Saturday, July 9, 2011

ਹਿੰਦੀ / ਸੰਸਕਾਰ


ਸ਼ਿਆਮ ਸੁੰਦਰ ਵਿਆਸ

ਪਾਣੀ ਦੀ ਸਰਕਾਰੀ ਟੂਟੀ ਤੋਂ ਪਾਣੀ ਭਰਣ ਵਾਲਿਆਂ ਦੀ ਭੀਡ਼ ਜਮਾਂ ਹੋ ਗਈ ਸੀ। ਘੜਾ ਭਰ ਗਿਆ ਸੀ। ਪਰ ਬੁੱਢੀ ਮਾਂ ਤੋ ਘੜਾ ਚੁੱਕਿਆ ਨਹੀਂ ਸੀ ਜਾ ਰਿਹਾ । ਲੋਕਾਂ ਦਾ ਧੀਰਜ ਬੁਡ਼ਬੁੜਾਹਟ ਵਿੱਚ ਬਦਲਣ ਲੱਗਾ।
ਮਣਕੂ ਨੇ ਘੜਾ ਹਟਾਕੇ ਆਪਣੀ ਬਾਲਟੀ ਟੂਟੀ ਹੇਠ ਕਰਦਿਆਂ ਕਿਹਾ, “ਬਹੂ ਦੇ ਮਹਿੰਦੀ ਲੱਗੀ ਐ, ਜੋ ਤੂੰ ਆ ਗਈ?”
ਲਾਚਾਰ ਆਵਾਜ਼ ਵਿੱਚ ਬੁੱਢੀ ਮੂੰਹੋਂ ਨਿਕਲਿਆ, “ਉਹਦਾ ਪੈਰ ਭਾਰੀ ਐ।”
ਮਣਕੂ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਉੱਤੇ ਕਈ ਘੜੇ ਪਾਣੀ ਪਾ ਦਿੱਤਾ ਹੋਵੇ। ਉਹਨੇ ਘੜਾ ਚੁੱਕਿਆ ਤੇ ਬੁੱਢੀ ਦੇ ਦਰਵਾਜੇ ਉੱਤੇ ਰੱਖ ਆਇਆ।
                        -0-

Saturday, July 2, 2011

ਹਿੰਦੀ/ ਹੰਝੂ


ਕਾਲੀਚਰਣ ਪ੍ਰੇਮੀ
ਠਾਕਰ ਸਾਹਬ ਦੇ ਘਰ ਅੱਜ ਖਾਸ ਮਹਿਮਾਨ ਆਉਣ ਵਾਲੇ ਸਨ। ਉਹਨਾਂ ਦੇ ਸੁਆਗਤ-ਸਤਿਕਾਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਕਿਤੇ ਕੋਈ ਕਸਰ ਬਾਕੀ ਨਹੀਂ ਰਹਿ ਗਈ ਸੀ। ਬਸ ਕੁਝ ਖਟਕ ਰਿਹਾ ਸੀ ਤਾਂ ਪਿਛਵਾੜਿਉਂ ਆ ਰਹੀਆਂ ਰੋਣ-ਪਿੱਟਣ ਦੀਆਂ ਆਵਾਜ਼ਾਂ।
ਹਰੀਏ ਦਾ ਜਵਾਨ ਮੁੰਡਾ ਬੀਮਾਰ ਚੱਲ ਰਿਹਾ ਸੀ। ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ।
‘ਸਾਲਾ ਕਿਤੇ ਮਰ-ਮਰਾ ਨਾ ਜਾਵੇ। ਪੂਰਾ ਪਿਛਵਾੜਾ ਗਲਾ ਪਾਡ਼ਕੇ ਚੀਕੂਗਾ। ਸਾਡੇ ਮਹਿਮਾਨਾਂ ਦਾ ਸਾਰਾ ਮਜਾ ਕਿਰਕਿਰਾ ਹੋ ਜਾਵੇਗਾ। ਆਖਰ ਕੀਤਾ ਕੀ ਜਾਵੇ?’ ਠਾਕਰ ਸਾਹਬ ਚਹਿਲਕਦਮੀ ਕਰਨ ਲੱਗੇ।
ਕੁਝ ਸੋਚ, ਠਾਕਰ ਸਾਹਬ ਪਿਛਵਾੜੇ ਵਾਲੇ ਮਕਾਨ ਵਿੱਚ ਜਾ ਧਮਕੇ ਤੇ ਬੋਲੇ, “ਭਰਾ ਹਰੀਏ! ਦੇਖ ਅੱਜ ਮੇਰੇ ਘਰ ਬਹੁਤ ਵੱਡੇ-ਵੱਡੇ ਆਦਮੀ ਆਉਣ ਵਾਲੇ ਹਨ। ਰੋਣ-ਪਿੱਟਣ ਦੀ ਜਵਾਂ ਲੋਡ਼ ਨਹੀਂ। ਥੋੜਾ ਧਿਆਨ ਰੱਖੀਂ।”
ਤੇ ਉਸ ਰਾਤ ਹਰੀਆ ਆਪਣੇ ਜਵਾਨ ਬੇਟੇ ਦੀ ਮੌਤ ਉੱਤੇ ਵੀ ਰੋ ਨਹੀਂ ਸਕਿਆ।
                         -0-

