਆ ਸੀ ਕਿ ਪਾਪਾ ਨੇ ਉਸਦੇ ਕਈ ਥੱਪੜ ਮਾਰੇ ਸਨ ਤੇ ਉਹ ਉਸਨੂੰ ਰੋਜ਼ ਥੱਪੜ ਮਾਰਦੇ ਹਨ। ਉਹ ਤਾਂ ਬੱਸ ਚਾਹੁੰਦਾ ਸੀ ਕਿ ਟੀਚਰ ਉਸਦੇ ਪਾਪਾ ਨੂੰ ਡਾਂਟੇ ਤੇ ਪਾਪਾ ਉਹਨੂੰ ਹੋਮਵਰਕ ਕਰਨ ਲਈ ਨਾ ਕਹਿਣ।
ਮਾਂ ਰੋਂਦੀ-ਰੋਂਦੀ ਬੇਹੋਸ਼ ਹੋਣ ਲੱਗੀ। ਸਮਾਜ ਸੇਵਿਕਾ ਪਾਣੀ ਲੈਣ ਲਈ ਦੌੜੀ। ਬੱਚੇ ਨੂੰ ਲੱਗਾ ਕਿ ਉਸਦੀ ਮਾਂ ਮਰ ਰਹੀ ਹੈ। ਉਹ ਉਸਦੇ ਬਿਨਾਂ ਕਿਵੇਂ ਰਹੇਗਾ? ਉਸਦੀ ਮਾਂ ਉਸਨੂੰ ਗੱਲ-ਗੱਲ ਤੇ ਚੁੰਮਦੀ ਹੈ…ਕਹਾਣੀਆਂ ਸੁਨਾਉਂਦੀ ਹੈ। ਉਸਦੇ ਪਾਪਾ ਉਸ ਲਈ ਢੇਰ ਸਾਰੇ ਖਿਡਣੇ ਲਿਆਂਉਦੇ ਹਨ। ਉਸ ਨਾਲ ਫਿਸ਼ਿੰਗ, ਬੋਲਿੰਗ, ਸਾਈਕਲਿੰਗ ਲਈ ਜਾਂਦੇ ਹਨ।
ਉਹ ਜ਼ੋਰ ਜ਼ੋਰ ਨਾਲ ਰੋਂਦਾ ਹੋਇਆ ਚਿੱਲਾਉਣ ਲੱਗਾ–“ਮੇਰੇ ਮੰਮੀ-ਪਾਪਾ ਨੂੰ ਛੱਡ ਦਿਓ। ਮੈਂ ਟੀਚਰ ਕੋਲ ਝੂਠ ਬੋਲਿਆ ਸੀ। ਮੇਰੇ ਪਾਪਾ ਨੇ ਮੇਰੇ ਥੱਪੜ ਨਹੀਂ ਮਾਰੇ।” ਤੇ ਉਹ ਭੱਜ ਕੇ ਆਪਣੀ ਮਾਂ ਨਾਲ ਚਿੰਬੜ ਗਿਆ।
ਸਮਾਜ ਸੇਵਿਕਾ ਬੱਚੇ ਦਾ ਰੋਣਾ ਦੇਖ ਕੇ ਪਸੀਜ ਗਈ। ਉਸਦੇ ਆਪਣੇ ਬੱਚੇ ਉਸਦੀਆਂ ਅੱਖਾਂ ਅੱਗੇ ਆ ਗਏ।
“ਇਸ ਉਮਰ ਵਿਚ ਨਤੀਜੇ ਤੋਂ ਬੇਖਬਰ ਬੱਚੇ ਅਨਜਾਣਪੁਣੇ ’ਚ ਕਈ ਵਾਰ ਝੂਠ ਬੋਲ ਦਿੰਦੇ ਹਨ।” ਇਤਨਾ ਕਹਿ ਉਹ ਖੁੱਲ੍ਹੀ ਫਾਈਲ ਨੂੰ ਬੰਦ ਕਰਦੀ ਹੋਈ ਘਰੋਂ ਬਾਹਰ ਨਿਕਲ ਗਈ।
                                    -0-