Wednesday, June 29, 2011

ਹਿੰਦੀ /ਮਨੁੱਖੀ ਗੰਧ


ਸਰੋਜ ਪਰਮਾਰ
ਹਵਾ ਵਿਚ ਹਲਕੀ ਜਿਹੀ ਸਰਸਰਾਹਟ ਅਤੇ ਹਲਚਲ ਮਹਿਸੂਸ ਹੋਈ। ਨਹੀਂ, ਇਹ ਸਿਰਫ ਹਵਾ ਦਾ ਝੋਕਾ ਹੀ ਨਹੀਂ  ਸੀ, ਇਸ ਵਿਚ ਮਨੁੱਖੀ ਗੰਧ ਘੁਲੀ ਹੋਈ ਸੀ। ਜਿਹੜੇ ਲੋਕ ਹਰ ਰੋਜ਼, ਹਰ ਪਲ ਇਸ ਗੰਧ ਦੇ ਸੰਪਰਕ ਵਿਚ ਰਹਿੰਦੇ ਹਨ, ਉਹ ਇਸ ਨੂੰ ਭੁੱਲ ਸਕਦੇ ਹਨ, ਸਗੋਂ ਭੁੱਲ ਜਾਂਦੇ ਹਨ। ਪਰ ਉਹ ਇਸਨੂੰ ਪਛਾਣਨ ਵਿਚ ਭੁੱਲ ਕਿਵੇਂ ਕਰ ਸਕਦੀ ਹੈ, ਜਿਸਨੂੰ ਬਹੁਤ-ਬਹੁਤ ਦਿਨ ਹੋ ਜਾਂਦੇ ਹਨ ਇਸਦੀ ਕਮੀ ਦੇ ਅਹਿਸਾਸ ਨਾਲ ਜਿਉਂਦਿਆਂ। ਤੇ ਤਦ ਹਾਸਿਲ ਹੁੰਦੇ ਹਨ ਇਸਨੂੰ ਮਹਿਸੂਸ ਕਰਨ ਦੇ ਕੁਝ ਪਲ। ਹੱਸਦੇ, ਬੋਲਦੇ, ਸੁਣਦੇ ‘ਗੰਧ ਭਰੇ’ ਕੁਝ ਪਲ।
ਨਾਂ ਦੇ ਰਿਸ਼ਤਿਆਂ ਵਿੱਚੋਂ ਮਹੀਨੇ ਵਿਚ ਇੱਕ-ਅੱਧ ਵਾਰ ਕੋਈ ਆਉਂਦਾ ਹੈ। ਬਜ਼ਾਰੋਂ ਜ਼ਰੂਰਤ ਦੇ ਸਮਾਨ ਦਾ ਪ੍ਰਬੰਧ ਕਰਨ। ਬਾਕੀ ਕੰਮ ਉਹ ਆਪਣੇ ਕੰਬਦੇ ਸਰੀਰ ਨਾਲ ਕਰਨ ਲਈ ਮਜਬੂਰ ਹੁੰਦੀ ਹੈ। ਉਸ ‘ਪ੍ਰਬੰਧ ਦਿਵਸ’ ਦੇ ਆਉਣ ਵਿਚ ਅਜੇ ਪੂਰੇ ਵੀਹ ਦਿਨ ਦੀ ਉਡੀਕ ਬਾਕੀ ਹੈ। ਸਵੇਰੇ ਹੀ ਤਾਂ ਉਹਨੇ ਦਿਨ ਗਿਣੇ ਹਨ। ਫੇਰ ਇਹ ਕੌਣ…?
ਅੱਖਾਂ ਕਮਜ਼ੋਰ ਸਹੀ, ਪਰ ਉਸ ਘੁਸਮੁਸੇ ਵਿਚ ਧਿਆਨ ਨਾਲ ਦੇਖਿਆ ਤਾਂ ਨਜ਼ਰ  ਆ ਹੀ ਗਿਆ। ਸਚਮੁਚ ਦਾ ਇਕ ਜਿਉਂਦਾ ਜਾਗਦਾ ਇਨਸਾਨ। ਮੱਲੋ ਜ਼ੋਰੀ ਉਸਦੇ ਚਿਹਰੇ ਉੱਤੇ ਮੁਸਕਾਨ ਫੈਲ ਗਈ।
ਭੈ, ਡਰ ਤੇ ਬੇਬਸੀ ਦੇਖਣ ਦੇ ਆਦੀ ਲੁਟੇਰੇ ਦੀ ਬੇਸੁਧ ਨਿਗਾਹ ਕਦੇ ਆਪਣੇ ਹਥਿਆਰ ਤੇ ਕਦੇ ਅਜਨਬੀ ਚਿਹਰੇ ਦੀ ਸੁਆਗਤ ਭਰੀ ਮੁਸਕਾਨ ਨੂੰ ਦੇਖ ਰਹੀ ਸੀ।
                                            -0-

Saturday, June 11, 2011

ਹਿੰਦੀ/ ਜ਼ਹਿਰ


 ਰਚਨਾ ਸ਼੍ਰੀਵਾਸਤਵ
ਅਜੇ ਕੁਝ ਹੀ ਮਹੀਨੇ ਹੋਏ ਸਨ ਡੇਂਟਨ (ਅਮਰੀਕਾ) ਆਏ ਹੋਏ। ਆਉਂਦੇ ਸਮੇਂ ਤਾਂ ਬਹੁਤ ਚੰਗਾ ਲੱਗ ਰਿਹਾ ਸੀ, ਨਵੀਂ ਦੁਨੀਆ, ਨਵੇਂ ਸੁਫਨੇ। ਪਰ ਹੁਣ ਇਸ ਮਸ਼ੀਨੀ ਦੇਸ਼ ਵਿਚ ਮੈਂ ਖੁਦ ਨੂੰ ਬਹੁਤ ਇੱਕਲੀ ਮਹਿਸੂਸ ਕਰ ਰਹੀ ਸੀ। ਮਧੁਰ ਦੇ ਜਾਣ ਤੋਂ ਬਾਦ ਤਾਂ ਜਿਵੇਂ ਘਰ ਵੱਢਣ ਨੂੰ ਆਉਂਦਾ ਸੀ। ਸਾਮੀਂ ਘਰ ਤੋਂ ਹੇਠਾਂ ਉੱਤਰ ਕੇ ਥੋੜਾ ਟਹਿਲ ਲੈਂਦੀ ਤਾਂ ਚੰਗਾ ਲਗਦਾ। ਫਿਰ ਤਾਂ ਟਹਿਲਣਾ ਮੇਰੀ ਆਦਤ ਬਣ ਗਈ। ਇਕ ਦਿਨ ਦੇਖਿਆ, ਸਾਡੇ ਹੇਠਾਂ ਵਾਲੇ ਅਪਾਰਟਮੈਂਟ ਵਿਚ ਕੋਈ ਰਹਿਣ ਆਇਆ ਹੈ। ਇੱਕ ਔਰਤ ਤੇ ਉਸਦੀ ਤਿੰਨ-ਚਾਰ ਸਾਲ ਦੀ ਬੱਚੀ ਸੀ। ਅਕਸਰ ਜਦੋਂ ਮੈਂ ਟਹਿਲਣ ਜਾਂਦੀ ਤਾਂ ਉਹ ਬੱਚੀ ਖਿਡ਼ਕੀ ਵਿੱਚੋਂ ਮੈਂਨੂੰ ਦੇਖਦੀ ਰਹਿੰਦੀ ਤੇ ਆਪਣੀ ਪਿਆਰੀ ਮੁਸਕਾਨ ਨਾਲ ਮੈਂਨੂੰ ‘ਹਾਏ!’ ਕਹਿੰਦੀ। ਮੈਂ ਵੀ ਉਸੇ ਪਿਆਰ ਨਾਲ ਉਹਦਾ ਉੱਤਰ ਦਿੰਦੀ। ਕਦੇ-ਕਦੇ ਉਹ ਬਾਹਰ ਖੇਡਦੀ ਮਿਲ ਜਾਂਦੀ। ਮੈਂਨੂੰ ਦੇਖ ਕੇ ਉਹ ਮੇਰੇ ਕੋਲ ਆਉਂਦੀ, ਪਰ ਜਿਵੇਂ ਹੀ ਉਹ ਆਪਣੀ ਮਾਂ ਨੂੰ ਆਉਂਦੇ ਦੇਖਦੀ ਤਾਂ ਮੇਰੇ ਤੋਂ ਦੂਰ ਭੱਜ ਜਾਂਦੀ। ਉਸਨੇ ਦੱਸਿਆ ਕਿ ਉਸ ਦਾ ਨਾਂ ਕ੍ਰਿਸਟੀ ਹੈ ਤੇ ਉਹ ਚਾਰ ਸਾਲ ਦੀ ਹੈ। ਉਸਦੇ ਪਾਪਾ ਨਾਲ ਨਹੀਂ ਰਹਿੰਦੇ, ਕਦੇ-ਕਦੇ ਮਿਲਣ ਆਉਂਦੇ ਹਨ। ਜਦੋਂ ਤੱਕ ਉਸਦੀ ਮਾਂ ਨਹੀਂ ਆਉਂਦੀ, ਉਹ ਅਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ।