Sunday, May 6, 2012

ਹਿੰਦੀ / ਅਮਾਨਤ


 ਉਰਮਿ ਕ੍ਰਿਸ਼ਣ

ਸਾਰਾ ਸਮਾਨ ਟਰੱਕ ਵਿਚ ਲੱਦਿਆ ਜਾ ਚੁੱਕਾ ਸੀ। ਕਵਿ ਸ਼ਿਵਾ ਅੱਜ ਨਵੇਂ ਮਕਾਨ ਵਿਚ ਜਾ ਰਹੇ ਸਨ। ਉਹਨਾਂ ਦੀ ਪਤਨੀ ਸਰਿਤਾ ਨੇ ਉੱਚੀ ਆਵਾਜ਼ ਵਿਚ ਪੁਕਾਰਿਆ, “ ਗੁੱਡੀਏ ਚੱਲ, ਸਾਰਾ ਸਮਾਨ ਲੱਦਿਆ ਜਾ ਚੁੱਕੈ।”
ਚਾਰ ਸਾਲ ਦੀ ਗੁੱਡੀ ਹੌਲੀ-ਹੌਲੀ ਚੱਲ ਕੇ ਬਾਹਰ ਆ ਰਹੀ ਸੀ। ਉਸਦੀ ਫਰਾਕ ਦੀ ਝੋਲੀ ਵਿਚ ਕੰਕਰ-ਪੱਥਰਾਂ ਦਾ ਭਾਰ ਲੱਦਿਆ ਹੋਇਆ ਸੀ। ਦੇਖਦੇ ਹੀ ਮਾਂ ਚਿੱਲਾਈ, “ਇਹ ਕੀ? ਪੱਥਰਾਂ ਦਾ ਕੀ ਕਰੇਂਗੀ? ਸਿੱਟ ਦੇ ਇੱਥੇ ਈ।” ਮਾਂ ਨੇ ਗੁੱਡੀ ਦੇ ਸਾਰੇ ਪੱਥਰ ਫਰਸ਼ ਉੱਤੇ ਖਿਲਾਰ ਦਿੱਤੇ। ਦੋ ਪਲ ਗੁੱਡੀ ਪੱਥਰ ਬਣੀ ਖਿਲਰੇ ਪੱਥਰਾਂ ਨੂੰ ਦੇਖਦੀ ਰਹੀ ਤੇ ਫਿਰ ਫੁੱਟ-ਫੁੱਟ ਕੇ ਰੋ ਪਈ।
“ਕੀ ਹੋਇਆ ਬੇਟੇ?” ਪਿਤਾ ਨੇ ਗੋਦੀ ਚੁੱਕਦੇ ਹੋਏ ਗੁੱਡੀ ਨੂੰ ਪੁੱਛਿਆ।
ਗੁੱਡੀ ਰੋਈ ਜਾ ਰਹੀ ਸੀ। ਮਾਂ ਨੇ ਅੱਗੇ ਹੋ ਕੇ ਕਿਹਾ, “ਵੇਖੋ, ਤੁਹਾਡੀ ਲਾਡਲੀ ਇਹ ਪੱਥਰ ਫਰਾਕ ’ਚ ਭਰਕੇ ਲਿਜਾ ਰਹੀ ਸੀ। ਨਵੀਂ ਫਰਾਕ ਖਰਾਬ ਕਰਲੀ।”
“ਓਹੋ ਸਰਿਤਾ! ਉਹਦੇ ਪੱਥਰ ਸਿੱਟਣ ਤੋਂ ਪਹਿਲਾਂ ਕੁਝ ਤਾਂ ਸੋਚਦੀ। ਇਹ ਉਹਦੇ ਬਚਪਣ ਦੀ ਅਮਾਨਤ ਹਨ। ਤੇਰੇ ਟਰੱਕ ਭਰੇ ਸਮਾਨ ਤੋਂ ਵੀ ਜ਼ਿਆਦਾ ਕੀਮਤ ਹੈ ਗੁੱਡੀ ਲਈ ਇਨ੍ਹਾਂ ਪੱਥਰਾਂ ਦੀ।”
ਸਰਿਤਾ ਨੇ ਗੁੱਡੀ ਨੂੰ ਗਲ ਨਾਲ ਲਾਉਂਦੇ ਹੋਏ ਕਿਹਾ, “ਮੈਨੂੰ ਮਾਫ਼ ਕਰ ਦੇ ਬੇਟੇ! ਮੈਂ ਤੇਰਾ ਮਨ ਦੁਖਾਇਆ।”
ਤੇ ਤਿੰਨੇਂ ਖਿਲਰੇ ਹੋਏ ਪੱਥਰ ਇਕੱਠੇ ਕਰਨ ਲੱਗੇ।
                                         -0-