ਇੱਕ ਦਿਨ ਜਦੋਂ ਟਹਿਲ ਕੇ ਵਾਪਸ ਆਈ ਤਾਂ ਉਹ ਜਿਵੇਂ ਮੇਰੀ ਹੀ ਉਡੀਕ ਕਰ ਰਹੀ ਸੀ। ਮੈਨੂੰ ਦੇਖਦੇ ਹੀ ਬੋਲੀ, “ਮੈਂ ਤੁਹਾਡਾ ਘਰ ਦੇਖਣਾ ਚਾਹੁੰਦੀ ਹਾਂ। ਕੀ ਮੈਂ ਤੁਹਾਡੇ ਨਾਲ ਆ ਸਕਦੀ ਹਾਂ?”
ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਹਾਂ, ਪਰ ਉਹਦੀ ਭੋਲੀ ਸੂਰਤ ਤੇ ਮਾਸੂਮ ਅੱਖਾਂ ਜਿਸ ਤਰ੍ਹਾਂ ਮੈਂਨੂੰ ਦੇਖ ਰਹੀਆਂ ਸਨ, ਮੈਂ ਉਸਨੂੰ ਮਨ੍ਹਾ ਨਹੀਂ ਕਰ ਸਕੀ। ਮਨ ਵਿਚ ਕੁਝ ਸੰਕੋਚ ਵੀ ਸੀ। ਇਸਲਈ ਛੇਤੀ-ਛੇਤੀ ਘਰ ਦਿਖਾ ਕੇ ਉਸ ਨਾਲ ਪੌੜੀਆਂ ਵਿਚ ਬੈਠ ਗਈ।
“ਤੁਹਾਡੇ ਘਰ ’ਚੋਂ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਸੀ। ਮੈਂਨੂੰ ਬਹੁਤ ਚੰਗਾ ਲੱਗਾ। ਸਾਡੇ ਘਰ ਮੰਮੀ ਪਤਾ ਨਹੀਂ ਕੀ ਬਣਾਉਂਦੀ ਹੈ, ਅਜੀਬ ਜਿਹੀ ਸਮੈਲ ਆਉਂਦੀ ਹੈ।”
“ਨਹੀਂ ਕ੍ਰਿਸਟੀ, ਅਜਿਹਾ ਨਹੀਂ ਕਹਿੰਦੇ। ਮੰਮੀ ਜੋ ਕੁਝ ਵੀ ਬਣਾਉਂਦੀ ਹੈ, ਤੇਰੇ ਲਈ ਹੀ ਬਣਾਉਂਦੀ ਹੈ ਨਾ। ਤੁਸੀਂ ਲੋਕ ਮੀਟ ਖਾਂਦੇ ਹੋ, ਉਸ ਦੀ ਹੀ ਸਮੈਲ ਹੋਵੇਗੀ।”
“ਹਾਂ, ਤੁਸੀਂ ਠੀਕ ਕਹਿ ਰਹੇ ਹੋ, ਪਰ ਉਹ ਸਮੈਲ ਮੈਂਨੂੰ ਚੰਗੀ ਨਹੀਂ ਲਗਦੀ। ਤੁਹਾਡੇ ਕਪੜੇ ਮੈਂਨੂੰ ਬਹੁਤ ਚੰਗੇ ਲਗਦੇ ਹਨ। ਇਸਨੂੰ ਕੀ ਕਹਿੰਦੇ ਹਨ? ਤੁਸੀਂ ਹੱਥਾਂ ’ਚ ਤੁਸੀਂ ਕੀ ਪਾਇਆ ਹੈ? ਮੱਥੇ ’ਤੇ ਕੀ ਲਾਇਆ ਹੈ?”
ਇਸੇ ਤਰ੍ਹਾਂ ਉਹ ਮੇਰੇ ਤੋਂ ਬਹੁਤ ਸਾਰੀਆਂ ਗੱਲਾਂ ਪੁੱਛਦੀ ਰਹੀ ਤੇ ਮੈਂ ਉਸਦੇ ਛੋਟੇ-ਛੋਟੇ ਭੋਲੇ ਸਵਾਲਾਂ ਦੇ ਉੱਤਰ ਦਿੰਦੀ ਰਹੀ। ਮੈਂ ਉਹਦੇ ਮੱਥੇ ਉੱਤੇ ਇੱਕ ਛੋਟੀ ਜਿਹੀ ਬਿੰਦੀ ਵੀ ਲਾ ਦਿੱਤੀ। ਉਹ ਚਿੜੀ ਵਾਂਗ ਚਹਿਕ ਉੱਠੀ।
“ਕੀ ਮੈਂ ਇਹ ਪੱਤਾ ਰੱਖ ਸਕਦੀ ਹਾਂ?” ਉਹਨੇ ਬਿੰਦੀਆਂ ਦਾ ਪੱਤਾ ਹੱਥ ਵਿਚ ਲੈਂਦੇ ਹੋਏ ਕਿਹਾ।
“ਹਾਂ ਇਹ ਤੇਰੇ ਲਈ ਹੀ ਹੈ।”
ਤਦੇ ਉਸ ਦੀ ਮਾਂ ਦੀ ਆਵਾਜ਼ ਆਈ, “ਕ੍ਰਿਸਟੀ, ਤੂੰ ਕਿੱਥੇ ਹੈਂ?”
ਕ੍ਰਿਸਟੀ ਇਕਦਮ ਸਹਿਮ ਗਈ। ਉਹਦੀ ਸਾਰੀ ਚਹਿਕ ਖਤਮ ਹੋ ਗਈ। ਉਹ ਜਾਣ ਲੱਗੀ, ਪਰ ਉਹਦੀ ਮਾਂ ਪੌੜੀਆਂ ਵਿੱਚ ਆ ਗਈ ਸੀ।
 ਮੈਂ ‘ਹਾਏ!’ ਕਿਹਾ, ਪਰ ਉਹਨੇ ਕੋਈ ਉੱਤਰ ਨਾ ਦੇ ਕੇ  ਸਿਰਫ ਸਿਰ ਝਟਕ ਦਿੱਤਾ। ਉਸਨੇ ਕ੍ਰਸਟੀ ਦਾ ਹੱਥ ਫੜਿਆ , ਉਹਦੇ ਮੱਥੇ ਉੱਤੋਂ ਬਿੰਦੀ ਲਾਹ ਕੇ ਸੁੱਟਦੇ ਹੋਏ ਬੋਲੀ, “ਤੈਨੂੰ ਕਿੰਨੀ ਵਾਰ ਮਨ੍ਹਾ ਕੀਤਾ ਹੈ ਕਿ ਇਨ੍ਹਾਂ ਨਾਲ ਗੱਲ ਨਾ ਕਰਿਆ ਕਰ। ਇਹ ਜਾਦੂ-ਟੂਣਾ ਜਾਣਦੇ ਹਨ। ਇਹ ਹਾਥੀਆਂ ਤੇ ਸੱਪਾਂ ਦੇ ਦੇਸ਼ ਤੋਂ ਆਏ ਹਨ…।”
ਉਹ ਪਤਾ ਨਹੀਂ ਕੀ ਕੀ ਬੋਲਦੀ ਜਾ ਰਹੀ ਸੀ। ਕ੍ਰਿਸਟੀ ਨੇ ਬੇਬਸੀ ਵਿਚ ਮੁੜਕੇ ਇਕ ਵਾਰ ਮੇਰੇ ਵੱਲ ਦੇਖਿਆ। ਉਹਦੀ ਮਾਂ ਉਸਨੂੰ ਲਗਭਗ ਘੜੀਸਦੀ ਹੋਈ ਲਿਜਾ ਰਹੀ ਸੀ।
                           -0-

Sunday, May 29, 2011

ਹਿੰਦੀ/ ਬਰਾਬਰੀ


ਰਤਨ ਚੰਦ ਰਤਨੇਸ਼
ਸਵੇਰੇ ਸਵੇਰੇ ਪਿੰਡੋਂ ਤਾਜੀਆਂ ਸਬਜ਼ੀਆਂ ਲਿਆ ਕੇ  ਸੁੱਖਾ ਪਾਸ਼ ਕਾਲੋਨੀ ਦੀਆਂ ਆਲੀਸ਼ਾਨ ਕੋਠੀਆਂ ਅੱਗੇ ਜਾ ਕੇ ਹਾਕ ਦਿੰਦਾ, “ਸਾਗ ਲਓ…ਪਾਲਕ ਲਓ…ਮੇਥੀ ਲਓ…ਮੂਲੀ ਲਓ…।”
ਉਹਦੇ ਸਾਇਕਲ ਉੱਤੇ ਲੱਦੀਆਂ ਹਰੀਆਂ ਸਬਜ਼ੀਆਂ ਘੰਟੇ ਭਰ ਵਿਚ ਹੀ ਵਿਕ ਜਾਂਦੀਆਂ। ਇਕ ਵੱਡੇ ਅਫਸਰ ਦੀ ਪਤਨੀ ਰਸ਼ਮੀ ਤਾਂ ਰੋਜ਼ ਹੀ ਉਸ ਤੋਂ ਸਬਜ਼ੀ ਲੈਂਦੀ । ਇਸ ਲਈ ਉਹਦੀ ਸੁੱਖੇ ਨਾਲ ਜਾਣ-ਪਛਾਣ ਹੋ ਗਈ। ਸਬਜ਼ੀਆਂ ਖਰੀਦਦੇ ਸਮੇਂ ਉਹ ਕਦੇ-ਕਦੇ ਸੁੱਖੇ ਦੇ ਘਰ ਤੇ ਬੱਚਿਆਂ ਦਾ ਹਾਲ-ਚਾਲ ਵੀ ਪੁੱਛ ਲੈਂਦੀ। ਇਸ ਨਾਲ ਥੱਕੇ ਹੋਏ ਸੁੱਖੇ ਨੂੰ ਰਾਹਤ ਮਿਲਦੀ ਤੇ ਖੁਸ਼ੀ ਵੀ।
“ਵੱਡੇ ਮੁੰਡੇ ਦੀ ਪੜ੍ਹਾਈ ਕਿਵੇਂ ਚੱਲ ਰਹੀ ਐ ਸੁੱਖੇ? ਇਸ ਵਾਰ ਤਾਂ ਉਹ ਮੈਟ੍ਰਿਕ ਦੀ ਪ੍ਰੀਖਿਆ ਦੇ ਰਿਹੈ ਨਾ?” ਇਕ ਦਿਨ ਉਹਨੇ ਸੁੱਖੇ ਨੂੰ ਪੁੱਛਿਆ।
“ਹਾਂ ਬੀਬੀ ਜੀ! ਬੜੀ ਮਿਹਨਤ ਕਰ ਰਿਹੈ। ਸਦਾ ਈ ਚੰਗੇ ਨੰਬਰਾਂ ’ਚ ਪਾਸ ਹੁੰਦਾ ਆਇਐ। ਸਕੂਲ ’ਚ ਮਾਸਟਰ ਉਹਦੀ ਬਹਤ ਵਡਿਆਈ ਕਰਦੇ ਐ।”
“ਚੰਗੀ ਗੱਲ ਐ। ਪੜ੍ਹ-ਲਿਖ ਕੇ ਨੌਕਰੀ ਲੱਗ ਗਿਆ ਤਾਂ ਅੱਗੇ ਚੱਲ ਕੇ ਤੇਰਾ ਸਹਾਰਾ ਬਣੂਂਗਾ।”
ਸੁੱਖੇ ਦਾ ਮੁੰਡਾ ਜ਼ਿਲੇ ਵਿੱਚੋਂ ਫਸਟ ਆਇਆ। ਲੋਕਾਂ ਵੱਲੋਂ ਮਿਲੀਆਂ ਵਧਾਈਆ ਕਾਰਨ ਉਹਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ।
ਮਠਿਆਈ ਦਾ ਡੱਬਾ ਲੈ ਕੇ ਸੁੱਖਾ ਰਸ਼ਮੀ ਮੈਡਮ ਦੀ ਕੋਠੀ ਦੇ ਗੇਟ ਤੇ ਪਹੁੰਚ ਗਿਆ।
“ਬੀਬੀ ਜੀ, ਮੁੰਡਾ ਜ਼ਿਲੇ ’ਚੋਂ ਫਸਟ ਆਇਐ। ਅਖਬਾਰ ’ਚ ਉਹਦੀ ਫੋਟੋ ਵੀ ਛਪੀ ਐ।” ਮਠਿਆਈ ਦਾ ਡੱਬਾ ਫੜਾਉਂਦੇ ਹੋਏ ਉਸਨੇ ਕਿਹਾ।
ਡੱਬਾ ਫਡ਼ਦੇ ਹੋਏ ਰਸ਼ਮੀ ਮੈਡਮ ਨੇ ਖੁਸ਼ੀ ਪ੍ਰਗਟਾਈ ਤੇ ਉਸਨੂੰ ਵਧਾਈ ਦਿੰਦੇ ਹੋਏ ਕਿਹਾ, “ਮੁੰਡੇ ਨੂੰ ਅੱਗੇ ਕੀ ਕਰਾਉਣ ਦਾ ਵਿਚਾਰ ਐ ਸੁੱਖੇ?”
“ਬੀਬੀ ਜੀ! ਮੈਂ ਤਾਂ ਹੁਣ ਧਾਰ ਲਈ ਐ, ਬਈ ਕੁਝ ਵੀ ਹੋ ਜੇ, ਭਾਵੇਂ ਜੱਦੀ ਜ਼ਮੀਨ ਈ ਕਿਉਂ ਨਾ ਵੇਚਣੀ ਪਵੇ, ਮੈਂ ਮੁੰਡੇ ਨੂੰ ਸਾਬ੍ਹ ਵਰਗਾ ਵੱਡਾ ਅਫਸਰ ਬਣਾਊਂਗਾ।” ਸੁੱਖੇ ਨੇ ਉਤਸ਼ਾਹਿਤ ਹੁੰਦਿਆਂ ਕਿਹਾ।
ਇਹ ਸੁਣਦੇ ਹੀ ਰਸ਼ਮੀ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆ। ਸੁੱਖੇ ਦੇ ਜਾਂਦੇ ਹੀ ਉਹਨੇ ਮਠਿਆਈ ਦਾ ਡੱਬਾ ਗੇਟ ਦੇ ਬਾਹਰ ਪਏ ਕੂੜੇਦਾਨ ਵਿਚ ਸੁੱਟ ਦਿੱਤਾ।
                                              -0-

Sunday, May 1, 2011

ਹਿੰਦੀ/ ਕੁਡ਼ੀ


ਰਤਨਾ ਮਿਸ਼ਰ

ਤਿਉਹਾਰ ਦੇ ਮੌਕੇ, ਖਚਾਖਚ ਭਰੀ ਬੱਸ ਵਿਚ ਇਸਤਰੀਆਂ ਕੇਵਲ ਦੋ ਹੀ ਸਨ। ਇਕ ਜਵਾਨ ਕੁਡ਼ੀ ਇਕ ਅਧੇਡ਼ ਆਦਮੀ ਨਾਲ ਬੈਠੀ ਉਹਦੇ ਅਭੱਦਰ ਵਿਵਹਾਰ ਨਾਲ ਪਰੇਸ਼ਾਨ ਹੋਈ ਖਿੱਝ ਰਹੀ ਸੀ। ਉਹਦੀ ਪਿੱਛੇ ਵਾਲੀ ਸੀਟ ਉੱਪਰ ਇਕ ਔਰਤ ਆਪਣੇ ਪੁੱਤਰ ਨਾਲ ਬੈਠੀ ਸੀ।
ਬੱਸ ਝਟਕੇ ਨਾਲ ਰੁਕੀ ਤਾਂ ਕੁਡ਼ੀ ਨੇ ਔਖੇ ਹੁੰਦਿਆਂ ਤਲਖ ਆਵਾਜ਼ ਵਿਚ ਨਾਲ ਦੇ ਯਾਤਰੀ ਨੂੰ ਕਿਹਾ, “ਤੁਸੀਂ ਠੀਕ ਹੋ ਕੇ ਬੈਠੋ।”
ਅੱਗੇ ਬੈਠੇ ਮੁਸਾਫਿਰ ਪਿੱਛੇ ਮੁਡ਼ ਕੇ ਕੁਡ਼ੀ ਵੱਲ ਦੇਖਣ ਲੱਗੇ। ਸਾਰਿਆਂ ਨੂੰ ਕੁਡ਼ੀ ਉੱਤੇ ਭਰਪੂਰ ਨਿਗ੍ਹਾ ਮਾਰਨ ਦਾ ਮੌਕਾ ਮਿਲ ਗਿਆ। ਕੁਡ਼ੀ ਦੇ ਪਿੱਛੇ ਬੈਠੇ ਮਾਂ-ਪੁੱਤ ਉਹਦੀ ਪਰੇਸ਼ਾਨੀ ਭਾਂਪ ਰਹੇ ਸਨ। ਅਚਾਨਕ ਮੁੰਡਾ ਉੱਠ ਖਡ਼੍ਹਾ ਹੋਇਆ।
“ਤੁਸੀਂ ਇੱਧਰ ਮੇਰੀ ਸੀਟ ਤੇ ਆਕੇ ਬੈਠ ਜਾਓ।” ਉਹਨੇ ਕੁਡ਼ੀ ਕੋਲ ਜਾਕੇ ਕਿਹਾ।
ਕੁਡ਼ੀ ਨੇ ਝੱਟ ਸੀਟ ਬਦਲ ਲਈ।
ਮੁੰਡੇ ਨੇ ਨਾਲ ਦੀ ਸਵਾਰੀ ਨੂੰ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ?”
“ਆਪਣੀ ਭੈਣ ਕੋਲੋਂ ਰੱਖਡ਼ੀ ਬਨ੍ਹਵਾਉਣ। ਉਹ ਇਲਾਹਾਬਾਦ ’ਚ ਪਡ਼੍ਹਦੀ ਐ। ਇਸ ਵੇਲੇ ਉਹ ਵੀ ਬੱਸ ’ਚ ਹੋਵੇਗੀ।”
ਕੁਡ਼ੀ ਅਚਾਨਕ ਉੱਚੀ ਆਵਾਜ਼ ਵਿਚ ਬੋਲ ਪਈ, “ਤੇ ਉਹਨੇਂ ਵੀ ਹੁਣੇ-ਹੁਣੇ ਸੀਟ ਬਦਲੀ ਹੋਣੀ ਐ।”
                                                   -0-